600 ਕਰੋੜ ਦੇ ਬੀ. ਆਰ. ਟੀ. ਐੱਸ. ਪ੍ਰਾਜੈਕਟ ਦੀ ਨਿਕਲੀ ਹਵਾ

07/07/2017 10:32:22 AM

ਅੰਮ੍ਰਿਤਸਰ - ਬੱਸ ਰੈਪਿਡ ਟਰਾਂਜ਼ਿਸਟ ਸਿਸਟਮ (ਬੀ. ਆਰ. ਟੀ. ਐੱਸ.) ਪ੍ਰਾਜੈਕਟ ਪਹਿਲੇ ਦਿਨ ਤੋਂ ਹੀ ਘਾਟੇ 'ਚ ਚੱਲ ਰਿਹਾ ਸੀ। ਸ਼ਹਿਰ ਦੇ ਸਾਰੇ ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਨੂੰ ਡੀਜ਼ਲ ਪੰਜਾਬ ਰੋਡਵੇਜ਼ ਦੇ ਡਿਪੂ ਤੋਂ ਮਿਲ ਰਿਹਾ ਹੈ, ਉਥੇ ਹੀ ਇਨ੍ਹਾਂ ਏ. ਸੀ. ਬੱਸਾਂ ਨੂੰ ਸ਼ਹਿਰ ਦੀ ਜਨਤਾ ਨੇ ਨਕਾਰ ਦਿੱਤਾ ਹੈ, ਉਪਰੋਂ ਮੰਤਰੀ ਸਿੱਧੂ ਇਨ੍ਹਾਂ ਵਿਚ ਸਿਟੀ ਬੱਸ ਨੂੰ ਚਲਾਉਣ ਦੀ ਗੱਲ ਕਰ ਰਹੇ ਹਨ। ਬੀ. ਆਰ. ਟੀ. ਐੱਸ. ਦੀਆਂ ਬੱਸਾਂ ਹੁਣ ਤੱਕ ਡੀਜ਼ਲ ਦਾ ਖਰਚ ਵੀ ਨਹੀਂ ਕੱਢ ਪਾ ਰਹੀਆਂ ਹਨ। ਪਿਛਲੇ ਮਹੀਨੇ ਇਹ ਬੱਸਾਂ ਡੀਜ਼ਲ ਦੀ ਦੇਣਦਾਰੀ ਨੂੰ ਲੈ ਕੇ ਖੜ੍ਹੀਆਂ ਰਹੀਆਂ ਸਨ, ਜਿਸ ਦੀ ਦੇਣਦਾਰੀ ਲਗਭਗ 25 ਲੱਖ ਰੁਪਏ ਦੀ ਹੋ ਗਈ ਸੀ, ਜਿਸ ਦੇ ਨਾਲ ਬੱਸਾਂ ਨੂੰ ਤੇਲ ਮਿਲਣਾ ਬੰਦ ਹੋ ਗਿਆ ਸੀ। 2 ਮਹੀਨੇ ਤੋਂ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਅਤੇ 94 ਡਰਾਈਵਰਾਂ 'ਚੋਂ ਸਿਰਫ 36 ਡਰਾਈਵਰ ਹੀ ਕੰਮ 'ਤੇ ਆ ਰਹੇ ਹਨ, ਬਾਕੀ ਸਾਰੇ ਘਰੇ ਹੀ ਬੱਸ ਚੱਲਣ ਦਾ ਇੰਤਜ਼ਾਰ ਕਰ ਰਹੇ ਹਨ।  ਡਰਾਈਵਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੂੰ ਬੀ. ਆਰ. ਟੀ. ਐੱਸ. ਵੱਲੋਂ ਕੋਈ ਆਈ. ਡੀ. ਕਾਰਡ ਨਹੀਂ ਦਿੱਤਾ ਗਿਆ। ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਸਿੰਘ ਬਾਦਲ ਦਾ ਇਹ ਡਰੀਮ ਪ੍ਰਾਜੈਕਟ ਸੀ, ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਪੂਰਾ ਜ਼ੋਰ ਲਾ ਦਿੱਤਾ ਗਿਆ ਪਰ ਉਨ੍ਹਾਂ ਦੇ ਕਾਰਜਕਾਲ ਵਿਚ ਇਹ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਵੱਲੋਂ ਇਕ ਪੜਾਅ ਦਾ ਫਰਵਰੀ 2015 ਤੋਂ ਨਿਰਧਾਰਤ ਸਮੇਂ ਤੋਂ ਕਾਫ਼ੀ ਦੇਰ ਤੋਂ ਬਾਅਦ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਲਦੀ 'ਚ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ 15 ਦਸੰਬਰ 2016 ਨੂੰ ਸ਼ੁਭ ਆਰੰਭ ਕੀਤਾ ਗਿਆ ਪਰ ਹੁਣ ਇਸ ਪ੍ਰਾਜੈਕਟ ਦੀ ਹਵਾ ਨਿਕਲ ਚੁੱਕੀ ਹੈ। ਦੂਜੇ ਕੋਰੀਡੋਰ ਵਿਚ ਫਰਵਰੀ ਮਹੀਨੇ ਨੂੰ ਸ਼ੁਰੂ ਕੀਤਾ ਗਿਆ ਪਰ ਬਾਕੀ ਕੰਮ ਸਾਰਾ ਅਧੂਰਾ ਪਿਆ ਹੋਇਆ ਹੈ ਪਰ ਹੁਣ ਲੋਕਾਂ ਨੂੰ ਇਹ ਪ੍ਰਾਜੈਕਟ ਪਸੰਦ ਨਹੀਂ ਆ ਰਿਹਾ। ਪਹਿਲੇ ਪੜਾਅ ਵਿਚ ਸ਼ੁਰੂ ਕੀਤੇ ਗਏ ਇੰਡੀਆ ਗੇਟ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਇਸ ਰੂਟ ਵਿਚ ਚੱਲ ਰਹੀ ਬੀ. ਆਰ. ਟੀ. ਐੱਸ. ਬੱਸ ਵਿਚ ਕੇਬਲ 4 ਜਾਂ 5 ਸਵਾਰੀਆਂ ਹੀ ਬੈਠੀਆਂ ਹੁੰਦੀਆਂ ਹਨ। ਇਸ ਰੂਟ ਵਿਚ 6 ਬੱਸਾਂ ਚੱਲ ਰਹੀਆਂ ਹਨ।  ਦੂਜੇ ਕੋਰੀਡੋਰ ਵੇਰਕਾ, ਮਾਲ ਰੋਡ, ਕਚਹਿਰੀ ਚੌਕ ਵਿਚ 8 ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ ਪਰ ਇਸ ਕੋਰੀਡੋਰ 'ਤੇ ਵੀ ਮੈਟਰੋ ਬੱਸ ਨੂੰ ਰਿਸਪਾਂਸ ਨਹੀਂ ਮਿਲਿਆ ਅਤੇ ਨਾ-ਮਾਤਰ ਹੀ ਸਵਾਰੀਆਂ ਹੁੰਦੀਆਂ ਹਨ। ਇਸ ਪ੍ਰਾਜੈਕਟ ਦੀ ਲਾਗਤ ਲਗਭਗ 600 ਕਰੋੜ ਰੁਪਏ ਹੈ। ਇਸ ਵਿਚ 93 ਬੱਸਾਂ ਚੱਲਣੀਆਂ ਹਨ, ਹੁਣ ਦੋਹਾਂ ਕੋਰੀਡੋਰਾਂ 'ਚ 14 ਬੱਸਾਂ ਚੱਲ ਰਹੀਆਂ ਸਨ ਅਤੇ ਬਾਕੀ ਦੀਆਂ 40 ਤੋਂ ਵੱਧ ਬੱਸਾਂ ਬੀ. ਆਰ. ਟੀ. ਐੱਸ. ਬੱਸ ਸਟੈਂਡ 'ਤੇ ਖੜ੍ਹੀਆਂ ਹਨ ਅਤੇ ਹੁਣ ਸਾਰੀਆਂ ਬੱਸਾਂ ਵੇਰਕਾ ਸਥਿਤ ਬੀ. ਆਰ. ਟੀ. ਐੱਸ. ਦੇ ਬੱਸ ਸਟੈਂਡ ਵਿਚ ਧੂੜ ਫੱਕ ਰਹੀਆਂ ਹਨ। ਬੱਸਾਂ ਵਿਚ ਤਾਂ ਏ. ਸੀ. ਲੱਗੇ ਹੋਏ ਹਨ ਪਰ ਫਿਰ ਵੀ ਲੋਕ ਇਨ੍ਹਾਂ ਵਿਚ ਬੈਠਣਾ ਪਸੰਦ ਨਹੀਂ ਕਰ ਰਹੇ। ਸਾਰਾ ਦਿਨ ਬੱਸਾਂ ਬਿਨਾਂ ਮੁਸਾਫਰਾਂ ਦੇ ਖਾਲੀ ਘੁੰਮਦੀਆਂ ਨਜ਼ਰ ਆਉਂਦੀਆਂ ਹਨ।  
ਬੱਸ ਸਟਾਪ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ

ਸ਼ਹਿਰ ਵਿਚ ਬੀ. ਆਰ. ਟੀ. ਐੱਸ. ਦੇ ਜਿੰਨੇ ਵੀ ਬੱਸ ਸਟਾਪ ਹਨ, ਸਾਰੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਸ ਸਟਾਪ 'ਤੇ ਨਾ ਤਾਂ ਬਾਥਰੂਮ, ਪੀਣ ਦਾ ਪਾਣੀ ਤੇ ਨਾ ਹੀ ਪੱਖੇ ਲੱਗੇ ਹੋਏ ਹਨ, ਜਿਸ ਨਾਲ ਉਥੇ ਮੌਜੂਦ ਕਰਮਚਾਰੀਆਂ ਦਾ ਗਰਮੀ ਵਿਚ ਬੁਰਾ ਹਾਲ ਹੋ ਜਾਂਦਾ ਹੈ। ਕਰਮਚਾਰੀਆਂ ਨੂੰ ਘਰੋਂ ਪਾਣੀ ਅਤੇ ਬਾਥਰੂਮ ਲਈ ਆਸ-ਪਾਸ ਦੇ ਹੋਟਲਾਂ-ਰੈਸਟੋਰੈਂਟਾਂ ਵਿਚ ਜਾਣਾ ਪੈਂਦਾ ਹੈ।
ਗਰਮੀਆਂ 'ਚ ਵੀ ਨਹੀਂ ਅਪਣਾ ਰਹੇ ਲੋਕ ਏ. ਸੀ. ਬੱਸ ਨੂੰ : ਜਿਵੇਂ-ਜਿਵੇਂ ਗਰਮੀਆਂ ਸ਼ੁਰੂ ਹੋਈਆਂ, ਅਧਿਕਾਰੀਆਂ ਨੂੰ ਉਮੀਦ ਸੀ ਕਿ ਲੋਕ ਬੀ. ਆਰ. ਟੀ. ਐੱਸ. ਬੱਸ ਵਿਚ ਸਫਰ ਕਰਨਾ ਸ਼ੁਰੂ ਕਰ ਦੇਣਗੇ ਪਰ ਲੋਕ ਸੜਕ ਕਰਾਸ ਕਰ ਕੇ ਬੀ. ਆਰ. ਟੀ. ਐੱਸ. ਬੱਸ ਸਟਾਪ 'ਤੇ ਨਹੀਂ ਜਾਂਦੇ ਅਤੇ ਆਟੋ ਦਾ ਸਹਾਰਾ ਲੈ ਕੇ ਸਫਰ ਕਰ ਲੈਂਦੇ ਹਨ। ਰੋਜ਼ਾਨਾ ਇਸ ਬੱਸ ਵਿਚ ਗਿਣਤੀ ਦੇ ਹੀ ਯਾਤਰੀ ਸਫਰ ਕਰਦੇ ਹਨ।
ਬ੍ਰਿਜ ਬਣਨ ਤੋਂ ਬਾਅਦ ਸ਼ੁਰੂ ਹੋਵੇਗਾ ਪ੍ਰਾਜੈਕਟ 
