ਚੁੱਲ੍ਹੇ-ਚੌਂਕੇ ਤੱਕ ਸੀਮਤ ਹੋ ਗਿਐ ਸਰਹੱਦੀ ਸੁਆਣੀਆਂ ਦਾ ਸੰਸਾਰ

01/24/2020 3:48:54 PM

ਜਲੰਧਰ (ਜੁਗਿੰਦਰ ਸੰਧੂ): ਜ਼ਿੰਦਗੀ ਦੁਆਲੇ ਜਦੋਂ ਮਜਬੂਰੀਆਂ ਅਤੇ ਪਾਬੰਦੀਆਂ ਦੀਆਂ ਵਲਗਣਾਂ ਉੱਸਰ ਜਾਣ ਤਾਂ ਇਨਸਾਨ ਦੀਆਂ ਰੀਝਾਂ, ਚਾਵਾਂ ਅਤੇ ਸੁਪਨਿਆਂ ਦਾ ਦਮ ਘੁੱਟਣ ਲਗਦਾ ਹੈ, ਜਿਵੇਂ ਖੰਭ-ਕੁਤਰੇ ਪੰਛੀ ਵਾਂਗ ਉਸ ਨੂੰ ਪਿੰਜਰੇ 'ਚ ਡੱਕ ਦਿੱਤਾ ਗਿਆ ਹੋਵੇ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤੀ ਖੇਤਰਾਂ 'ਚ ਰਹਿਣ ਵਾਲੀਆਂ ਔਰਤਾਂ ਦੇ ਮੁਕੱਦਰ ਵੀ ਅਜਿਹਾ ਹੀ ਮੋੜ ਕੱਟ ਗਏ ਹਨ, ਜਿਥੇ ਉਨ੍ਹਾਂ ਦਾ ਸੰਸਾਰ ਚੁੱਲ੍ਹੇ-ਚੌਂਕੇ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੇ ਘਰ 'ਚ ਰਿੱਝਦਾ-ਪੱਕਦਾ ਕੀ ਹੈ, ਇਹ ਤਾਂ ਉਹੀ ਜਾਣਦੀਆਂ ਹਨ ਪਰ ਉਨ੍ਹਾਂ ਦੇ ਪੈਰਾਂ ਨੂੰ ਚੌਂਕੇ ਦੀ ਪਰਿਕਰਮਾ ਤੋਂ ਅਗਲੀ ਦਿਸ਼ਾ ਘੱਟ ਹੀ ਮਿਲਦੀ ਹੈ।

