ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਸਮਾਗਮਾਂ ਦਾ ਆਗਾਜ਼ ਕੱਲ੍ਹ ਤੋਂ, ਕੈਪਟਨ ਨਿਭਾਉਣਗੇ ਮੁੱਖ ਸੇਵਾ

11/04/2019 6:10:01 PM

ਕਪੂਰਥਲਾ (ਵਾਰਤਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ 'ਚ ਕੱਲ੍ਹ ਯਾਨੀ 5 ਨਵੰਬਰ ਨੂੰ ਸ਼ੁਰੂਆਤ ਕਰਨਗੇ। ਜਾਇਜ਼ਾ ਲੈਣ ਪਹੁੰਚੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਸੰਤ ਸਮਾਜ ਅਤੇ ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ 'ਚ ਸੇਵਾ ਨਿਭਾਅ ਕੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਕਰਵਾਉਣਗੇ। ਸਹਿਜ ਪਾਠ ਪੂਰੀ ਗੁਰੂ ਮਰਿਆਦਾ ਦੇ ਨਾਲ ਸੰਪੰਨ ਕਰਵਾਇਆ ਜਾਵੇਗਾ ਅਤੇ 12 ਨਵੰਬਰ ਨੂੰ ਮੁੱਖ ਪੰਡਾਲ 'ਚ ਹੀ ਇਸ ਦਾ ਭੋਗ ਲਗਾਇਆ ਜਾਵੇਗਾ। ਉਨ੍ਹਾਂ ਨੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਲੋਕਾਂ ਨੂੰ ਸਮਾਗਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ 'ਚ ਕੀਰਤਨ ਦਰਬਾਰ, ਸ਼ਾਨਦਾਰ ਲਾਈਟ ਅਤੇ ਸਾਊਂਡ ਸ਼ੋਅ ਸਮੇਤ ਹੋਰ ਸਮਾਗਮ ਕਰਵਾਏ ਜਾਣਗੇ, ਜਿਨ੍ਹਾਂ 'ਚ ਸਿੱਖ ਵਿਦਵਾਨ ਸ਼ਿਰਕਤ ਕਰਨਗੇ। ਸ਼ਰਧਾਲੂਆਂ ਦੀ ਸੁਵਿਧਾ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂਆਂ ਦੇ ਰਹਿਣ ਲਈ 35 ਹਜ਼ਾਰ ਦੀ ਸਮੱਰਥਾ ਵਾਲੇ ਤਿੰਨ ਟੈਂਟ ਸਿਟੀ ਬਣਾਏ ਗਏ ਹਨ। ਪਵਿੱਤਰ ਨਗਰੀ 'ਚ ਸ਼ਰਧਾਲੂਆਂ ਲਈ ਪੀਣ ਦੇ ਪਾਣੀ ਦੇ ਖਾਸ ਪ੍ਰਬੰਧ, ਬੱਸ ਸਰਵਿਸ, ਮੁਫਤ ਈ-ਰਿਕਸ਼ਾ, ਮੁਫਤ ਸਾਈਕਲ ਸਰਵਿਸ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਸੁਲਤਾਨਪੁਰ ਲੋਧੀ 'ਚ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪਹਿਲਾ ਗ੍ਰੈਂਡ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ। ਪੰਜਾਬ 'ਚ ਇਹ ਪਹਿਲਾ ਅਜਿਹਾ ਸ਼ੋਅ ਹੈ, ਜਿਸ 'ਚ ਨਾ ਸਿਰਫ ਡਿਜੀਟਲ ਤਕਨੀਕਾਂ ਅਤੇ ਲੇਜ਼ਰ ਸ਼ੋਅ ਦੁਆਰਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਉਪਦੇਸ਼ਾਂ 'ਤੇ ਪ੍ਰਕਾਸ਼ ਪਾਇਆ ਜਾਵੇਗਾ ਸਗੋਂ ਪੰਜਾਬੀ ਦੇ ਪ੍ਰਸਿੱਧ ਗਾਇਕ ਲਖਵਿੰਦਰ ਵਡਾਲੀ, ਹਰਭਜਨ ਮਾਨ ਅਤੇ ਪ੍ਰਸਿੱਧ ਗੀਤਕਾਰ ਹਰਦੇਵ ਸਿੰਘ ਵੱਲੋਂ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।

shivani attri

This news is Content Editor shivani attri