550ਵਾਂ ਪ੍ਰਕਾਸ਼ ਪੁਰਬ: ਲੰਗਰ ਦੇ ਸਾਮਾਨ ਦੀ ਢੋਆ-ਢੁਆਈ ਲਈ ਵਾਹਨਾਂ ਨੂੰ ਮਿਲੇਗੀ ਇਹ ਖਾਸ ਸਹੂਲਤ

10/20/2019 6:16:54 PM

ਸੁਲਤਾਨਪੁਰ ਲੋਧੀ (ਸੋਢੀ)— ਤਕਨੀਕੀ ਸਿੱਖਿਆ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਸੰਤ ਸਮਾਜ ਨਾਲ ਮੀਟਿੰਗ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਰੂਪ-ਰੇਖਾ ਅਤੇ ਲੰਗਰ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਡੀ. ਪੀ. ਐੱਸ. ਖਰਬੰਦਾ, ਬਾਬਾ ਅਮਰੀਕ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, ਬਾਬਾ ਸਤਨਾਮ ਸਿੰਘ ਸੰਤਘਾਟ ਵਾਲੇ, ਬਾਬਾ ਗੁਰਚਰਨ ਸਿੰਘ ਦੇ ਪ੍ਰਤੀਨਿਧੀ, ਸੰਤ ਜਗਜੀਤ ਸਿੰਘ ਭੂਰੀ ਵਾਲੇ ਹਾਜ਼ਰ ਸਨ। ਇਸ ਮੌਕੇ ਸੰਤ ਸਮਾਜ ਵੱਲੋਂ ਲੰਗਰ ਪ੍ਰਬੰਧਾਂ ਲਈ ਉਠਾਏ ਮੁੱਦਿਆਂ 'ਤੇ ਤੁਰੰਤ ਕਾਰਵਾਈ ਕਰਦੇ ਕੈਬਨਿਟ ਮੰਤਰੀ ਨੇ ਜ਼ਿਲਾ ਪ੍ਰਸ਼ਾਸ਼ਨ ਨੂੰ ਹਦਾਇਤ ਕੀਤੀ ਕਿ ਲੰਗਰ ਲਈ ਸਾਜੋ ਸਾਮਾਨ ਢੋਣ ਵਾਲੇ ਵਾਹਨਾਂ ਨੂੰ ਬਿਲਕੁਲ ਨਾ ਰੋਕਿਆ ਜਾਵੇ ਅਤੇ ਉਨ੍ਹਾਂ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣ। ਇਸ ਦੌਰਾਨ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸੜਕ ਕੰਢੇ ਲੰਗਰ ਨਾ ਲਗਾਉਣ ਸਬੰਧੀ ਅਪੀਲ 'ਤੇ ਸੰਤ ਸਮਾਜ ਨੇ ਕਿਹਾ ਕਿ ਲੰਗਰ ਦੌਰਾਨ ਸੰਗਤ ਦੀ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਸੰਤ ਸਮਾਜ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਨੂੰ ਸਮਾਗਮਾਂ ਦੀ ਸਫਲਤਾ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਭਰੋਸਾ ਵੀ ਦਿਵਾਇਆ।  

ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਤਾਬਦੀ ਸਮਾਗਮਾਂ ਨੂੰ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਜਿਸ 'ਚ ਵਿਸ਼ਵ ਭਰ ਤੋਂ ਲੱਖਾਂ ਦੀ ਗਿਣਤੀ 'ਚ ਸੰਗਤ ਵੱਲੋਂ ਸ਼ਿਰਕਤ ਕੀਤੀ ਜਾਣੀ ਹੈ। ਉਨ੍ਹਾਂ ਸ਼ਤਾਬਦੀ ਸਮਾਗਮਾਂ ਲਈ ਸੰਤ ਸਮਾਜ ਕੋਲੋਂ ਪੂਰਨ ਸਹਿਯੋਗ ਦੀ ਅਪੀਲ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੰਗਰ ਵਿਵਸਥਾ, ਜੋੜੇ ਘਰਾਂ, ਗਠੜੀ ਘਰਾਂ ਲਈ ਵੱਖ-ਵੱਖ ਸੰਸਥਾਵÎਾਂ ਅਤੇ ਜਥੇਬੰਦੀਆਂ ਨੂੰ ਸਥਾਨ ਅਲਾਟ ਕਰ ਦਿੱਤੇ ਗਏ ਹਨ ਅਤੇ ਵਿਸ਼ੇਸ਼ ਕਰਕੇ ਲੰਗਰਾਂ ਲਈ ਬਿਜਲੀ, ਪੀਣ ਵਾਲੇ ਪਾਣੀ ਅਤੇ ਰੌਸ਼ਨੀ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਗਮਾਂ ਦੀ ਸਫਲਤਾ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਸੰਤ ਸਮਾਜ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਗੁਰਦੁਆਰਾ ਸਾਹਿਬ ਦੇ ਨੇੜਲੇ ਖੇਤਰਾਂ 'ਚ 37 ਲੰਗਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਹਰੇਕ ਲੰਗਰ ਲਈ ਇਕ-ਇਕ ਨੋਡਲ ਅਫਸਰ ਵੀ ਤਾਇਨਾਤ ਕੀਤਾ ਜਾ ਰਿਹਾ ਹੈ ਤਾਂ ਜੋ ਸੰਤ ਸਮਾਜ ਨੂੰ ਸੇਵਾ 'ਚ ਕੋਈ ਦਿੱਕਤ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਵੱਲੋਂ ਲੰਗਰਾਂ ਲਈ ਬਿਜਲੀ ਕੁਨੈਕਸ਼ਨ ਜਾਰੀ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ 8 ਏਕੜ 'ਚ ਲੱਗ ਰਹੇ ਲੰਗਰ ਲਈ 600 ਕਿਲੋਵਾਟ ਦਾ ਬਿਜਲੀ ਕੁਨੈਕਸ਼ਨ ਦਿੱਤਾ ਜਾ ਚੁੱਕਾ ਹੈ। ਇਸ ਪਿੱਛੋਂ ਕੈਬਨਿਟ ਮੰਤਰੀ ਵੱਲੋਂ ਮੁੱਖ ਸਮਾਗਮਾਂ ਲਈ ਤਿਆਰ ਕੀਤੇ ਜਾ ਰਹੇ ਪੰਡਾਲ, ਟੈਂਟ ਸਿਟੀ, ਸੰਗਤ ਦੀ ਸਹੂਲਤ ਲਈ ਸਾਰੀਆਂ 9 ਪਾਰਕਿੰਗਾਂ ਤੋਂ ਸ਼ੁਰੂ ਕੀਤੀ ਗਈ ਮੁਫਤ ਬੱਸ ਸੇਵਾ ਆਦਿ ਦਾ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਮੋਗਲਾ, ਐੱਸ. ਡੀ. ਐੱਮ ਡਾ. ਚਾਰੂਮਿਤਾ, ਪਰਮਜੀਤ ਸਿੰਘ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਐਕਸੀਅਨ ਵਰਿੰਦਰ ਕੁਮਾਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

shivani attri

This news is Content Editor shivani attri