ਸਿਆਸੀ ਸਟੇਜਾਂ ਦੇ ਰੌਲੇ ’ਚ ਘਿਰਿਆ ‘550ਵਾਂ ਪ੍ਰਕਾਸ਼ ਪੁਰਬ’

11/01/2019 8:04:55 PM

ਜਗ ਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਿਚ ਭਾਵੇਂ ਕਿ ਅੱਜ 11 ਦਿਨ ਹੀ ਬਾਕੀ ਰਹਿ ਗਏ ਹਨ ਪਰ ਸਾਂਝੀਆਂ ਅਤੇ ਮੁੱਖ ਸਟੇਜਾਂ ਦੇ ਰੌਲੇ ਮੁਕਣ ਦਾ ਨਾਂ ਨਹੀਂ ਲੈ ਰਹੇ। ਸਭ ਤੋਂ ਪਹਿਲਾਂ ਇਹ ਰੌਲਾ ਗੁਰਦੁਆਰਾ ਸੁਲਤਾਨਪੁਰ ਲੋਧੀ ਦੀ ਸਾਂਝੀ ਸਟੇਜ ਨੂੰ ਲੈ ਕੇ ਸ਼ੁਰੂ ਹੋਇਆ ਸੀ। ਸੁਲਤਾਨਪੁਰ ਲੋਧੀ ਵਿਚ ਜਿੱਥੇ ਪੰਜਾਬ ਸਰਕਾਰ ਆਪਣੀ ਸਟੇਜ ਨੂੰ ਮੁੱਖ ਸਟੇਜ ਵਜੋਂ ਉਭਾਰ ਕੇ ਸਿਆਸੀ ਲਾਹਾ ਲੈਣ ਦੇ ਚੱਕਰ ਵਿਚ ਸੀ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਸ ਦੇ ਵਿਰੋਧ ਵਿਚ ਸੀ ਅਤੇ ਆਪਣੀ ਸਟੇਜ ਨੂੰ ਮੁੱਖ ਦਰਸਾ ਕੇ ਸਾਰੇ ਸਮਾਗਮਾਂ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਦਾ ਕਾਂਗਰਸੀ ਆਗੂਆਂ ਕੋਲ ਇਹ ਉੱਤਰ ਸੀ ਕਿ ਉਨ੍ਹਾਂ ਦਾ ਵਿਰੋਧ ਅਕਾਲੀ ਦਲ ਦੀ ਸਿਆਸਤ ਤੋਂ ਪ੍ਰੇਰਿਤ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ’ਤੇ ਅਕਾਲੀ ਦਲ ਦਾ ਹੁਕਮ ਵਜਾਉਣ ਦੇ ਪਿਛਲੇ ਲੰਮੇ ਸਮੇਂ ਤੋਂ ਹੀ ਦੋਸ਼ ਲੱਗਦੇ ਆ ਰਹੇ ਹਨ। ਇਸ ਰੌਲੇ ਨੂੰ ਸੁਲਝਾਉਣ ਲਈ ਇਕ ਸਾਂਝੀ ਸਟੇਜ ਲਗਾਉਣ ਲਈ ਤਾਲਮੇਲ ਕਮੇਟੀ ਦਾ ਵੀ ਗਠਨ ਕੀਤਾ ਗਿਆ ਪਰ ਉਹ ਵੀ ਇਸ ਮਸਲੇ ਨੂੰ ਹੱਲ ਨਾ ਕਰਵਾ ਸਕੀ। ਇਹ ਮਾਮਲਾ ਕਿਸੇ ਸਹਿਮਤੀ ਭਰੇ ਨਤੀਜੇ ’ਤੇ ਪੁੱਜਣ ਤੋਂ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਹੋਰਨਾਂ ਜਥੇਬੰਦੀਆਂ ਨੂੰ ਲਾਂਭੇ ਕਰਦੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੀ ਸਟੇਜ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ। ਇਸ ਦੇ ਨਾਲ-ਨਾਲ ਉਨ੍ਹਾਂ ਹੋਰ ਲੱਗਣ ਵਾਲੀਆਂ ਸਟੇਜਾਂ 'ਤੇ ਕਿਸੇ ਵੀ ਤਰ੍ਹਾਂ ਦੀ ਰਾਜਸੀ ਗੱਲਬਾਤ ਕਰਨ ਤੋਂ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ। ਇਨ੍ਹਾਂ ਹੁਕਮਾਂ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਆਪਣੀ ਵੱਖਰੀ ਸਟੇਜ ਲਗਾਉਣ ਲਈ ਪੱਬਾਂ-ਭਾਰ ਹੋ ਗਈ, ਉੱਥੇ ਹੋਰ ਪੰਥਕ ਧਿਰਾਂ ਨੇ ਵੀ ਵੱਖਰੀ ਸਟੇਜ ਲਾ ਕੇ ਆਪਣਾ-ਆਪਣਾ ਰਾਗ ਅਲਾਪਣ ਦਾ ਐਲਾਨ ਕਰ ਦਿੱਤਾ।   
