ਸੋਗਮਈ ਫਿਜ਼ਾ ''ਚ ਵਿਲਕਦੇ ਲੋਕਾਂ ਦੀਆਂ ਅੱਖਾਂ ''ਚੋਂ ਛਲਕਿਆ ਦਰਦ

11/29/2019 5:22:55 PM

ਜਲੰਧਰ (ਜੁਗਿੰਦਰ ਸੰਧੂ)—ਪਾਕਿਸਤਾਨ ਦੇ ਸੈਨਿਕਾਂ ਵਲੋਂ ਗੋਲੀਬਾਰੀ ਕਰ ਕੇ ਭਾਰਤ ਦੇ ਜਿਹੜੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਥੋਂ ਦੇ ਲੋਕਾਂ ਲਈ ਹਰ ਦਿਨ ਚਿੰਤਾਵਾਂ ਦਾ ਸੇਕ ਲੈ ਕੇ ਚੜ੍ਹਦਾ ਹੈ ਅਤੇ ਹਰ ਰਾਤ ਗ਼ਮਾਂ ਦੇ ਸੁਪਨਿਆਂ 'ਚ ਗੁਆਚ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਜਾਨ ਬਚਾਉਣ ਦੇ ਫਿਕਰ ਵਿਚ 'ਆਟੇ-ਦਾਣੇ' ਦੀ ਸਮੱਸਿਆ ਦਾ ਚੇਤਾ ਹੀ ਭੁੱਲ ਜਾਂਦਾ ਹੈ। ਇਸ ਦੋਹਰੀ ਮੁਸੀਬਤ 'ਚ ਉਲਝੇ ਜੰਮੂ-ਕਸ਼ਮੀਰ ਦੇ ਲੱਖਾਂ ਸਰਹੱਦੀ ਲੋਕਾਂ ਦੇ ਨਾਲ-ਨਾਲ ਹਜ਼ਾਰਾਂ ਉਹ ਪਰਿਵਾਰ ਵੀ ਸੂਲੀ 'ਤੇ ਟੰਗੇ ਪਲ ਹੰਢਾ ਰਹੇ ਹਨ, ਜਿਨ੍ਹਾਂ ਦੇ ਕਮਾਊ-ਪੁੱਤਰ ਅੱਤਵਾਦ ਨੇ ਖਾ ਲਏ। ਇਨ੍ਹਾਂ ਪੀੜਤ ਪਰਿਵਾਰਾਂ ਦੀ ਗਿਣਤੀ ਦਾ ਅੰਦਾਜ਼ਾ ਤਾਂ ਲਾਇਆ ਜਾ ਸਕਦਾ ਹੈ ਪਰ ਦੁੱਖਾਂ ਭਰੀ ਵਿਥਿਆ ਦੀ ਥਾਹ ਨਹੀਂ ਪਾਈ ਜਾ ਸਕਦੀ।

