ਪਟਿਆਲਾ 'ਚ ਕੋਰੋਨਾ ਦਾ ਕਹਿਰ, 6 ਹੋਰ ਨਵੇਂ ਮਾਮਲੇ ਆਏ ਸਾਹਮਣੇ

04/25/2020 2:10:37 PM

ਪਟਿਆਲਾ (ਪਰਮੀਤ) : ਰਾਜਪੁਰਾ ਸ਼ਹਿਰ 'ਚ 6 ਹੋਰ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਰਾਜਪੁਰਾ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 42 ਹੋ ਗਈ ਹੈ ਜਦਕਿ ਪਟਿਆਲਾ ਜ਼ਿਲ੍ਹੇ 'ਚ ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ 61 ਹੋ ਗਈ ਹੈ। ਦੱਸ ਦਈਏ ਕਿ ਨਵੇਂ ਆਏ 6 ਪਾਜ਼ੇਟਿਵ ਮਰੀਜ਼ ਪੁਰਾਣੇ ਆਏ ਮਰੀਜ਼ਾਂ ਦੇ ਸੰਪਰਕ 'ਚ ਸਨ, ਜਿਸ ਦੀ ਪੁਸ਼ਟੀ ਅੱਜ ਡਾ. ਹਰੀਸ਼ ਮਲਹੋਤਰਾ ਨੇ ਕੀਤੀ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਕੱਲ 21 ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 6 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 464 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 61 ਪਾਜ਼ੇਟਿਵ ਪਾਏ ਗਏ ਹਨ ਅਤੇ ਬਾਕੀ ਸਾਰੇ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਵੇਂ ਪਾਜ਼ੇਟਿਵ ਆਏ ਕੇਸਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕੀਤਾ ਜਾ ਰਿਹਾ ਹੈ।

ਪਟਿਆਲਾ 'ਚ ਡੇਂਗੂ ਦੀ ਦਸਤਕ
ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਬਿਆਨ ਵਿਚ ਦੱਸਿਆ ਗਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 17,167 ਘਰਾਂ ਵਿਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕੋਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਡਾ. ਮਲਹੋਤਰਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੇਵਲ ਇਕ ਘਰ ਵਿਚ ਹੀ ਡੇਂਗੂ ਦਾ ਲਾਰਵਾ ਪਾਇਆ ਗਿਆ।

ਇਹ ਵੀ ਪੜ੍ਹੋ : ਅਣਪਛਾਤੇ ਨੇ ਖੁਦ ਨੂੰ ਕੋਰੋਨਾ ਪਾਜ਼ੇਟਿਵ ਹੋਣ ਦਾ ਲਗਾਇਆ ਪੋਸਟਰ, ਪਿੰਡ 'ਚ ਫੈਲੀ ਦਹਿਸ਼ਤ

