500 ਪੁਲਸ ਕਰਮਚਾਰੀਆਂ ਨੇ ਸ਼ਹਿਰ ''ਚ ਕੱਢਿਆ ਫਲੈਗ ਮਾਰਚ

08/25/2017 7:02:00 AM

ਕਪੂਰਥਲਾ, (ਭੂਸ਼ਣ)- ਸੂਬੇ ਵਿਚ ਚੱਲ ਰਹੇ ਡੇਰਾ ਸੱਚਾ ਸੌਦਾ ਮਾਮਲੇ ਨੂੰ ਵੇਖਦੇ ਹੋਏ ਕਪੂਰਥਲਾ ਪੁਲਸ ਨੇ ਲੋਕਾਂ ਦਾ ਵਿਸ਼ਵਾਸ ਜਗਾਉਣ ਦੇ ਮਕਸਦ ਨਾਲ ਵੀਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਅਤੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੀ ਅਗਵਾਈ ਵਿਚ ਇਕ ਵਿਸ਼ਾਲ ਫਲੈਗ ਮਾਰਚ ਕੱਢਿਆ। ਕਰੀਬ 500 ਪੁਲਸ ਕਰਮਚਾਰੀਆਂ 'ਤੇ ਆਧਾਰਿਤ ਇਕ ਫਲੈਗ ਮਾਰਚ ਸ਼ਹਿਰ ਦੇ ਕਚਹਿਰੀ ਚੌਂਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਮਾਰਗਾਂ ਤੋਂ ਹੁੰਦਾ ਹੋਇਆ ਫਿਰ ਤੋਂ ਕਚਹਿਰੀ ਚੌਕ ਵਿਚ ਆ ਕੇ ਖ਼ਤਮ ਹੋਇਆ।  
ਕਰੀਬ 2 ਘੰਟੇ ਤਕ ਚਲਿਆ ਫਲੈਗ ਮਾਰਚ- ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਤੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੀ ਅਗਵਾਈ 'ਚ ਸ਼ਹਿਰ ਦੇ ਕਚਹਿਰੀ ਚੌਕ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਸਦਰ ਬਾਜ਼ਾਰ, ਜਲੌਖਾਨਾ ਚੌਕ, ਸ਼ਾਲੀਮਾਰ ਬਾਗ ਮਾਰਗ, ਅੰਮ੍ਰਿਤਸਰ ਰੋਡ, ਬੱਸ ਸਟੈਂਡ ਖੇਤਰ, ਡੀ. ਸੀ. ਚੌਕ, ਮਾਲ ਰੋਡ ਤੋਂ ਹੁੰਦਾ ਹੋਇਆ ਫਿਰ ਤੋਂ ਕਚਹਿਰੀ ਚੌਕ ਵਿਚ ਖ਼ਤਮ ਹੋ ਗਿਆ। ਜਿਸ ਦੇ ਦੌਰਾਨ ਪੁਲਸ ਕਰਮਚਾਰੀ ਆਧੁਨਿਕ ਹਥਿਆਰਾਂ ਨਾਲ ਲੈਸ ਸਨ।   
ਕੌਣ-ਕੌਣ ਸਨ ਫਲੈਗ ਮਾਰਚ 'ਚ ਸ਼ਾਮਲ- 
ਇਸ ਫਲੈਗ ਮਾਰਚ 'ਚ ਡੀ. ਐੱਸ. ਪੀ. ਸਬ-ਡਵੀਜ਼ਨ ਕਪੂਰਥਲਾ ਗੁਰਮੀਤ ਸਿੰਘ, ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ, ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਸੰਦੀਪ ਸਿੰਘ ਸੰਧੂ , ਡੀ. ਐੱਸ. ਪੀ. ਸਥਾਨਕ ਅਮਰੀਕ ਸਿੰਘ ਚਾਹਲ, ਡੀ. ਐੱਸ. ਪੀ. ਡੀ. ਸੋਹਨ ਲਾਲ ਦੇ ਨਾਲ-ਨਾਲ ਥਾਣਾ ਸਿਟੀ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ , ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ , ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ, ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜੋਗਿੰਦਰਪਾਲ, ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਚੰਦਨ ਕੁਮਾਰ, ਪੀ. ਸੀ. ਆਰ. ਟੀਮ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਸਮੇਤ ਵੱਖ-ਵੱਖ ਵਿੰਗਾਂ ਦੇ ਇੰਚਾਰਜ ਮੌਜੂਦ ਸਨ।