ਚੂਹੇ ਕਾਰਨ 4 ਝੁੱਗੀਆਂ ਨੂੰ ਲੱਗੀ ਅੱਗ, ਹਜ਼ਾਰਾਂ ਦੀ ਨਕਦੀ, ਕੱਪੜੇ ਤੇ ਰਾਸ਼ਨ ਸੜ ਕੇ ਸੁਆਹ

10/03/2023 5:34:00 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸਥਾਨਕ ਜੇ. ਐੱਸ. ਨਗਰ ਦੇ ਖਾਲੀ ਪਲਾਟ ’ਚ ਦੇਰ ਸ਼ਾਮ ਗਰੀਬ ਪ੍ਰਵਾਸੀ ਮਜ਼ਦੂਰਾਂ ਦੀਆਂ 4 ਝੁੱਗੀਆਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈਆਂ। ਜਾਣਕਾਰੀ ਅਨੁਸਾਰ ਚੁਨਚੁਨ ਸ਼ਾਹ ਦਾ ਪਰਿਵਾਰ ਇੱਥੇ ਝੁੱਗੀਆਂ ਬਣਾ ਕੇ ਰਹਿ ਰਿਹਾ ਸੀ ਅਤੇ ਮਿਹਨਤ-ਮਜ਼ਦੂਰੀ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਇਕ ਝੁੱਗੀ ’ਚ ਰਹਿੰਦੀ ਔਰਤ ਨੇ ਭਗਵਾਨ ਦੀ ਫੋਟੋ ਅੱਗੇ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਜੋਤ ਜਗਾਈ ਅਤੇ ਉੱਥੇ ਘੁੰਮਦਾ ਚੂਹਾ ਜੋਤ ਨੂੰ ਖਿੱਚ ਕੇ ਲੈ ਗਿਆ, ਜਿਸ ਕਾਰਨ ਅੱਗ ਲੱਗ ਗਈ। ਇਕ ਝੁੱਗੀ ਤੋਂ ਸ਼ੁਰੂ ਹੋਈ ਅੱਗ ਕੁਝ ਹੀ ਪਲਾਂ ’ਚ ਫੈਲ ਗਈ, ਜਿਸ ਨੇ ਆਸ-ਪਾਸ ਬਣੀਆਂ 3 ਝੁੱਗੀਆਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਅੱਗ ਲੱਗਣ ਕਾਰਨ ਸਾਰੀਆਂ ਔਰਤਾਂ ਅਤੇ ਬੱਚੇ ਭੱਜ ਕੇ ਬਾਹਰ ਆ ਗਏ, ਜਿਸ ’ਤੇ ਗੁਆਂਢੀਆਂ ਨੇ ਪਾਣੀ ਦੀਆਂ ਪਾਈਪਾਂ ਲਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤਕ ਇਸ ’ਤੇ ਕਾਬੂ ਪਾਇਆ, ਉਦੋਂ ਤਕ ਗਰੀਬ ਮਜ਼ਦੂਰਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ।

ਅੱਗ ਐਨੀ ਤੇਜ਼ ਸੀ ਕਿ ਮਜ਼ਦੂਰਾਂ ਦੇ ਟਰੰਕਾਂ ’ਚ ਪਏ ਹਜ਼ਾਰਾਂ ਰੁਪਏ ਅਤੇ ਜੋ ਨਵੇਂ ਕੱਪੜੇ ਵੀ ਸੜ ਕੇ ਸੁਆਹ ਹੋ ਗਏ। ਇਸ ਅੱਗ ਨਾਲ ਗਰੀਬ ਮਜ਼ਦੂਰ ਪਰਿਵਾਰਾਂ ਦਾ ਜਿੱਥੇ ਆਸ਼ਿਆਨਾ ਤਾਂ ਖ਼ਤਮ ਹੋ ਹੀ ਗਿਆ, ਉੱਥੇ ਹੀ ਕੱਪੜਾ, ਰਾਸ਼ਨ ਅਤੇ ਪੈਸਾ ਵੀ ਸੜ ਕੇ ਸੁਆਹ ਹੋ ਗਿਆ। ਬੇਸ਼ੱਕ ਸਮਰਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਪਰ ਉਦੋਂ ਤਕ ਗੁਆਂਢੀਆਂ ਨੇ ਪਾਣੀ ਦੀਆਂ ਵਾਛੜਾਂ ਨਾਲ ਅੱਗ ਨੂੰ ਬੁਝਾ ਦਿੱਤਾ ਸੀ।

ਇਹ ਵੀ ਪੜ੍ਹੋ : ਕਰਨਾਲ ਤੋਂ ਆਇਆ ਸਾਢੇ 3 ਸਾਲ ਦਾ ਟੌਮੀ ਕਰੇਗਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਸੁਰੱਖਿਆ

ਲੋਕਾਂ ’ਚ ਰੋਸ : ਐਨੀ ਵੱਡੀ ਆਬਾਦੀ ਵਾਲੇ ਸ਼ਹਿਰ ’ਚ ਫਾਇਰ ਬ੍ਰਿਗੇਡ ਨਹੀਂ
ਮਾਛੀਵਾੜਾ ਇਲਾਕੇ ਦੇ ਲੋਕਾਂ ’ਚ ਇਸ ਗੱਲ ਦਾ ਰੋਸ ਸੀ ਕਿ ਐਨੀ ਵੱਡੀ ਆਬਾਦੀ ਵਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ’ਚ ਜੇਕਰ ਕੋਈ ਅੱਗ ਲੱਗ ਜਾਵੇ ਤਾਂ ਇੱਥੇ ਕੋਈ ਵੀ ਫਾਇਰ ਬ੍ਰਿਗੇਡ ਨਹੀਂ, ਸਗੋਂ ਐਮਰਜੈਂਸੀ ਹਾਲਾਤ ’ਚ ਸਮਰਾਲਾ ਤੋਂ ਗੱਡੀਆਂ ਆਉਂਦੀਆਂ ਹਨ ਪਰ ਉਦੋਂ ਤਕ ਸਭ ਕੁਝ ਰਾਖ਼ ਹੋ ਚੁੱਕਾ ਹੁੰਦਾ ਹੈ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਗਰੀਬ ਮਜ਼ਦੂਰ ਪਰਿਵਾਰਾਂ ਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : ਜਲੰਧਰ ’ਚ ਕਤਲ ਕੀਤੀਆਂ ਤਿੰਨ ਸਕੀਆਂ ਭੈਣਾਂ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha