ਭਾਜਪਾ ਦੇ ਕੁਝ ਨੇਤਾ ਖੇਡ ਰਹੇ ਕਾਂਗਰਸ ਨਾਲ 50-50 ਮੈਚ

12/11/2017 7:36:36 AM

ਜਲੰਧਰ, (ਰਵਿੰਦਰ ਸ਼ਰਮਾ)— ਸੂਬੇ 'ਚ ਸਰਕਾਰ ਕਿਸੇ ਦੀ ਵੀ ਹੋਵੇ ਪਰ ਕੁੱਝ ਨੇਤਾ ਅਜਿਹੇ ਹਨ ਜੋ ਹਰ ਵਾਰ ਸੱਤਾ ਦਾ ਸੁੱਖ ਭੋਗਦੇ ਰਹਿੰਦੇ ਹਨ। ਅਜਿਹੇ ਹੀ ਕੁੱਝ ਨੇਤਾ ਅੰਦਰਖਾਤੇ ਦੂਜੀ ਪਾਰਟੀ ਦੀ ਮਦਦ ਕਰਨ ਤੋਂ ਝਿਜਕਦੇ ਨਹੀਂ ਹਨ। ਭਾਜਪਾ ਦੇ ਨੇਤਾ ਅਮਿਤ ਤਨੇਜਾ ਪਾਰਟੀ 'ਚ ਭਾਜਪਾ ਸੋਸ਼ਲ ਮੀਡੀਆ ਐਂਡ ਡਿਜੀਟਲ ਕਮਿਊਨੀਕੇਸ਼ਨ ਸਟੇਟ ਹੈੱਡ ਹਨ ਪਰ ਅੰਦਰਖਾਤੇ ਕਾਂਗਰਸੀ ਨੇਤਾਵਾਂ ਦੀ ਨਗਰ ਨਿਗਮ ਚੋਣਾਂ 'ਚ ਮਦਦ ਕਰਨ ਦੇ ਉਨ੍ਹਾਂ 'ਤੇ ਦੋਸ਼ ਲੱਗ ਰਹੇ ਹਨ। ਜਗ ਬਾਣੀ ਕੋਲ ਇਕ ਅਜਿਹੀ ਫੋਟੋ ਆਈ ਹੈ, ਜਿਸ 'ਚ 6 ਦਸੰਬਰ ਨੂੰ ਨਗਰ ਨਿਗਮ ਚੋਣਾਂ ਦੀ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਜਦੋਂ ਕਾਂਗਰਸ ਨੇਤਾ ਹਰਸਿਮਰਨਜੀਤ ਬੰਟੀ ਆਪਣੀ ਨਾਮਜ਼ਦਗੀ ਭਰਨ ਰਿਟਰਨਿੰਗ ਅਧਿਕਾਰੀ ਦੇ ਦਫਤਰ ਗਏ ਤਾਂ ਉਸ ਸਮੇਂ ਉਨ੍ਹਾਂ ਨਾਲ ਭਾਜਪਾ ਨੇਤਾ ਅਮਿਤ ਤਨੇਜਾ ਵੀ ਸਨ। ਇਹੀ ਨਹੀਂ ਰਿਟਰਨਿੰਗ ਅਧਿਕਾਰੀ ਨੂੰ ਫਾਈਲ ਸੌਂਪਦੇ ਸਮੇਂ ਵੀ ਅਮਿਤ ਤਨੇਜਾ ਕਾਂਗਰਸੀ ਨੇਤਾਵਾਂ ਨਾਲ ਹੀ ਸਨ। ਮਾਮਲਾ ਸਾਹਮਣੇ ਆਉਣ 'ਤੇ ਭਾਜਪਾ ਨੇਤਾਵਾਂ 'ਚ ਹੜਕੰਪ ਮਚ ਗਿਆ ਹੈ। ਤਨੇਜਾ ਦੇ ਵਿਰੋਧੀ ਤਾਂ ਇੱਥੋਂ ਤੱਕ ਕਹਿਣ ਲੱਗੇ ਹਨ ਕਿ ਉਹ ਅੰਦਰਖਾਤੇ ਕਾਂਗਰਸ ਦੀ ਮਦਦ ਕਰ ਰਹੇ ਹਨ। ਉਥੇ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਨੇ ਵੀ ਆਪਣੇ ਤੇਵਰ ਤਿੱਖੇ ਕਰ ਲਏ ਹਨ। ਅਕਾਲੀ ਦਲ ਦਾ ਕਹਿਣਾ ਹੈ ਕਿ ਭਾਜਪਾ ਨੇਤਾ ਜਾਣਬੁੱਝ ਕੇ ਜਿੱਥੇ ਅਕਾਲੀ ਦਲ ਉਮੀਦਵਾਰ ਖੜ੍ਹੇ ਹਨ, ਉਥੇ ਕਾਂਗਰਸੀ ਉਮੀਦਵਾਰਾਂ ਦੀ ਮਦਦ ਕਰ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਕੋਲ ਚੁੱਕਣਗੇ ਅਤੇ ਅਜਿਹੇ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕਰਨ ਨੂੰ ਕਿਹਾ ਜਾਵੇਗਾ।