31 ਕਿਲੋਮੀਟਰ ਦੇ ਕੋਰੀਡੋਰ ਵਿਚ ਚੱਲਣ ਵਾਲੇ ਮੈਟਰੋ ਬੱਸ ਸਿਸਟਮ  ਤਹਿਤ ਸ਼ਹਿਰ ਵਿਚ 57 ਬੱਸ ਸਟਾਪ ਬਣਾਏ ਜਾਣ ਦਾ ਕੰਮ ਅਜੇ ਚੱਲ ਰਿਹਾ ਹੈ, ਜਿਸ ਵਿਚ ਸਟੇਸ਼ਨ 500-500 ਮੀਟਰ ਦੀ ਦੂਰੀ 'ਤੇ ਬਣਾਏ ਜਾ ਰਹੇ ਹਨ। ਵਿਸ਼ੇਸ਼ ਬੱਸ ਸਟਾਪ 'ਤੇ ਅੰਗਹੀਣਾਂ ਲਈ ਵਿਸ਼ੇਸ਼ ਰੈਂਪ ਬਣਾਇਆ ਗਿਆ ਹੈ ਅਤੇ ਵ੍ਹੀਲਚੇਅਰ ਦਾ ਪ੍ਰਬੰਧ ਵੀ ਹੈ। ਸੰਸਾਰ ਪੱਧਰੀ ਆਡੀਓ ਵਿਜ਼ੁਅਲ ਯਾਤਰੀ ਸੂਚਨਾ ਅਤੇ ਕਿਰਾਇਆ ਪ੍ਰਣਾਲੀ ਦੇ ਨਾਲ ਇਹ ਬੱਸਾਂ ਸ਼ਹਿਰ ਨੂੰ ਵੱਖ-ਵੱਖ ਹਿੱਸਿਆਂ ਨਾਲ ਆਪਸ ਵਿਚ ਜੋੜਨਗੀਆਂ। ਕੈਮਰਿਆਂ ਨਾਲ ਲੈਸ ਆਧੁਨਿਕ ਬੱਸਾਂ ਨੂੰ ਇਕ ਸੈਂਟਰਲ ਰੂਮ ਵੱਲੋਂ ਸੰਚਾਲਿਤ ਕੀਤਾ ਜਾਵੇਗਾ। ਸ਼ਹਿਰ ਵਿਚ ਹੁਣ ਤੱਕ ਬੱਸ ਸਟੈਂਡ ਤੱਕ ਇਨ੍ਹਾਂ ਬੱਸਾਂ ਦੀ ਪਹੁੰਚ ਨਹੀਂ, ਇਸ ਨੂੰ ਲੈ ਕੇ ਭੰਡਾਰੀ ਪੁਲ ਕੋਲ ਬਣਨ ਵਾਲੇ ਬ੍ਰਿਜ ਨੂੰ ਲੈ ਕੇ ਇਸ ਪ੍ਰਾਜੈਕਟ ਵਿਚ ਦੇਰ ਹੋ ਰਹੀ ਹੈ, ਜਦੋਂ ਤੱਕ ਬ੍ਰਿਜ ਨਹੀਂ ਬਣਦਾ ਤਦ ਤੱਕ ਸਾਰਾ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕੇਗਾ।  ਇਨ੍ਹਾਂ ਵਿਚ ਬੀ. ਆਰ. ਟੀ. ਐੱਸ. ਰੂਟ ਅੰਤਰਰਾਜੀ ਬੱਸ ਅੱਡਾ, ਰੇਲਵੇ ਸਟੇਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਿੱਖਿਆ ਸੰਸਥਾਵਾਂ, ਸ਼ਾਪਿੰਗ ਵਾਲੀ ਜਗ੍ਹਾ, ਵੇਰਕਾ, ਨਿਊ ਅੰਮ੍ਰਿਤਸਰ ਤੇ ਛੇਹਰਟਾ ਨੂੰ ਆਪਸ ਵਿਚ ਜੋੜੇਗਾ। ਪਹਿਲੇ ਪੜਾਅ ਵਿਚ ਇੰਡੀਆ ਗੇਟ ਤੋਂ ਰੇਲਵੇ ਸਟੇਸ਼ਨ ਦੇ ਕੋਰੀਡੋਰ ਤੱਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਦੂਜੇ ਪੜਾਅ ਵਿਚ ਬਾਈਪਾਸ ਵਿਜੇ ਨਗਰ, ਮਾਲ ਰੋਡ, ਕਿਚਲੂ ਚੌਕ, ਰੇਲਵੇ ਸਟੇਸ਼ਨ, ਵੇਰਕਾ ਟਾਊਨ ਸ਼ੁਰੂ ਹੋਇਆ ਹੈ।