ਪੰਜਾਬ ''ਚ 5ਵੇਂ ਦਿਨ 5 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

09/27/2019 9:26:30 PM

ਚੰਡੀਗੜ੍ਹ,(ਭੁੱਲਰ): ਵਿਧਾਨ ਸਭਾ ਹਲਕਾ ਫਗਵਾੜਾ (ਐੱਸ. ਸੀ.), ਮੁਕੇਰੀਆਂ, ਦਾਖਾ ਤੇ ਜਲਾਲਾਬਾਦ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ ਉਪ ਚੋਣਾਂ ਲਈ ਲਈ ਨਾਮਜ਼ਦਗੀ ਦਾਖਲ ਕਰਨ ਦੇ 5ਵੇਂ ਦਿਨ 5 ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਗੱਲ ਦੀ ਜਾਣਕਾਰੀ ਅੱਜ ਇਥੇ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਇਕ ਬੁਲਾਰੇ ਨੇ ਦਿੱਤੀ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 30 ਸਤੰਬਰ 2019 ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਨੰਬਰ 68 ਦਾਖਾ ਲਈ 4 ਨਾਮਜ਼ਦਗੀ ਪੱਤਰ ਅੱਜ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਅਤੇ ਹਰਕਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਅਤੇ ਗੁਰਪ੍ਰੀਤ ਕੋਰ ਥਿੰਦ ਸ਼ਾਮਲ ਹਨ, ਜਦਕਿ ਇਸ ਵਿਧਾਨ ਸਭਾ ਹਲਕੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਤੀਜੇ ਦਿਨ ਜੈ ਪ੍ਰਕਾਸ਼ ਜੈਨ ਨੇ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਵਿਧਾਨ ਸਭਾ ਹਲਕਾ ਨੰਬਰ 79 ਜਲਾਲਾਬਾਦ ਲਈ ਜਗਦੀਪ ਕੰਬੋਜ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਹੁਣ ਤੱਕ ਕੁਲ 6 ਨਾਮਜ਼ਦਗੀ ਪੱਤਰ ਦਖਲ ਹੋਏ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਨੰਬਰ 29 ਫਗਵਾੜਾ (ਐੱਸ. ਸੀ.) ਅਤੇ ਵਿਧਾਨ ਸਭਾ ਹਲਕਾ ਨੰਬਰ 39 ਲਈ ਕਿਸੇ ਵਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ 28 ਸਤੰਬਰ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ ਤੇ ਮਿਤੀ 29 ਸਤੰਬਰ, 2019 ਨੂੰ ਐਤਵਾਰ ਦੀ ਛੁੱਟੀ ਹੈ, ਇਸ ਕਾਰਨ ਇਨ੍ਹਾਂ ਦਿਨਾਂ 'ਚ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਕੀਤੇ ਜਾਣਗੇ।