ਸੋਗਮਈ ਫਿਜ਼ਾ ਵਿਚ ਹਉਕੇ ਭਰਦੇ ਅਤੇ ਮੁਸੀਬਤਾਂ ਦੀ ਬੁੱਕਲ 'ਚ ਬਹਿ ਕੇ ਸਾਹ ਗਿਣਦੇ ਲੋਕਾਂ ਲਈ ਭੁੱਖ ਅਤੇ ਗਰੀਬੀ ਤੋਂ ਇਲਾਵਾ ਹਾਦਸੇ ਅਤੇ ਰੋਗ ਵੀ ਕਹਿਰ ਬਣ ਕੇ ਡਿੱਗਦੇ ਹਨ। ਮੌਤ ਦਾ ਕਾਰਨ ਗੋਲੀਬਾਰੀ, ਅੱਤਵਾਦ ਜਾਂ ਕੋਈ ਹੋਰ ਹੋਵੇ, ਮਾਪਿਆਂ ਲਈ ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਕਿਸੇ ਪਹਾੜ ਨੂੰ ਚੁੱਕਣ ਦੇ ਬੋਝ ਨਾਲੋਂ ਘੱਟ ਨਹੀਂ ਹੁੰਦਾ। ਜੰਮੂ ਨਾਲ ਸਬੰਧਤ ਆਰ. ਐੱਸ. ਪੁਰਾ ਸੈਕਟਰ ਦੇ ਪਿੰਡ ਸੁਚੇਤਗੜ੍ਹ ਵਿਚ ਵੀ ਪਿਛਲੇ ਦਿਨੀਂ ਕੁਝ ਅਜਿਹਾ ਗ਼ਮਗੀਨ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ ਉਥੇ 534ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਗਈ ਸੀ।
ਸੁਚੇਤਗੜ੍ਹ ਅਤੇ ਇਸ ਦੇ ਆਸ-ਪਾਸ ਦੇ ਪਿੰਡ ਗੋਲੀਬਾਰੀ ਅਤੇ ਅੱਤਵਾਦ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਜਿਸ ਦਿਨ ਉਥੇ ਰਾਹਤ ਸਮੱਗਰੀ ਵੰਡੀ ਜਾਣੀ ਸੀ, ਉਸ ਤੋਂ ਪਹਿਲੀ ਸ਼ਾਮ ਪਿੰਡ ਦੇ 2 ਗੱਭਰੂਆਂ ਦੀ ਅਚਨਚੇਤ ਮੌਤ ਹੋ ਗਈ ਸੀ। ਉਹ ਨੌਜਵਾਨ ਸਾਰੇ ਪਿੰਡ ਦੇ ਚਹੇਤੇ ਸਨ ਅਤੇ ਇਸ ਕਰ ਕੇ ਕੁਝ ਲੋਕ ਤਾਂ ਰਾਹਤ ਸਮੱਗਰੀ ਲੈਣ ਲਈ ਨਹੀਂ ਆਏ ਅਤੇ ਜਿਹੜੇ ਆਏ ਸਨ, ਉਹ ਵੀ ਜਲਦੀ ਜਾ ਕੇ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣਾ ਚਾਹੁੰਦੇ ਸਨ। ਅਜਿਹੇ ਗ਼ਮਗੀਨ ਮਾਹੌਲ ਦੌਰਾਨ ਲੋਕਾਂ ਦੀਆਂ ਅੱਖਾਂ 'ਚੋਂ ਦਰਦ ਛਲਕ ਰਿਹਾ ਸੀ। ਇਸ ਮੌਕੇ ਜਿਹੜੀ ਸਮੱਗਰੀ ਵੰਡੀ ਗਈ, ਉਹ ਆਈ.ਐੱਮ. ਸੀ. ਕੇਅਰ ਐਂਡ ਸ਼ੇਅਰ ਵੈੱਲਫੇਅਰ ਸੋਸਾਇਟੀ ਲੁਧਿਆਣਾ ਵਲੋਂ ਚੇਅਰਮੈਨ ਡਾ. ਅਸ਼ੋਕ ਭਾਟੀਆ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੱਤਿਅਨ ਭਾਟੀਆ ਦੇ ਵਿਸ਼ੇਸ਼ ਯਤਨਾਂ ਸਦਕਾ ਭਿਜਵਾਈ ਗਈ ਸੀ।