ਇਹ ਮਾਮਲਾ ਅਜੇ ਚਰਚਾ ਵਿਚ ਹੀ ਸੀ ਕਿ ਕੇਂਦਰ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਵਿਚ ਵੱਖਰੀ ਸਟੇਜ ਲਗਾਉਣ ਦਾ ਮਾਮਲਾ ਭਖ ਗਿਆ। ਮੀਡੀਆ ਵਿਚ ਰਿਪੋਰਟਾਂ ਛਪੀਆਂ ਕਿ ਉਦਘਾਟਨ ਸਮਾਗਮਾਂ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖਰੀ ਸਟੇਜ ਤੋਂ ਸੰਬੋਧਨ ਕਰਨਗੇ। ਇੱਥੇ ਹੈਰਾਨੀ ਦੀ ਗੱਲ ਇਹ ਸੀ ਕਿ ਪੰਜਾਬ ਸਰਕਾਰ ਨੂੰ ਇਸ ਬਾਬਤ ਕੋਈ ਜਾਣਕਾਰੀ ਨਹੀਂ ਸੀ। ਇਸ ਤੋਂ ਬਾਅਦ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ, ਜਿਸ ਵਿਚ ਰੋਸ ਪ੍ਰਗਟ ਕੀਤਾ ਗਿਆ ਕਿ ਕੇਂਦਰ ਨੇ ਵੱਖਰੀ ਸਟੇਜ ਦਾ ਫੈਸਲਾ ਉਸ ਮੌਕੇ ਲਿਆ ਹੈ, ਜਦੋਂ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੇ ਲਾਈ ਜਾ ਰਹੀ ਸਟੇਜ ਅਤੇ ਪੰਡਾਲ ਦਾ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਰੰਧਾਵਾ ਨੇ ਇਸ ਨੂੰ ਕੇਂਦਰ ਸਰਕਾਰ ਦੀ ਹੋਛੀ ਸਿਆਸਤ ਦੱਸਿਆ। 
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਆਪੋ-ਆਪਣੀਆਂ ਸਟੇਜਾਂ ਲਗਾਉਣ ਨੂੰ ਐਨੀ ਤਰਜ਼ੀਹ ਅਤੇ ਤੂਲ ਕਿਉਂ ਦਿੱਤੀ ਜਾ ਰਹੀ ਹੈ?  ਇਨ੍ਹਾਂ ਸਾਰੇ ਮਾਮਲਿਆਂ ਦੀ ਪੁਣਛਾਣ ਕਰੀਏ ਤਾਂ ਇਸ ਵਿਚ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕਰੈਡਿਟ ਲੈਣ ਦੀ ਹੋੜ ਲੱਗੀ ਹੋਈ ਹੈ। ਇਸ ਤੋਂ ਇਲਾਵਾ ਸਾਡੇ ਧਾਰਮਿਕ ਅਤੇ ਸਿਆਸੀ ਆਗੂਆਂ ਵਿਚ ਮਤਭੇਦ ਐਨੇ ਵਧ ਚੁੱਕੇ ਹਨ ਕਿ ਉਹ ਗੁਰੂ ਸਾਹਿਬ ਦੇ ਇਸ ਮਹਾਨ ਪੁਰਬ ਵਾਲੇ ਦਿਨ ਵੀ ਇਕ ਥਾਂ ਇਕੱਠੇ ਹੋ ਕੇ ਬੈਠਣ ਨੂੰ ਤਿਆਰ ਨਹੀਂ ਹਨ। ਜਿਸ ਪਿੱਛੇ ਉਨ੍ਹਾਂ ਦੇ ਸਿਆਸੀ ਮੁਫਾਦ ਅਤੇ ਹਊਮੇ ਸਾਫ ਝਲਕਦੀ ਦਿਖਾਈ ਦਿੰਦੀ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਦਿਨਾਂ ਦੌਰਾਨ ਇਹ ਲੋਕ ਸਾਂਝੀਆਂ ਸਟੇਜਾਂ ’ਤੇ ਬੈਠਣਗੇ ਜਾਂ ਨਹੀਂ  ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਜ਼ਰੂਰ ਕਿਹਾ ਜਾਂ ਸਕਦਾ ਹੈ ਕਿ ਸਾਡੇ ਆਗੂਆਂ ਨੇ ਆਪਣੇ ਸਿਆਸੀ ਮੁਫਾਦਾਂ ਦੀ ਖਾਤਿਰ  ਗੁਰੂ ਸਾਹਿਬ ਦੇ ਰਲ-ਮਿਲ ਕੇ ਬੈਠਣ ਵਾਲੇ ਫਲਸਫੇ ਅਤੇ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਹੈ। ਅਜਿਹੇ ਵਿਚ ਇਹ ਆਮ ਲੋਕਾਂ ਨੂੰ ਜੋ ਸੰਦੇਸ਼ ਦੇਣਗੇ ਉਹ ਕਿਸੇ ਕੋਲੋਂ ਗੁੱਝਾ ਨਹੀਂ ਹੈ।

jasbir singh

This news is News Editor jasbir singh