5 ਮਿੰਟ ਦੇ ਬੱਸ ਸਫਰ 'ਚ ਜਾਣੋ ਕੈਪਟਨ ਤੇ ਇਮਰਾਨ ਵਿਚਕਾਰ ਕੀ ਹੋਈ ਗੱਲਬਾਤ?

11/11/2019 10:23:45 AM

ਜਲੰਧਰ (ਧਵਨ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਗਿਆ ਹੈ। ਇਸ ਦਾ ਉਦਘਾਟਨ 9 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਕੀਤਾ ਗਿਆ ਸੀ। ਇਸ ਤੋਂ ਬਾਅਦ ਮੋਦੀ ਵੱਲੋਂ ਪਹਿਲਾ ਜੱਥਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਪਹਿਲੇ ਜੱਥੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸੰਸਦ ਮੈਂਬਰ ਸੰਨੀ ਦਿਓਲ ਸਮੇਤ ਕਈ ਮਹਾਨ ਸ਼ਖਸੀਅਤਾਂ ਦਰਸ਼ਨਾਂ ਲਈ ਗਈਆਂ ਸਨ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਲਈ ਜਾਂਦੇ ਸਮੇਂ 5 ਮਿੰਟ ਦੇ ਬੱਸ ਸਫਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਚਕਾਰ ਕੀ-ਕੀ ਗੱਲਬਾਤ ਹੋਈ, ਇਸ ਨੂੰ ਲੈ ਕੇ ਸਿਆਸੀ ਹਲਕਿਆਂ 'ਚ ਚਰਚਾ ਚੱਲ ਰਹੀ ਹੈ ਪਰ ਇਸ 5 ਮਿੰਟ ਦੇ ਬੱਸ ਸਫਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਇਮਰਾਨ ਖਾਨ ਦੇ ਵਿਚਕਾਰ ਚੱਲ ਰਹੇ ਤਣਾਅ ਨੂੰ ਕੁਝ ਘੱਟ ਕਰਨ 'ਚ ਮਦਦ ਜ਼ਰੂਰ ਮਿਲੀ ਹੈ।

ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕ੍ਰਿਕਟ ਦੋਵੇਂ ਦੇਸ਼ਾਂ ਨੂੰ ਇਕ ਧਾਗੇ ਦੀ ਤਰ੍ਹਾਂ ਜੋੜ ਕੇ ਰੱਖਦਾ ਹੈ। ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਇਮਰਾਨ ਖਾਨ ਨਾਲ ਕੋਈ ਵੀ ਮੀਟਿੰਗ ਨਹੀਂ ਹੋਈ ਸੀ ਅਤੇ ਨਾ ਹੀ ਦੋਵੇ ਇਕ-ਦੂਜੇ ਤੋਂ ਜਾਣੂ ਸਨ। ਯਾਤਰਾ ਦੌਰਾਨ ਕੈਪਟਨ ਅਮਰਿੰਦਰ ਨੇ ਇਮਰਾਨ ਨੂੰ ਕਿਹਾ ਕਿ ਉਨ੍ਹਾਂ ਨੇ ਇਮਰਾਨ ਨੂੰ ਜ਼ਰੂਰ ਕ੍ਰਿਕਟ ਖੇਡਦੇ ਹੋਏ ਵੇਖਿਆ ਹੈ। ਉਨ੍ਹਾਂ ਨੇ ਇਮਰਾਨ ਨੂੰ ਕਿਹਾ ਕਿ ਉਨ੍ਹਾਂ ਦੇ ਅੰਕਲ (ਇਮਰਾਨ ਦੇ) ਪਟਿਆਲਾ ਲਈ ਖੇਡੇ ਹਨ ਅਤੇ ਉਨ੍ਹਾਂ ਦੇ ਨਾਲ ਮੁਹੰਮਦ ਨਿਸਾਰ, ਲਾਲਾ ਅਮਰਨਾਥ, ਅਮਰ ਸਿੰਘ ਅਤੇ ਦੋ ਅਲੀ ਬੈਟਸਮੈਨ ਵਜ਼ੀਰ ਅਲੀ ਅਤੇ ਅਮੀਰ ਅਲੀ ਵੀ ਖੇਡਦੇ ਸਨ। ਇਹ 7 ਖਿਡਾਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜ ਯਾਦਵਿੰਦਰ ਸਿੰਘ ਦੀ ਅਗਵਾਈ 'ਚ ਬਣੀ ਕ੍ਰਿਕਟ ਟੀਮ ਦੇ ਮੈਂਬਰ ਸਨ। ਇਨ੍ਹਾਂ ਨੇ 1934-35 'ਚ ਭਾਰਤ ਅਤੇ ਪਟਿਆਲਾ ਲਈ ਖੇਡਿਆ।

ਇਮਰਾਨ ਨੇ ਮੁੱਖ ਮੰਤਰੀ ਦੀ ਇਹ ਗੱਲ ਬਹੁਤ ਧਿਆਨ ਨਾਲ ਸੁਣੀ। ਭਾਵੇ ਕ੍ਰਿਕਟ ਦੇ ਬਹਾਨੇ ਨਾਲ ਹੀ ਇਮਰਾਨ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਬਰਫ ਕੁਝ ਤਾਂ ਪਿਘਲੀ। ਇਮਰਾਨ ਅਤੇ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਜ਼ੀਰੋ ਪੁਆਇੰਟ 'ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਅਗਵਾਈ 'ਚ ਗਏ ਵਫਦ ਦਾ ਸਵਾਗਤ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਕਰਤਾਰਪੁਰ ਕੋਰੀਡੋਰ ਤੋਂ ਸ਼ੁਰੂ ਹੋਈ ਯਾਤਰਾ ਅੱਗੇ ਵੀ ਭਵਿੱਖ 'ਚ ਦੋਵੇਂ ਦੇਸ਼ਾਂ ਦੇ ਵਿਚਕਾਰ ਇਕ ਮਜ਼ਬੂਤ ਪੁਲ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਖੇਡ ਭਾਵਨਾ ਨਾਲ ਭਵਿੱਖ 'ਚ ਅੱਗੇ ਵਧਣਾ ਚਾਹੀਦਾ ਹੈ।

shivani attri

This news is Content Editor shivani attri