ਗੋਲੀਬਾਰੀ ਅਤੇ ਅੱਤਵਾਦ ਨੇ ਸਰਹੱਦੀ ਔਰਤਾਂ ਨੂੰ ਅਜਿਹੇ ਜ਼ਖਮ ਲਾਏ ਹਨ, ਜਿਹੜੇ ਇਲਾਜ ਦੀ ਘਾਟ ਕਾਰਣ ਨਾਸੂਰ ਬਣਦੇ ਜਾ ਰਹੇ ਨੇ। ਜਿਨ੍ਹਾਂ ਸੁਆਣੀਆਂ ਦੇ ਸਿਰ ਦਾ ਸਾਈਂ ਨਹੀਂ ਰਿਹਾ, ਉਨ੍ਹਾਂ ਦੇ ਜੀਵਨ 'ਚ ਅਜਿਹਾ ਹਨ੍ਹੇਰਾ ਪੱਸਰਿਆ ਹੈ, ਜਿਸ ਤਕ ਚਾਨਣ ਦੀ ਕੋਈ ਕਿਰਨ ਪੁੱਜਣੀ ਅਸੰਭਵ ਜਾਪਦੀ ਹੈ। ਉਹ ਆਜ਼ਾਦੀ ਨਾਲ ਕਿਤੇ ਜਾ ਵੀ ਨਹੀਂ ਸਕਦੀਆਂ। ਕਿਸੇ ਅਣਹੋਣੀ ਦੇ ਡਰ ਅਤੇ ਗੋਲੀਬਾਰੀ ਦੀ ਦਹਿਸ਼ਤ ਕਾਰਣ ਕਿਸਾਨ ਆਪਣੇ ਖੇਤਾਂ 'ਚ ਜਾਂ ਹੋਰ ਕੰਮ ਧੰਦਿਆਂ ਲਈ ਨਹੀਂ ਜਾ ਸਕਦੇ। ਉਨ੍ਹਾਂ ਨੂੰ ਹਰ ਵੇਲੇ ਆਪਣੀ ਜਾਨ ਬਚਾਉਣ ਅਤੇ ਦੋ-ਵੇਲਿਆਂ ਦੀ ਰੋਟੀ ਦਾ ਪ੍ਰਬੰਧ ਕਰਨ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਅਜਿਹੇ ਪ੍ਰਭਾਵਿਤ ਅਤੇ ਲੋੜਵੰਦ ਪਰਿਵਾਰਾਂ ਨੂੰ ਆਰ. ਐੱਸ. ਪੁਰਾ ਸੈਕਟਰ ਦੇ ਪਿੰਡ ਕਮੋਰ ਕੈਂਪ ਵਿਚ 551ਵੇਂ ਟਰੱਕ ਦੀ ਸਮੱਗਰੀ ਵੰਡੀ ਗਈ, ਜੋ ਕਿ  1008 ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਦੇ ਆਸ਼ੀਰਵਾਦ ਸਦਕਾ ਦਰਬਾਰ ਬਾਵਾ ਲਾਲ ਦਿਆਲ ਜੀ ਧਿਆਨਪੁਰ (ਬਟਾਲਾ) ਤੋਂ ਭਿਜਵਾਈ ਗਈ ਸੀ। ਇਸ ਮੌਕੇ 'ਤੇ 300 ਦੇ ਕਰੀਬ ਪਰਿਵਾਰਾਂ ਨੂੰ ਚਾਵਲ, ਕੰਬਲ, ਬਰਤਨ ਅਤੇ ਕੱਪੜੇ ਵੰਡੇ ਗਏ।

ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਬੀ. ਐੱਸ. ਐੱਫ. ਦੇ ਕਮਾਂਡੈਂਟ ਐੱਸ. ਐੱਸ. ਸਿਰੋਹੀ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਗੈਰ ਫੋਰਸ ਕੁਝ ਨਹੀਂ ਕਰ ਸਕਦੀ। ਦੁਸ਼ਮਣ ਨਾਲ ਲੜਾਈ ਸਮੇਂ ਆਮ ਲੋਕ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਲੋਕਾਂ ਦੇ ਸਾਥ ਤੋਂ ਬਿਨਾਂ ਕੋਈ ਵੀ ਫੋਰਸ ਆਪਣੇ ਮਕਸਦ 'ਚ ਕਾਮਯਾਬ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਫੋਰਸ ਲੋਕਾਂ ਦੀ ਸੁਰੱਖਿਆ ਵਾਸਤੇ ਹੈ, ਇਸ ਲਈ ਜਨਤਾ ਦੀ ਹਰ ਹਾਲ ਰਖਵਾਲੀ ਯਕੀਨੀ ਬਣਾਈ ਜਾਏਗੀ।
ਸ਼੍ਰੀ ਸਿਰੋਹੀ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਪੁਰਸ਼ ਹੀ ਨਹੀਂ, ਔਰਤਾਂ ਵੀ ਬਹੁਤ ਬਹਾਦਰ ਹਨ, ਜਿਹੜੀਆਂ ਗੋਲੀਬਾਰੀ ਦੇ ਬਾਵਜੂਦ ਆਪਣੇ ਘਰਾਂ 'ਚ ਬੈਠੀਆਂ ਰਹਿੰਦੀਆਂ ਅਤੇ ਆਪਣੇ ਪਰਿਵਾਰ ਪਾਲਦੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਹੱਦੀ ਖੇਤਰ 'ਚ ਸ਼ੱਕੀ ਸਰਗਰਮੀਆਂ ਦਿਖਾਈ ਦੇਣ ਜਾਂ ਕੋਈ ਗੜਬੜ ਲੱਗੇ ਤਾਂ ਤੁਰੰਤ ਸੁਰੱਖਿਆ ਫੋਰਸਾਂ ਨੂੰ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਲਈ ਸਮੱਗਰੀ ਭਿਜਵਾਉਣ ਵਾਸਤੇ ਪੰਜਾਬ ਕੇਸਰੀ ਪੱਤਰ ਸਮੂਹ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