ਸੁਚੇਤਗੜ੍ਹ ਵਿਚ ਹੋਏ ਰਾਹਤ ਵੰਡ ਆਯੋਜਨ ਦੌਰਾਨ ਸਰਪੰਚ ਸੁਰਜੀਤ ਸਿੰਘ ਦੀ ਦੇਖ-ਰੇਖ ਹੇਠ 300 ਪਰਿਵਾਰਾਂ ਨੂੰ ਰਸੋਈ ਘਰ ਦੀ ਵਰਤੋਂ ਵਾਲਾ ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਆਈ. ਐੱਮ. ਸੀ. ਦੇ ਸ਼੍ਰੀ ਰਾਕੇਸ਼ ਮਿਸ਼ਰਾ ਨੇ ਕਿਹਾ ਕਿ ਚੇਅਰਮੈਨ ਡਾ. ਅਸ਼ੋਕ ਭਾਟੀਆ ਜੀ ਨੇ ਆਪਣਾ ਜੀਵਨ ਲੋੜਵੰਦਾਂ ਅਤੇ ਪੀੜਤ ਪਰਿਵਾਰਾਂ ਦਾ ਦੁੱਖ-ਸੁੱਖ ਵੰਡਾਉਣ ਨੂੰ ਸਮਰਪਿਤ ਕਰ ਦਿੱਤਾ ਹੈ। ਉਹ ਜਿਥੇ ਵੱਖ-ਵੱਖ ਰੋਗਾਂ ਦੇ ਸ਼ਿਕਾਰ ਲੋਕਾਂ ਨੂੰ ਸਿਹਤਮੰਦ ਬਣਾਉਣ ਦੇ ਯਤਨਾਂ ਅਧੀਨ ਹਰਬਲ ਦਵਾਈਆਂ ਨੂੰ ਉਤਸ਼ਾਹਿਤ ਕਰ ਰਹੇ ਹਨ, ਉਥੇ ਵਿਧਵਾਵਾਂ, ਅਨਾਥ ਬੱਚਿਆਂ ਅਤੇ ਹੋਰ ਲੋੜਵੰਦਾਂ ਦੀ ਸੇਵਾ-ਸਹਾਇਤਾ ਨੂੰ ਵੀ ਤਰਜੀਹ ਦੇ ਰਹੇ ਹਨ।
ਸ਼੍ਰੀ ਮਿਸ਼ਰਾ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਅੱਤਵਾਦ ਪੀੜਤਾਂ ਅਤੇ ਗੋਲੀਬਾਰੀ ਤੋਂ ਪ੍ਰਭਾਵਿਤ ਸਰਹੱਦੀ ਪਰਿਵਾਰਾਂ ਲਈ ਚਲਾਈ ਜਾ ਰਹੀ ਰਾਹਤ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਡਾ. ਅਸ਼ੋਕ ਭਾਟੀਆ ਜੀ ਨੇ ਵੀ ਇਸ ਵਿਚ ਯੋਗਦਾਨ ਪਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਇਥੇ ਇਕ ਟਰੱਕ ਵੰਡਿਆ ਜਾ ਰਿਹਾ ਹੈ ਅਤੇ ਜਲਦੀ ਹੀ ਸਮੱਗਰੀ ਦਾ ਇਕ ਹੋਰ ਟਰੱਕ ਭਿਜਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਪਰਿਵਾਰ ਜਿਸ ਤਰ੍ਹਾਂ ਖਤਰੇ ਦਾ ਸਾਹਮਣਾ ਕਰ ਰਹੇ ਹਨ, ਇਹ ਬਹੁਤ ਹੌਸਲੇ ਵਾਲਾ ਕੰਮ ਹੈ। ਸਰਹੱਦੀ ਲੋਕ ਸਹੀ ਅਰਥਾਂ 'ਚ ਦੇਸ਼ ਦੇ ਪਹਿਰੇਦਾਰ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਇਨ੍ਹਾਂ ਲੋਕਾਂ ਲਈ ਮਦਦ ਭਿਜਵਾ ਕੇ ਸੇਵਾ ਦਾ ਮਹਾਨ ਕਾਰਜ ਕਰ ਰਹੇ ਹਨ।

ਆਈ. ਐੱਮ. ਸੀ. ਦੀ ਜਸਪ੍ਰੀਤ ਕੌਰ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦਾ ਕੰਮ ਹੈ ਪਰ ਅਜਿਹਾ ਨਹੀਂ ਹੋ ਸਕਿਆ। ਇਹੋ ਕਾਰਨ ਹੈ ਕਿ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਪੰਜਾਬ ਕੇਸਰੀ ਪਰਿਵਾਰ 20 ਸਾਲਾਂ ਤੋਂ ਮੁਹਿੰਮ ਚਲਾ ਰਿਹਾ ਹੈ। ਸਾਨੂੰ ਸਭ ਨੂੰ ਵਧ-ਚੜ੍ਹ ਕੇ ਇਸ ਮਹਾਨ ਕਾਰਜ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।

ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ ਤੋਂ ਪੀੜਤ ਹਨ ਲੋਕ-ਵਰਿੰਦਰ ਸ਼ਰਮਾ
ਰਾਹਤ ਵੰਡ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਅੱਜ ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ ਤੋਂ ਪੀੜਤ ਹਨ। ਇਕ ਪਾਸੇ ਪਾਕਿਸਤਾਨ ਦੀ ਸ਼ਹਿ ਹੇਠ ਚੱਲ ਰਿਹਾ ਅੱਤਵਾਦ ਅਤੇ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ ਲੋਕਾਂ ਦੀਆਂ ਜਾਨਾਂ ਲੈ ਰਹੀ ਹੈ। ਇਸ ਕਾਰਨ ਸੂਬੇ ਦੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਵਿਚੋਂ ਹਜ਼ਾਰਾਂ ਅਜਿਹੇ ਹਨ, ਜਿਨ੍ਹਾਂ ਨੂੰ ਆਪਣੇ ਜੱਦੀ ਘਰਾਂ 'ਚੋਂ ਪਲਾਇਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਕਸ਼ਮੀਰ ਘਾਟੀ ਵਿਚੋਂ ਪੰਡਤ ਪਰਿਵਾਰਾਂ ਤੋਂ ਇਲਾਵਾ ਕੁਝ ਮੁਸਲਮਾਨ, ਈਸਾਈ ਅਤੇ ਹੋਰ ਲੋਕਾਂ ਨੂੰ ਵੀ ਆਪਣੇ ਘਰ-ਘਾਟ ਛੱਡਣੇ ਪਏ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਨੂੰ ਹੜ੍ਹ, ਬਰਫਬਾਰੀ, ਢਿੱਗਾਂ ਡਿੱਗਣ ਅਤੇ ਬੀਮਾਰੀਆਂ ਆਦਿ ਵਰਗੀਆਂ ਕੁਦਰਤੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਹੋਈਆਂ 2 ਜਵਾਨ ਮੌਤਾਂ ਕਾਰਨ ਸਾਰਾ ਇਲਾਕਾ ਸਦਮੇ ਵਿਚ ਹੈ। ਅਜਿਹੀਆਂ ਮੰਦਭਾਗੀਆਂ ਘਟਨਾਵਾਂ ਕਾਰਨ ਲੋਕਾਂ ਦੇ ਦੁੱਖ ਹੋਰ ਵਧ ਜਾਂਦੇ ਹਨ। ਅਜਿਹੇ ਪਰਿਵਾਰਾਂ ਲਈ ਸਹਾਇਤਾ ਸਮੱਗਰੀ ਭਿਜਵਾਉਣਾ ਵੱਡੇ ਪੁੰਨ ਦਾ ਕਾਰਜ ਹੈ।
ਰਾਮਗੜ੍ਹ ਖੇਤਰ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਕਈ ਸਾਲਾਂ ਤੋਂ ਪਾਕਿਸਤਾਨ ਦਾ ਤਸ਼ੱਦਦ ਸਹਿਣ ਕਰ ਰਹੇ ਹਨ। ਅੱਤਵਾਦੀ ਅਕਸਰ ਘੁਸਪੈਠ ਕਰਦੇ ਰਹਿੰਦੇ ਹਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ। ਸਰਕਾਰਾਂ ਵਲੋਂ ਕੀਤੇ ਜਾ ਰਹੇ ਯਤਨ ਅਜੇ ਤੱਕ ਇੰਨੇ ਅਸਰਦਾਰ ਨਹੀਂ ਹੋ ਸਕੇ ਕਿ ਲੋਕਾਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਮਿਲ ਸਕਦਾ। ਉਨ੍ਹਾਂ ਕਿਹਾ ਕਿ ਅਜਿਹੇ ਦੁੱਖਾਂ ਦੇ ਮਾਰੇ ਲੋਕਾਂ ਲਈ ਸਹਾਇਤਾ ਭਿਜਵਾਉਣ ਵਾਲੇ ਪੰਜਾਬ ਵਾਸੀ ਧੰਨਵਾਦ ਦੇ ਪਾਤਰ ਹਨ।

ਦੂਜਿਆਂ ਦਾ ਦੁੱਖ-ਦਰਦ ਵੰਡਾਉਣਾ ਹੀ ਇਨਸਾਨੀਅਤ ਹੈ- ਰਜਿੰਦਰ ਸ਼ਰਮਾ
ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਖੀਆਂ ਅਤੇ ਲੋੜਵੰਦਾਂ ਦਾ ਦਰਦ ਵੰਡਾਉਣਾ ਹੀ ਸਹੀ ਅਰਥਾਂ ਵਿਚ ਇਨਸਾਨੀਅਤ ਹੈ। ਇਸ ਤੋਂ ਵੱਡਾ ਉੱਤਮ ਕਾਰਜ ਹੋਰ ਕੋਈ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨੂੰ ਜਿਥੇ ਕੁਰਬਾਨੀਆਂ ਅਤੇ ਦੇਸ਼ ਸੇਵਾ ਲਈ ਜਾਣਿਆ ਜਾਂਦਾ ਹੈ, ਉਥੇ ਇਸ ਦਾ ਰੁਤਬਾ ਸਮਾਜ ਸੇਵਾ ਦੇ ਖੇਤਰ ਵਿਚ ਵੀ ਬਹੁਤ ਉੱਚਾ ਹੋ ਗਿਆ ਹੈ। ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਛਤਰ-ਛਾਇਆ ਹੇਠ ਇਸ ਗਰੁੱਪ ਨੇ ਵੱਖ-ਵੱਖ ਫੰਡ ਅਤੇ ਰਾਹਤ ਮੁਹਿੰਮ ਚਲਾ ਕੇ ਪੀੜਤ ਪਰਿਵਾਰਾਂ ਨੂੰ ਕਰੋੜਾਂ ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਕਾਰਜ ਵਿਚ ਸਾਰੇ ਦੇਸ਼ਵਾਸੀਆਂ ਨੂੰ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਜੰਮੂ ਦੀ ਭਾਜਪਾ ਆਗੂ ਸ਼੍ਰੀਮਤੀ ਮੁਨੀਰਾ ਬੇਗਮ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੇਸ਼ ਭਰ ਦੀ ਅਜਿਹੀ ਪਹਿਲੀ ਸੰਸਥਾ ਹੈ, ਜਿਸ ਨੇ 20 ਸਾਲ ਪਹਿਲਾਂ ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਦੀ ਸਹਾਇਤਾ ਦਾ ਬੀੜਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿਚ ਅੱਜ ਵੀ ਅਨੇਕਾਂ ਅੱਤਵਾਦ ਪੀੜਤ ਨਰਕ ਵਰਗੀ ਜੂਨ ਹੰਢਾ ਰਹੇ ਹਨ। ਉਨ੍ਹਾਂ ਤੱਕ ਵੀ ਸਹਾਇਤਾ ਪਹੁੰਚਾਈ ਜਾਣੀ ਚਾਹੀਦੀ ਹੈ। 

ਇਸ ਮੌਕੇ 'ਤੇ ਸਰਪੰਚ ਸੁਰਜੀਤ ਸਿੰਘ ਅਤੇ ਬਿਸ਼ਨ ਦਾਸ ਸਹੋਤਾ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਇਸ ਮੁਹਿੰਮ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਅਤੇ ਹੌਸਲਾ ਮਿਲ ਰਿਹਾ ਹੈ। ਇਸ ਮੌਕੇ 'ਤੇ ਜਲੰਧਰ ਦੇ ਸ਼੍ਰੀ ਰਜਿੰਦਰ ਸ਼ਰਮਾ (ਭੋਲਾ ਜੀ), ਅਜੈ ਕੁਮਾਰ, ਕਰਨ ਰੰਧਾਵਾ (ਆਸਟ੍ਰੇਲੀਆ), ਲੁਧਿਆਣਾ ਦੇ ਮੈਡਮ ਨਿਕਿਤਾ ਪਾਂਡੇ, ਵਿਨੋਦ ਠਾਕਰ, ਸੁਖਵਿੰਦਰ ਸਿੰਘ ਸੰਨੀ ਅਤੇ ਇਲਾਕੇ ਦੇ ਆਗੂ ਮੌਜੂਦ ਸਨ।

Shyna

This news is Content Editor Shyna