ਪਿਸਤੌਲ ਦੀ ਨੋਕ ''ਤੇ ਡਿਸਟਰੀਬਿਊਟਰ ਤੋਂ ਲੁੱਟੇ 50 ਹਜ਼ਾਰ

01/19/2018 6:05:31 AM

ਅੰਮ੍ਰਿਤਸਰ,  (ਸੰਜੀਵ)-  ਪਿਸਤੌਲ ਦੀ ਨੋਕ 'ਤੇ ਜੀਓ ਕੰਪਨੀ ਦੇ ਡਿਸਟਰੀਬਿਊਟਰ ਸੰਦੀਪ ਕੁਮਾਰ ਤੋਂ 5 ਅਣਪਛਾਤੇ ਲੁਟੇਰੇ 50 ਹਜ਼ਾਰ ਰੁਪਏ ਦੀ ਨਕਦੀ ਤੇ ਐਕਟਿਵਾ ਖੋਹ ਕੇ ਲੈ ਗਏ। ਵਾਰਦਾਤ ਉਸ ਸਮੇਂ ਹੋਈ ਜਦੋਂ ਸੰਦੀਪ ਕੁਮਾਰ ਆਪਣੇ ਦਫਤਰ ਤੋਂ ਨਿਕਲ ਕੇ ਘਰ ਜਾਣ ਦੀ ਤਿਆਰੀ ਵਿਚ ਸੀ ਅਤੇ ਲੁਟੇਰਿਆਂ ਨੇ ਉਸ ਨੂੰ ਘੇਰ ਕੇ ਨਕਦੀ ਖੋਹ ਲਈ। ਭੱਜਦੇ ਹੋਏ ਲੁਟੇਰਿਆਂ ਨੇ ਉਸ ਨੂੰ ਪਿਸਤੌਲ ਦੀ ਨੋਕ 'ਤੇ ਧੱਕਾ ਦਿੱਤਾ ਅਤੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੀ-ਡਵੀਜ਼ਨ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਸੰਦੀਪ ਕੋਲ ਕੰਮ ਕਰਨ ਵਾਲੇ ਇਕ ਕਰਮਚਾਰੀ ਨੂੰ ਜਾਂਚ ਲਈ ਹਿਰਾਸਤ ਵਿਚ ਲਿਆ ਹੈ।  ਸੰਦੀਪ ਕੁਮਾਰ ਜੀਓ ਕੰਪਨੀ ਦਾ ਡਿਸਟਰੀਬਿਊਟਰ ਹੈ ਅਤੇ ਮੰਡੀ ਫਤਿਹ ਸਿੰਘ ਨੇੜੇ ਆਪਣਾ ਦਫਤਰ ਚਲਾਉਂਦਾ ਹੈ। 10 ਦੇ ਕਰੀਬ ਉਸ ਦੇ ਕਰਮਚਾਰੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਸਿਮ ਵੇਚਦੇ ਹਨ, ਅੱਜ ਪੂਰੇ ਦਿਨ ਦੀ ਸੇਲ ਲੈ ਕੇ ਕਰਮਚਾਰੀ ਸੰਦੀਪ ਕੋਲ ਆਏ ਅਤੇ ਪੈਸੇ ਦੇ ਕੇ ਚਲੇ ਗਏ। ਕੁਝ ਦੇਰ ਬਾਅਦ ਸੰਦੀਪ ਆਪਣਾ ਦਫਤਰ ਬੰਦ ਕਰ ਕੇ ਜਦੋਂ ਬਾਹਰ ਨਿਕਲਿਆ ਅਤੇ ਐਕਟਿਵਾ ਸਟਾਰਟ ਕਰਨ ਲੱਗਾ, ਇੰਨੇ 'ਚ 4-5 ਅਣਪਛਾਤੇ ਨੌਜਵਾਨ ਆਏ ਅਤੇ ਉਸ 'ਤੇ ਪਿਸਤੌਲ ਤਾਣ ਦਿੱਤੀ। ਇਸ ਦੌਰਾਨ ਲੁਟੇਰੇ 50 ਹਜ਼ਾਰ ਰੁਪਏ ਦੀ ਨਕਦੀ ਤੇ ਉਸ ਦੀ ਐਕਟਿਵਾ ਲੈ ਕੇ ਫਰਾਰ ਹੋ ਗਏ।
ਕੀ ਕਹਿਣਾ ਹੈ ਪੁਲਸ ਦਾ? : ਥਾਣਾ ਸੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਰਵੀ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਕੇ ਖੇਤਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।