ਖੇਤਰ ਦੇ ਸਮਾਜ ਸੇਵੀ ਆਗੂ ਸ਼੍ਰੀ ਸ਼ਿਵ ਚੌਧਰੀ ਨੇ ਇਸ ਮੌਕੇ 'ਤੇ ਕਿਹਾ ਿਕ ਸਰਹੱਦੀ ਲੋਕਾਂ ਦੇ ਹਾਲਾਤ ਬਾਰੇ ਰੋਜ਼ਾਨਾ ਖਬਰਾਂ ਛਪਦੀਆਂ ਹਨ, ਗੋਲੀਆਂ ਨਾਲ ਛਲਣੀ ਘਰ ਵੀ ਚੈਨਲਾਂ 'ਤੇ ਦਿਖਾਏ ਜਾਂਦੇ ਹਨ ਪਰ ਕੋਈ ਵੀ ਸੰਸਥਾ ਪੀੜਤਾਂ ਦੀ ਮਦਦ ਲਈ ਨਹੀਂ ਪੁੱਜੀ। ਸਿਰਫ ਪੰਜਾਬ ਕੇਸਰੀ ਪਰਿਵਾਰ ਹੀ 20 ਸਾਲਾਂ ਤੋਂ ਜੰਮੂ- ਕਸ਼ਮੀਰ ਦੇ ਲੋੜਵੰਦਾਂ ਲਈ ਰਾਸ਼ਨ ਸਮੱਗਰੀ ਦੇ ਟਰੱਕ ਭਿਜਵਾ ਰਿਹਾ ਹੈ। ਇਥੋਂ ਤਕ ਕਿ ਪ੍ਰਸ਼ਾਸਨ ਨੇ ਵੀ ਲੋਕਾਂ ਦਾ ਦੁੱਖ-ਸੁੱਖ ਨਹੀਂ ਵੰਡਾਇਆ।

ਅੱਜ ਵੀ ਚੱਲ ਰਹੇ ਨੇ ਸ਼ਰਨਾਰਥੀਆਂ ਦੇ ਕੈਂਪ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਿਕ ਅੱਤਵਾਦ ਦੇ ਖਤਰੇ ਅਤੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਕਾਰਣ ਆਪਣੇ ਘਰਾਂ 'ਚੋਂ ਪਲਾਇਨ ਕਰਨ ਵਾਲੇ ਅਨੇਕਾਂ ਪਰਿਵਾਰਾਂ ਨੂੰ ਅੱਜ ਵੀ ਸ਼ਰਨਾਰਥੀ ਕੈਂਪਾਂ 'ਚ ਰੁਲਣਾ ਪੈ ਰਿਹਾ ਹੈ। ਕੁਝ ਲੋਕਾਂ ਨੂੰ ਤਾਂ ਪੱਕੇ ਤੌਰ 'ਤੇ ਆਪਣੇ ਘਰ-ਘਾਟ ਛੱਡਣੇ ਪੈ ਗਏ, ਿਜਨ੍ਹਾਂ ਵਿਚ ਕਸ਼ਮੀਰੀ ਪੰਡਤਾਂ ਦੇ ਪਰਿਵਾਰ ਵੀ ਸ਼ਾਮਲ ਹਨ। ਇਨ੍ਹਾਂ ਪਰਿਵਾਰਾਂ ਦਾ ਸਥਾਈ ਵਸੇਬਾ ਯਕੀਨੀ ਨਹੀਂ ਬਣਾਇਆ ਜਾ ਸਕਿਆ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੀ ਧਰਤੀ 'ਤੇ ਅੱਤਵਾਦੀਆਂ ਦੇ ਸਿਖਲਾਈ ਕੈਂਪ ਚੱਲ ਰਹੇ ਹਨ, ਜਿਥੋਂ ਉਹ ਜੰਮੂ-ਕਸ਼ਮੀਰ ਦੇ ਵੱਖ-ਵੱਖ ਖੇਤਰਾਂ 'ਚ ਘੁਸਪੈਠ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਸਰਹੱਦ ਪਾਰ ਤੋਂ ਗੋਲੀਬਾਰੀ ਵੀ ਅਕਸਰ ਹੁੰਦੀ ਰਹਿੰਦੀ ਹੈ। ਇਨ੍ਹਾਂ ਦੋਹਾਂ ਖਤਰਿਆਂ ਨੇ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਅਧੀਨ ਸੂਬੇ ਦੇ ਹਜ਼ਾਰਾਂ ਲੋਕਾਂ ਤਕ ਸਮੱਗਰੀ ਪਹੁੰਚਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਪੀੜਤਾਂ ਦੇ ਜ਼ਖਮ ਨਹੀਂ ਭਰ ਜਾਂਦੇ, ਸੇਵਾ ਦਾ ਇਹ ਕਾਫਿਲਾ ਚੱਲਦਾ ਰਹੇਗਾ।

