ਸੇਬਾਂ ਨਾਲ ਲੱਦੇ ਟਰੱਕ ''ਚੋਂ 40 ਕਿਲੋ ਚੂਰਾ-ਪੋਸਤ ਬਰਾਮਦ

11/18/2017 3:24:19 AM

ਕਪੂਰਥਲਾ,  (ਭੂਸ਼ਣ)-  ਥਾਣਾ ਕੋਤਵਾਲੀ ਦੀ ਪੁਲਸ ਨੇ ਨਾਕਾਬੰਦੀ ਦੇ ਦੌਰਾਨ ਸ਼੍ਰੀਨਗਰ ਤੋਂ ਸੇਬਾਂ ਦੀਆਂ ਪੇਟੀਆਂ ਨਾਲ ਲੱਦੇ ਟਰੱਕ ਦੀ ਤਲਾਸ਼ੀ ਦੌਰਾਨ 40 ਕਿਲੋ ਚੂਰਾ-ਪੋਸਤ ਬਰਾਮਦ ਕੀਤੀ ਹੈ। ਇਸ ਪੂਰੀ ਕਾਰਵਾਈ ਦੌਰਾਨ ਟਰੱਕ ਦਾ ਮਾਲਕ ਤੇ ਚਾਲਕ ਪੁਲਸ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਏ ।  
ਕਪੂਰਥਲਾ-ਸੁਭਾਨਪੁਰ ਮਾਰਗ 'ਤੇ ਨਾਕਾਬੰਦੀ ਦੇ ਦੌਰਾਨ ਹੋਈ ਬਰਾਮਦਗੀ
ਥਾਣਾ ਕੋਤਵਾਲੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਨਿਰਵੈਰ ਸਿੰਘ ਨਾਲ ਕਪੂਰਥਲਾ-ਸੁਭਾਨਪੁਰ ਮਾਰਗ 'ਤੇ ਬੀਤੀ ਰਾਤ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਸੁਭਾਨਪੁਰ ਤੋਂ ਆ ਰਹੇ ਇਕ ਟਰੱਕ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਟਰੱਕ 'ਚੋਂ ਸੈਂਕੜੇ ਪੇਟੀਆਂ ਸੇਬ ਬਰਾਮਦ ਹੋਏ। ਸ਼੍ਰੀਨਗਰ ਤੋਂ ਸੇਬ ਲਿਆਉਣ ਦੀ ਆੜ 'ਚ ਟਰੱਕ 'ਚ ਬਣਾਏ ਗਏ ਬਕਸਿਆਂ ਤੋਂ ਚੂਰਾ ਪੋਸਤ ਦੀ ਸਮੱਗਲਿੰਗ ਕੀਤੀ ਜਾ ਰਹੀ ਸੀ। ਜਿਸਦੇ ਦੌਰਾਨ ਪੁਲਸ ਨੇ ਬਕਸਿਆਂ 'ਚੋਂ 40 ਕਿਲੋ ਚੂਰਾ-ਪੋਸਤ ਬਰਾਮਦ ਕੀਤਾ।  ਇਸ ਦੌਰਾਨ ਹਨੇਰੇ ਦਾ ਲਾਭ ਉਠਾ ਕੇ ਫਰਾਰ ਹੋਏ ਟਰੱਕ ਦੇ ਮਾਲਕ ਦੀ ਪਛਾਣ ਜੋਗਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਨਵਾਂ ਪਿੰਡ ਭੱਠੇ ਦੇ ਤੌਰ 'ਤੇ ਹੋਈ, ਜਦੋਂ ਕਿ ਟਰੱਕ ਚਾਲਕ ਦੀ ਪਛਾਣ ਬੱਗਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਠੀਕਰੀਵਾਲ ਹਾਲ ਵਾਸੀ ਨਜ਼ਦੀਕ ਪੁਰਾਣੀ ਜੇਲ ਕਪੂਰਥਲਾ ਦੇ ਤੌਰ 'ਤੇ ਹੋਈ । ਪੁੱਛਗਿਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਉਕਤ ਫਰਾਰ ਮੁਲਜ਼ਮ ਸੇਬਾਂ ਦੀ ਖੇਪ ਸ਼੍ਰੀਨਗਰ ਤੋਂ ਜੈਪੁਰ ਲੈ ਜਾ ਰਹੇ ਸਨ ਪਰ ਇਸ ਦੌਰਾਨ ਉਨ੍ਹਾਂ ਨੇ ਆਪਣੇ ਕਿਸੇ ਖਾਸ ਗਾਹਕ ਨੂੰ ਚੂਰਾ-ਪੋਸਤ ਦੇਣ ਲਈ ਟਰੱਕ ਨੂੰ ਕਪੂਰਥਲਾ ਦੇ ਵੱਲ ਮੋੜ ਦਿੱਤਾ । ਥਾਣਾ ਕੋਤਵਾਲੀ ਦੀ ਪੁਲਸ ਨੇ ਦੋਵੇਂ ਫਰਾਰ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ ਟਰੱਕ 'ਚ ਪਈ 970 ਪੇਟੀਆਂ ਸੇਬਾਂ ਨੂੰ ਉਸਦੇ ਸ਼੍ਰੀਨਗਰ ਤੋਂ ਆਏ ਮਾਲਕ ਦੇ ਹਵਾਲੇ ਕਰ ਦਿੱਤਾ ਗਿਆ।