ਰਾਜਪੁਰਾ ਨੂੰ ਐਲਾਨਿਆ ਬਫਰ ਜ਼ੋਨ, ਲੱਗੀਆਂ ਕਈ ਪਾਬੰਦੀਆਂ
ਰਾਜਪੁਰਾ ਵਿਖੇ ਕੋਵਿਡ-19 ਦੇ ਮਿਲੇ ਤਾਜ਼ਾ ਪਾਜ਼ੇਟਿਵ ਮਾਮਲਿਆਂ ਦੇ ਮੱਦੇਨਜ਼ਰ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਬੀਤੀ ਰਾਤ ਇਕ ਅਹਿਮ ਫੈਸਲਾ ਲੈਂਦਿਆਂ ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਅੰਦਰਲੇ ਸ਼ਹਿਰ ਨੂੰ ਇਹਤਿਆਤ ਵਜੋਂ ਬਫ਼ਰ ਖੇਤਰ ਐਲਾਨਿਆ ਹੈ। ਮਿਤੀ 15 ਅਪ੍ਰੈਲ 2020 ਨੂੰ ਰਾਜਪੁਰਾ 'ਚ ਪਹਿਲਾ ਕੋਵਿਡ-19 ਦਾ ਪਹਿਲਾ ਕੇਸ ਮਿਲਣ ਮਗਰੋਂ ਅਜਿਹੇ ਮਾਮਲਿਆਂ ਦੀ ਤੇਜ਼ੀ ਨਾਲ ਵਧੀ ਗਿਣਤੀ ਦੇ ਮੱਦੇਨਜ਼ਰ ਖ਼ਤਰੇ ਵਾਲੀ ਸਥਿਤੀ ਨੂੰ ਭਾਪਦਿਆਂ ਸਿਹਤ ਵਿਭਾਗ ਵੱਲੋਂ ਰਾਜਪੁਰਾ 'ਚ ਕੋਵਿਡ-19 ਪਾਜ਼ੇਟਿਵ ਮਾਮਲਿਆਂ ਦੇ ਅਗਲੇ ਸੰਪਰਕਾਂ ਦਾ ਪਤਾ ਲਗਾਉਣ ਲਈ ਰਾਜਪੁਰਾ ਦੇ ਹਰ ਵਸਨੀਕ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਸਬੰਧੀਂ ਸਕਰੀਨਿੰਗ ਵੀ ਸ਼ੁਰੂ ਕੀਤੀ ਸੀ। ਸੋਧੀ ਹੋਈ ਰੋਗ ਗ੍ਰਸਤ ਇਲਾਕਾ ਨੀਤੀ ਮੁਤਾਬਕ ਰਾਜਪੁਰਾ ਦੇ ਤਿੰਨ ਇਲਾਕਿਆਂ ਨੂੰ ਰੋਗ ਗ੍ਰਸਤ ਖੇਤਰ ਪਹਿਲਾਂ ਹੀ ਐਲਾਨਿਆ ਹੋਇਆ ਹੈ ਪਰ ਹੁਣ ਜ਼ਿਲ੍ਹਾ ਮੈਜਿਸਟਰੇਟ ਨੇ ਇਹਤਿਆਤ ਵਜੋਂ ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਦੇ ਅੰਦਰਲੇ ਪੂਰੇ ਸ਼ਹਿਰ ਨੂੰ ਬਫ਼ਰ ਖੇਤਰ ਐਲਾਨ ਕੇ ਸੀਲ ਕਰਨ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਰਾਜਪੁਰਾ ਨੂੰ ਐਲਾਨਿਆ ਬਫਰ ਜ਼ੋਨ, ਲੱਗੀਆਂ ਕਈ ਪਾਬੰਦੀਆਂ

 

ਜ਼ਿਲਾ ਮੈਜਿਸਟਰੇਟ ਦੇ ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ ਅਗਲੇ ਹੁਕਮਾਂ ਤੱਕ ਰਾਜਪੁਰਾ ਵਿਚੋਂ ਨਾ ਕੋਈ ਵਿਅਕਤੀ ਸ਼ਹਿਰ ਤੋਂ ਬਾਹਰ ਜਾ ਸਕੇਗਾ ਅਤੇ ਨਾ ਹੀ ਕੋਈ ਰਾਜਪੁਰਾ ਦੇ ਅੰਦਰ ਦਾਖਲ ਹੋ ਸਕੇਗਾ। ਸਥਾਨਕ ਵਸਨੀਕਾਂ ਨੂੰ ਰੋਜ਼ਾਨਾ ਲੋੜੀਂਦੀਆਂ ਜਰੂਰੀ ਵਸਤਾਂ ਦੀ ਸਪਲਾਈ ਐੱਸ.ਡੀ.ਐਮ. ਰਾਜਪੁਰਾ ਟੀ. ਬੈਨਿਥ ਦੀ ਨਿਗਰਾਨੀ ਹੇਠ ਨਗਰ ਕੌਂਸਲ ਰਾਜਪੁਰਾ ਵੱਲੋਂ ਮੁਹੱਈਆ ਕਰਵਾਈ ਜਾਵੇਗੀ।

 

Anuradha

This news is Content Editor Anuradha