ਪੈਸੇ ਵਾਲਾ ਹਰ ਵਿਅਕਤੀ ਦਾਨੀ ਨਹੀਂ ਹੁੰਦਾ : ਸਰਬਜੀਤ ਜੌਹਲ
ਰਾਮਗੜ੍ਹ ਖੇਤਰ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਰਾਹਤ ਸਮੱਗਰੀ ਭਿਜਵਾਉਣ ਵਾਲੇ ਦਾਨਵੀਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਾਰ ਵਿਚ ਬਹੁਤ ਲੋਕ ਕਰੋੜਾਂ-ਅਰਬਾਂ ਦੇ ਮਾਲਕ ਹਨ ਪਰ ਉਨ੍ਹਾਂ ਦੇ ਹੱਥ ਦਾਨ ਦੇਣ ਲਈ ਇਸ ਕਾਰਣ ਅੱਗੇ ਨਹੀਂ ਵਧਦੇ ਕਿਉਂਕਿ ਉਹ ਦਿਲ ਦੇ ਅਮੀਰ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪੈਸੇ ਵਾਲਾ ਹਰ ਵਿਅਕਤੀ ਇਸ ਕਰਕੇ ਦਾਨੀ ਨਹੀਂ ਹੁੰਦਾ ਕਿਉਂਕਿ ਉਸ ਕੋਲ ਦੂਜਿਆਂ ਦੀ ਮਦਦ ਕਰਨ ਅਤੇ ਦੁੱਖ ਵੰਡਾਉਣ ਦੀ ਇੱਛਾ-ਸ਼ਕਤੀ ਨਹੀਂ ਹੁੰਦੀ।

ਸ. ਜੌਹਲ ਨੇ ਕਿਹਾ ਕਿ ਕਈ ਵਾਰ ਆਰਥਕ ਪੱਖੋਂ ਕਮਜ਼ੋਰ ਵਿਅਕਤੀ ਵੀ ਕਿਸੇ ਦੀ ਸਹਾਇਤਾ ਲਈ ਯਤਨ ਕਰ ਦਿੰਦਾ ਹੈ, ਕਿਉਂਕਿ ਉਹ ਦਿਲ ਦਾ ਅਮੀਰ ਹੁੰਦਾ ਹੈ। ਜੇਕਰ ਭਾਰਤ ਦੇ ਸਮਰੱਥ ਅਤੇ ਪੈਸੇ ਵਾਲੇ ਲੋਕ ਚਾਹੁਣ ਤਾਂ ਪੀੜਤ ਪਰਿਵਾਰਾਂ ਅਤੇ ਲੋੜਵੰਦਾਂ ਦੇ ਜੀਵਨ ਵਿਚ ਭਾਰੀ ਸੁਧਾਰ ਆ ਸਕਦਾ ਹੈ ਪਰ ਇਹ ਸਿਹਰਾ ਸਿਰਫ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੂੰ ਹੀ ਜਾਂਦਾ ਹੈ, ਜਿਹੜੇ ਸਮਾਜ ਸੇਵਾ ਲਈ ਪ੍ਰਤੀਬੱਧ ਹਨ ਅਤੇ ਅੱਜ ਹਜ਼ਾਰਾਂ ਪਰਿਵਾਰਾਂ ਨੂੰ ਸਹਾਰਾ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰਾਹਤ ਮੁਹਿੰਮ ਵਿਚ ਦਰਬਾਰ ਬਾਵਾ ਲਾਲ ਦਿਆਲ ਜੀ ਧਿਆਨਪੁਰ (ਬਟਾਲਾ) ਦੇ ਮੌਜੂਦਾ ਗੱਦੀਨਸ਼ੀਨ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਨੇ ਵੀ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ।

