5.50 ਲੱਖ ਕਿ.ਮੀ ਸਾਈਕਲ ਯਾਤਰਾ ਕਰ ਚੁੱਕੇ ਗੁਪਤਾ ਬਣਾਉਣਾ ਚਾਹੁੰਦੈ ਵਰਲਡ ਰਿਕਾਰਡ

05/22/2019 1:02:21 AM

ਰਾਏਕੋਟ, (ਭੱਲਾ)—16ਵੀਂ ਵਾਰ ਬਰਫਾਨੀ ਬਾਬਾ ਦੇ ਦਰਸ਼ਨਾਂ ਲਈ ਸਾਈਕਲ 'ਤੇ ਯਾਤਰਾ ਲਈ ਨਿਕਲੇ ਬਠਿੰਡਾ ਵਾਸੀ ਰਾਜਿੰਦਰ ਗੁਪਤਾ ਮੰਗਲਵਾਰ ਰਾਏਕੋਟ ਵਿਖੇ ਪੁੱਜੇ। ਰਾਜਿੰਦਰ ਗੁਪਤਾ ਨੇ ਦੱਸਿਆ ਕਿ ਉਹ 16ਵੀਂ ਵਾਰ ਸਾਈਕਲ 'ਤੇ ਸ਼੍ਰੀ ਅਮਰਨਾਥ ਦੀ ਯਾਤਰਾ ਲਈ ਰਵਾਨਾ ਹੋਏ। ਸ਼੍ਰੀ ਅਮਰਨਾਥ ਬਰਫਾਨੀ ਬਾਬਾ ਦੇ ਦਰਸ਼ਨ ਕਰਨ ਤੋਂ ਬਾਅਦ ਉਹ 122ਵੀਂ ਵਾਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਮਾਤਾ ਕਾਂਗੜਾ ਦੇਵੀ, ਮਾਤਾ ਚਾਮੁੰਡਾ ਦੇਵੀ, ਮਾਤਾ ਜਵਾਲਾ ਜੀ, ਮਾਤਾ ਨੈਣਾ ਦੇਵੀ, ਮਾਤਾ ਚਿੰਤਾਪੂਰਨੀ, ਮਾਤਾ ਮਨਸਾ ਦੇਵੀ, ਹਰਿਦੁਆਰ ਹੁੰਦੇ ਹੋਏ ਚਾਰੇ ਧਾਮ ਕੇਦਾਰਨਾਥ, ਬਦਰੀਨਾਥ, ਜਮੋਨਤੀ, ਗੰਗਤੋਰੀ ਦੇ ਦਰਸ਼ਨ ਕਰ ਕੇ ਗੋਮੁੱਖ ਤੋਂ ਗੰਗਾਜਲ ਲੈ ਕੇ ਸ਼ਿਵਰਾਤਰੀ ਮੌਕੇ ਵਾਪਸ ਪਰਤਣਗੇ। ਰਾਜਿੰਦਰ ਗੁਪਤਾ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾ ਤੋਂ ਸਾਈਕਲ 'ਤੇ ਧਾਰਮਕ ਅਸਥਾਨਾਂ ਦੀ ਯਾਤਰਾ ਕਰਦੇ ਆ ਰਹੇ ਹਨ ਅਤੇ ਹੁਣ ਤੱਕ 5 ਲੱਖ 50 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਲਗਾਤਾਰ ਸਾਈਕਲ 'ਤੇ ਯਾਤਰਾ ਕਰ ਕੇ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਪ੍ਰਭੂ ਦੀ ਕ੍ਰਿਪਾ ਨਾਲ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਧਾਰਮਕ ਅਸਥਾਨਾਂ ਦੀ ਵਾਰ-ਵਾਰ ਯਾਤਰਾ ਕਰਨਾ ਆਪਣਾ ਉਦੇਸ਼ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲੀ ਤਮੰਨਾ ਹੈ ਕਿ ਉਹ ਸਾਈਕਲ ਯਾਤਰਾ ਕਰ ਕੇ ਵਰਲਡ ਰਿਕਾਰਡ ਬਣਾ ਕੇ ਗਿੰਨੀਜ਼ 'ਚ ਆਪਣਾ ਨਾਂ ਦਰਜ ਕਰਵਾ ਸਕਣ।

KamalJeet Singh

This news is Content Editor KamalJeet Singh