ਬੱਚਿਆਂ ਨੇ ਪਲਾਈ ਬੋਰਡ ਨਾਲ ਬਣਾਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਾ ਮਾਡਲ (ਵੀਡੀਓ)

11/10/2019 6:44:36 PM

ਸੁਲਤਾਨਪੁਰ ਲੋਧੀ (ਰਣਦੀਪ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਦੂਰੋਂ-ਦੂਰੋਂ ਲੋਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ। ਇਸ ਪ੍ਰਕਾਸ਼ ਪੁਰਬ ਨੂੰ ਹਰ ਕੋਈ ਆਪਣੇ ਵਿਲੱਖਣ ਢੰਗ ਨਾਲ ਮਨਾ ਰਿਹਾ ਹੈ। ਇਥੇ ਵਿਰਾਸਤ-ਏ-ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜਿਸ 'ਚ ਰੰਗਲੇ ਪੰਜਾਬ ਦੀ ਝਲਕ ਦਿਖਾਉਣ ਦੇ ਨਾਲ-ਨਾਲ ਬਾਬੇ ਨਾਨਕ ਦੀਆਂ ਤਸਵੀਰਾਂ ਅਤੇ ਵੰਨ-ਸੁਵੰਨੀਆਂ ਕਲਾਕ੍ਰਿਤੀਆਂ ਤਿਆਰ ਕੀਤੀਆਂ ਗਈਆਂ ਹਨ। 


ਪਲਾਈ ਬੋਰਡ ਨਾਲ ਬਣਾਇਆ ਗੁ. ਸ੍ਰੀ ਬੇਰ ਸਾਹਿਬ ਦਾ ਮਾਡਲ 
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਪ੍ਰਤੀਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੀ. ਟੀ. ਕਾਲਜ ਆਫ ਆਰਕਟੈਕਟ ਐਂਡ ਪਲਾਨਿੰਗ ਵੱਲੋਂ ਇਕ ਪ੍ਰੋਗਰਾਮ ਉਲੀਕੀਆ ਗਿਆ ਹੈ। 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ 'ਚ ਜਿੰਨੇ ਵੀ ਮੁੱਖ ਗੁਰਦੁਆਰੇ ਹਨ, ਉਨ੍ਹਾਂ ਦੇ ਮਾਡਲ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿ ਬੱਚਿਆਂ ਵੱਲੋਂ ਪਲਾਈ ਬੋਰਡ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਾ ਵੱਡਾ ਮਾਡਲ ਤਿਆਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਵੱਖੋ-ਵੱਖ ਪੇਂਟਿੰਗਸ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਗੁਰੂ ਨਾਨਕ ਦੇਵ ਦੇ ਇਤਿਹਾਸ ਨੂੰ ਤਸਵੀਰਾਂ ਰਾਹੀਂ ਉਜਾਗਰ ਕੀਤਾ ਗਿਆ ਹੈ। ਸੀ. ਟੀ. ਗਰੁੱਪ ਦੇ ਬੱਚਿਆਂ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਸਖਤ ਮਿਹਨਤ ਕਰਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਾ ਵੱਡਾ ਮਾਡਲ ਤਿਆਰ ਕੀਤਾ। ਇਸ ਦੇ ਇਲਾਵਾ ਪੂਰੀ ਸੁਲਤਾਨਪੁਰ ਲੋਧੀ ਸਿਟੀ ਦਾ ਮਾਡਲ ਤਿਆਰ ਕੀਤਾ ਗਿਆ ਹੈ, ਜਿਸ 'ਚ ਤੁਸੀਂ ਸੁਲਤਾਨਪੁਰ ਲੋਧੀ ਦੀ ਹਰ ਗਲੀ ਨੂੰ ਦੇਖ ਸਕਦੇ ਹੋ। ਇਸ ਤੋਂ ਇਲਾਵਾ ਕਿਸਾਨੀ ਨਾਲ ਸਬੰਧਤ ਵੀ ਪ੍ਰਦਰਸ਼ਨੀ ਲਗਾਈ ਗਈ ਹੈ। 


ਉਨ੍ਹਾਂ ਦੱਸਿਆ ਅੱਜ ਕੱਲ੍ਹ ਲੋਕ ਪੁਰਾਣੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਾਰਜ ਪੁਰਾਣੇ ਇਤਿਹਾਸ ਨੂੰ ਉਜਾਗਰ ਕਰਨ ਲਈ ਉਲੀਕੀਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਪੁਰਾਣੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਮਕਸਦ ਇਹ ਹੈ ਕਿ ਲੋਕ ਪੁਰਾਣੀ ਵਿਰਾਸਤ ਅਤੇ ਇਤਿਹਾਸ ਦੇ ਨਾਲ ਜੁੜੇ ਰਹਿਣ। ਇਹ ਪ੍ਰਦਰਸ਼ਨੀ 1 ਨਵੰਬਰ ਤੋਂ ਇਥੇ ਲੱਗੀ ਹੋਈ ਹੈ, ਜੋਕਿ 12 ਨਵੰਬਰ ਤੱਕ ਜਾਰੀ ਰਹੇਗੀ।

shivani attri

This news is Content Editor shivani attri