ਰਾਹਤ ਵੰਡ ਆਯੋਜਨ ਦੇ ਮੌਕੇ 'ਤੇ ਧਿਆਨਪੁਰ ਤੋਂ ਮੁੱਖ ਸੇਵਾਦਾਰ ਸ਼੍ਰੀ ਜਗਦੀਸ਼ ਜੀ, ਸਰਬਜੀਤ ਸਿੰਘ ਲਾਡੀ, ਬਲਵਿੰਦਰ ਪਾਲ ਸਿੰਘ, ਪ੍ਰਵੇਸ਼ ਸ਼ਰਮਾ, ਰਿੰਕੂ, ਸੁਰਿੰਦਰ ਪਾਲ, ਜਗਦੀਸ਼ ਕੁਮਾਰ, ਗਰੀਬ ਦਾਸ ਜੀ, ਕਮੋਰ ਕੈਂਪ ਦੀ ਪੰਚ ਵੀਨਾ ਦੇਵੀ, ਟਿੰਕੂ ਚੌਧਰੀ, ਨਾਇਬ ਸਰਪੰਚ ਪ੍ਰਵੀਨ ਕੁਮਾਰ, ਰਾਕੇਸ਼ ਚੌਧਰੀ ਅਤੇ ਸੁਰਿੰਦਰ ਚੌਧਰੀ ਵੀ ਮੌਜੂਦ ਸਨ।

ਇਲਾਜ ਦੀ ਘਾਟ 'ਚ ਦਮ ਤੋੜ ਗਿਆ ਪ੍ਰੀਤੋ ਦੇਵੀ ਦਾ ਪਤੀ
ਕਮੋਰ ਕੈਂਪ 'ਚ ਰਾਹਤ ਸਮੱਗਰੀ ਲੈਣ ਆਈ ਵਿਧਵਾ ਪ੍ਰੀਤੋ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦੇ ਪਹਾੜ ਡਿੱਗ ਪਏ ਜਦੋਂ ਉਸ ਦਾ ਪਤੀ ਪ੍ਰਕਾਸ਼ ਚੰਦ ਡੇਢ ਸਾਲ ਪਹਿਲਾਂ, ਥੋੜ੍ਹਾ ਚਿਰ ਬੀਮਾਰ ਰਹਿਣ ਪਿੱਛੋਂ, ਸਵਰਗਵਾਸ ਹੋ ਗਿਆ। ਗਰੀਬੀ ਦੀ ਮਾਰ ਸਹਿਣ ਕਰ ਰਿਹਾ ਪਰਿਵਾਰ ਉਸ ਦਾ ਢੁਕਵਾਂ ਇਲਾਜ ਨਹੀਂ ਕਰਵਾ ਸਕਿਆ। ਵਿਧਵਾ ਪ੍ਰੀਤੋ ਨੂੰ ਚਿੰਤਾ ਹੈ ਦੋ ਲੜਕੀਆਂ ਦੀ ਕਿ ਆਖਿਰ ਉਹ ਉਨ੍ਹਾਂ ਦੀ ਸ਼ਾਦੀ ਕਿਵੇਂ ਕਰੇਗੀ। ਉਨ੍ਹਾਂ ਕੋਲ ਤਾਂ ਖਾਣ ਲਈ ਰੋਟੀ ਵੀ ਨਹੀਂ। ਅਜਿਹੇ ਪਰਿਵਾਰਾਂ ਦੀ ਮਦਦ ਲਈ ਸਰਕਾਰ ਵੀ ਅੱਗੇ ਨਹੀਂ ਆਉਂਦੀ। ਉਸ ਨੇ ਰਾਹਤ ਸਮੱਗਰੀ ਮਿਲਣ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ 'ਸਾਡੇ ਲਈ ਇਹ ਸਹਾਰਾ ਵੀ ਬਹੁਤ ਹੈ।

Shyna

This news is Content Editor Shyna