ਭਗੌੜੇ ਐਲਾਨੇ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ

07/19/2017 11:30:57 AM

ਹੁਸ਼ਿਆਰਪੁਰ(ਅਸ਼ਵਨੀ)— ਜ਼ਿਲਾ ਪੁਲਸ ਵਲੋਂ ਭਗੌੜੇ ਐਲਾਨੇ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਸਿਲਸਿਲਾ ਜਾਰੀ ਰੱਖਦਿਆਂ ਪੁਲਸ ਨੇ 6 ਹੋਰ ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਸ ਨੇ 19 ਦਸੰਬਰ 2015 ਨੂੰ ਜਬਰ-ਜ਼ਨਾਹ ਅਤੇ ਛੇੜਛਾੜ ਦੀ ਘਟਨਾ ਦੇ ਸਬੰਧ 'ਚ ਧਾਰਾ 376, 506, 354 ਤੇ ਪ੍ਰੀਵੈਨਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਅਫੈਂਸਿਜ਼ ਐਕਟ 2012 ਤਹਿਤ ਦਰਜ ਕੇਸ ਵਿਚ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ ਅਦਾਲਤ ਨੇ ਸੀ. ਆਰ. ਪੀ. ਸੀ. ਦੀ ਧਾਰਾ 82, 83 ਤਹਿਤ ਭਗੌੜਾ ਐਲਾਨ ਦਿੱਤਾ ਸੀ। 
ਐੱਸ. ਐੱਸ. ਪੀ. ਅਨੁਸਾਰ ਥਾਣਾ ਬੁਲ੍ਹੋਵਾਲ ਦੀ ਪੁਲਸ ਨੇ 26 ਫਰਵਰੀ 2016 ਨੂੰ ਦਰਜ ਕੇਸ ਵਿਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਭਗੌੜਿਆਂ ਸਤਪਾਲ ਸਿੰਘ ਉਰਫ ਪੱਪੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕੋਟਲੀ ਸ਼ੇਖਾਂ ਥਾਣਾ ਭੋਗਪੁਰ ਜ਼ਿਲਾ ਜਲੰਧਰ ਹਾਲ ਵਾਸੀ ਨੰਦਾਚੌਰ ਅਤੇ ਗੁਲਸ਼ਨ ਕੁਮਾਰ ਉਰਫ ਕਾਲੂ ਪੁੱਤਰ ਕੇਵਲ ਰਾਮ ਨੂੰ ਅਦਾਲਤ ਨੇ ਸੀ. ਆਰ. ਪੀ. ਸੀ. ਦੀ ਧਾਰਾ 299 ਤਹਿਤ ਭਗੌੜਾ ਐਲਾਨ ਦਿੱਤਾ ਸੀ। 
ਸੀ. ਆਈ. ਏ. ਸਟਾਫ਼ ਹੈੱਡ ਕੁਆਰਟਰ ਦੇ ਮੁਲਾਜ਼ਮਾਂ ਨੇ 18 ਜੁਲਾਈ 2000 ਨੂੰ ਲੜਾਈ-ਝਗੜੇ ਦੀ ਇਕ ਘਟਨਾ ਦੇ ਸਬੰਧ ਵਿਚ ਧਾਰਾ 323, 341, 148 ਅਤੇ 149 ਤਹਿਤ ਦਰਜ ਕੇਸ ਵਿਚ ਅਕਾਲਜੋਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨਡਾਲੋਂ ਥਾਣਾ ਮੇਹਟੀਆਣਾ ਹਾਲ ਵਾਸੀ ਪਿੰਡ ਕਾਲਰਾ ਆਦਮਪੁਰ ਨੂੰ ਗ੍ਰਿਫਤਾਰ ਕੀਤਾ ਹੈ। ਸੀ. ਆਈ. ਏ. ਸਟਾਫ ਦਸੂਹਾ ਦੇ ਕਰਮਚਾਰੀਆਂ ਨੇ ਸਾਲ 2008 ਵਿਚ ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ 'ਚ ਲੋੜੀਂਦੇ ਕੁਲਦੀਪ ਸਿੰਘ ਪੁੱਤਰ ਧੰਨਾ ਰਾਮ ਵਾਸੀ ਪਿੰਡ ਖਰਕਬਲਾਰਾ ਥਾਣਾ ਮੁਕੇਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸਿਟੀ ਪੁਲਸ ਨੇ ਝਗੜੇ ਦੀ ਘਟਨਾ ਦੇ ਸਬੰਧ 'ਚ ਅਕਸ਼ੈ ਕੁਮਾਰ ਨੂੰ 22 ਅਗਸਤ 2014 ਨੂੰ ਦਰਜ ਕੇਸ 'ਚ ਗ੍ਰਿਫਤਾਰ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਮੁਖੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਏ. ਐੱਸ. ਆਈ. ਅਵਤਾਰ ਸਿੰਘ ਅਤੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰਕੇ ਇਕ ਭਗੌੜੇ ਦੋਸ਼ੀ ਦਿਲਰਾਜ ਸਿੰਘ ਪੁੱਤਰ ਬਾਜ ਸਿੰਘ ਵਾਸੀ ਨੰਗਲ ਵੰਜਾ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਐੱਫ. ਆਈ. ਆਰ. ਨੰ. 103, 22.8.2013 ਅਧੀਨ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਇਸ ਭਗੌੜੇ ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।