ਕੌਂਸਲਰ ਰਹੇ ਹਰਸਿਮਰਨਜੀਤ ਬੰਟੀ ਨੂੰ ਇਸ ਵਾਰ ਵੀ ਕਾਂਗਰਸ ਹਾਈਕਮਾਨ ਨੇ ਵਾਰਡ ਨੰਬਰ 44 ਤੋਂ ਟਿਕਟ ਦਿੱਤੀ ਹੈ। 6 ਦਸੰਬਰ ਨੂੰ ਹਰਸਿਮਰਨਜੀਤ ਬੰਟੀ ਆਪਣੇ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨਾਲ ਰਿਟਰਨਿੰਗ ਅਧਿਕਾਰੀ ਕੋਲ ਆਪਣਾ ਨਾਮਜ਼ਦਗੀ ਪੱਤਰ ਭਰਨ ਗਏ ਸਨ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਬੰਟੀ ਨਾਲ ਨਾਮਜ਼ਦਗੀ ਪੱਤਰ ਭਰਦੇ ਸਮੇਂ ਭਾਜਪਾ ਨੇਤਾ ਅਮਿਤ ਤਨੇਜਾ ਵੀ ਸਨ। ਫਾਈਲ ਸੌਂਪਦੇ ਸਮੇਂ ਵੀ ਅਮਿਤ ਤਨੇਜਾ ਦੇ ਹੱਥ ਬੰਟੀ ਦੀ ਫਾਈਲ 'ਤੇ ਸਨ। ਅਮਿਤ ਤਨੇਜਾ ਦੇ ਇਸ ਤਰ੍ਹਾਂ ਕਾਂਗਰਸੀ ਨੇਤਾਵਾਂ ਨਾਲ ਖੁੱਲ੍ਹੇਆਮ ਨਾਮਜ਼ਦਗੀ ਦੇ ਸਮੇਂ ਦਿਖਾਈ ਦੇਣ ਤੋਂ ਕਾਂਗਰਸੀ ਤੇ ਭਾਜਪਾ ਦੋਵਾਂ ਪਾਰਟੀਆਂ 'ਚ ਕਾਫੀ ਹਲਚਲ ਵਧ ਗਈ ਹੈ। ਅਮਿਤ ਤਨੇਜਾ ਨੂੰ ਸੂਬਾ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਵਿਜੇ ਸਾਂਪਲਾ ਨੇ ਵੀ ਉਨ੍ਹਾਂ ਨੂੰ ਪਾਰਟੀ 'ਚ ਸੋਸ਼ਲ ਮੀਡੀਆ ਸਟੇਟ ਹੈੱਡ ਵਰਗਾ ਪ੍ਰਮੁੱਖ ਅਹੁਦਾ ਦਿੱਤਾ ਹੋਇਆ ਹੈ। 
ਜਿਸ ਤਰ੍ਹਾਂ ਤਨੇਜਾ ਨੇ ਕਾਂਗਰਸੀ ਨੇਤਾਵਾਂ ਦਾ ਸਾਥ ਦਿੱਤਾ ਹੈ, ਉਸ ਨਾਲ ਭਾਜਪਾ ਤੇ ਅਕਾਲੀ ਦਲ 'ਚ ਹਲਚਲ ਵਧ ਗਈ ਹੈ। ਭਾਜਪਾ ਨੇਤਾ ਜਿੱਥੇ ਇਸ ਨੂੰ ਪਾਰਟੀ ਨਾਲ ਵਿਸ਼ਵਾਸਘਾਤ ਦੱਸ ਰਹੇ ਹਨ ਤਾਂ ਉਥੇ ਅਕਾਲੀ ਨੇਤਾਵਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਨੇਤਾ ਜਾਣਬੁੱਝ ਕੇ ਕਾਂਗਰਸ ਦਾ ਸਾਥ ਦੇ ਕੇ ਅਕਾਲੀ ਉਮੀਦਵਾਰਾਂ ਨੂੰ ਹਰਾਉਣਾ ਚਾਹੁੰਦੇ ਹਨ। ਅਕਾਲੀ ਨੇਤਾਵਾਂ ਨੇ ਤਾਂ ਇਸ ਮਾਮਲੇ ਨੂੰ ਆਪਣੇ ਪਾਰਟੀ ਸੁਪਰੀਮੋ ਸੁਖਬੀਰ ਬਾਦਲ ਤੱਕ ਵੀ ਪਹੁੰਚਾ ਦਿੱਤਾ ਹੈ ਪਰ ਭਾਜਪਾ ਦੇ ਨੇਤਾ ਹੁਣ ਵੀ ਪੂਰੇ ਮਾਮਲੇ 'ਚ ਚੁੱਪ ਬੈਠੇ ਹਨ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸੀ ਨੇਤਾਵਾਂ ਦਾ ਸਾਥ ਦੇਣ ਵਾਲੇ ਭਾਜਪਾ ਦੇ ਇਸ ਨੇਤਾ 'ਤੇ ਪਾਰਟੀ ਕੀ ਐਕਸ਼ਨ ਲੈਂਦੀ ਹੈ।