ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 4 ਮਰੀਜ਼ਾਂ ਦੀ ਮੌਤ, 141 ਪਾਜ਼ੇਟਿਵ

12/02/2020 12:34:21 AM

ਲੁਧਿਆਣਾ,(ਸਹਿਗਲ)- ਮਹਾਨਗਰ ਵਿਚ ਕੋਰੋਨਾ ਦੇ ਕਹਿਰ ਕਾਰਨ ਜ਼ਿਲ੍ਹੇ ਦੇ ਹਸਪਤਾਲਾਂ ’ਚ 4 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 141 ਮਰੀਜ਼ ਪਾਜ਼ੇਟਿਵ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 118 ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 23 ਦੂਜੇ ਜ਼ਿਲਿਆਂ ਵਿਚ ਰਾਜਾਂ ਨਾਲ ਸਬੰਧਤ ਹਨ। ਸਿਵਲ ਸਰਜਨ ਮੁਤਾਬਕ ਜਿਨ੍ਹਾਂ ਚਾਰ ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ ਇਕ ਸਥਾਨਕ ਪਾਲਮ ਵਿਹਾਰ, ਪੱਖੋਵਾਲ ਰੋਡ ਦਾ ਰਹਿਣ ਵਾਲਾ 82 ਸਾਲਾ ਬਜ਼ੁਰਗ ਸੀ, ਜੋ ਸਿਵਲ ਹਸਪਤਾਲ ਵਿਚ ਭਰਤੀ ਸੀ, ਜਦੋਂਕਿ ਤਿੰਨ ਹੋਰਨਾਂ ਵਿਚੋਂ ਇਕ ਜਲੰਧਰ, ਇਕ ਫਤਹਿਗੜ੍ਹ ਸਾਹਿਬ ਅਤੇ ਇਕ ਜੰਮੂ ਅਤੇ ਕਸ਼ਮੀਰ ਰਾਜ ਦਾ ਨਿਵਾਸੀ ਸੀ। ਮਹਾਨਗਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 22,942 ਹੋ ਗਈ ਹੈ। ਇਨ੍ਹਾਂ ਵਿਚੋਂ 907 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਸ਼ਹਿਰਾਂ ਵਿਚ ਰਾਜਾਂ ਤੋਂ ਸਥਾਨਕ ਹਸਪਤਾਲ ਵਿਚ ਇਲਾਜ ਲਈ ਆਏ ਲੋਕਾਂ ਵਿਚੋਂ 3263 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ਵਿਚੋਂ 385 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਜ਼ਿਲੇ ਵਿਚ 21,136 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ ਵਿਚ 899 ਐਕਟਿਵ ਮਰੀਜ਼ ਰਹਿ ਗਏ ਹਨ।

ਕੋਵਿਡ-19 : ਸੈਲਫ ਮਾਨੀਟਰਿੰਗ ਕਰਨਗੇ ਮੈਡੀਕਲ ਸਟੂਡੈਂਟ ਫੈਕਲਟੀ ਅਤੇ ਸਟਾਫ
ਨੈਸ਼ਨਲ ਮੈਡੀਕਲ ਕਮਿਸ਼ਨਰ ਕੋਵਿਡ-10 ਸਬੰਧੀ ਗਾਇਡਲਾਈਨਜ਼ ਜਾਰੀ ਕੀਤੀਆਂ ਹਨ, ਜਿਸ ਦੇ ਤਹਿਤ ਸਟੂਡੈਂਟਸ ਫੈਕਲਟੀ ਅਤੇ ਸਟਾਫ ਦੀ ਸੁਰੱਖਿਆ ਲਈ ਹਰ ਸੰਭਵ ਉਪਾਅ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਕਾਲਜ ਕੈਂਪਸ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ। ਕਮਿਸ਼ਨਰ ਵੱਲੋਂ ਜਾਰੀ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਫ੍ਰੈਸ਼ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਦੇ ਕੋਰਸ ਦੀ ਸ਼ੁਰੂਆਤ ਵਿਚ ਪਹਿਲਾਂ ਹੀ ਕਈ ਮਹੀਨਿਆਂ ਦੀ ਦੇਰ ਹੋ ਚੁੱਕੀ ਹੈ ਅਤੇ ਇਹ ਵੀ ਕਮਿਸ਼ਨਰ ਦੇ ਨੋਟਿਸ ਵਿਚ ਆਇਆ ਹੈ ਕਿ ਕਈ ਹਸਪਤਾਲ ਜਿਨ੍ਹਾਂ ਨਾਲ ਮੈਡੀਕਲ ਕਾਲਜ ਵੀ ਹਨ, ਕੋਵਿਡ-19 ਹਸਪਤਾਲਾਂ ਵਿਚ ਤਬਦੀਲ ਹੋ ਚੁੱਕੇ ਹਨ, ਜਿਸ ਨਾਲ ਕੋਰੋਨਾ ਵਾਇਰਸ ਦਾ ਖਤਰਾ ਵਧਿਆ ਹੈ। ਹਦਾਇਤਾਂ ਵਿਚ ਸਟੂਡੈਂਟਸ ਫੈਕਲਟੀ ਅਤੇ ਸਟਾਫ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਲੈ ਕੇ ਸੈਲਫ ਮਾਨੀਟਰਿੰਗ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਸਕੇ।

ਕਾਲਜ ਕੰਪਲੈਕਸ ’ਚ ਸਾਫ-ਸਫਾਈ ਦਾ ਪੂਰਾ ਧਿਆਨ ਰੱਖਣ, ਸਮੇਂ-ਸਮੇਂ ’ਤੇ ਹੱਥ ਧੋਣ, ਕੰਪਲੈਕਸ ਵਿਚ ਨਾ ਥੁੱਕਣ ਤੋਂ ਇਲਾਵਾ ਸਾਰਿਆਂ ਨੂੰ ਅਰੋਗਿਆ ਸੇਤੂ ਐਪ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਸੁਰੱਖਿਆ ਮਾਪਦੰਡਾਂ ਤਹਿਤ ਰੋਜ਼ ਮੈਡੀਕਲ ਕਾਲਜ ਦੇ ਕੰਪਲੈਕਸ ’ਚ ਦਾਖਲ ਹੋਣ ਤੋਂ ਪਹਿਲਾਂ ਵਿਦਿਆਰਥੀ, ਫੈਕਲਟੀ ਅਤੇ ਸਟਾਫ ਦੀ ਥਰਮਲ ਸਕ੍ਰੀਨਿੰਗ ਕਰਨ ਲਈ ਬਾਹਰੀ ਐਕਸਪਰਟਾਂ ਦੀ ਕੈਂਪਸ ਵਿਚ ਆਉਣ ’ਤੇ ਰੋਕ ਲਗਾਉਣ, ਸਟਡੀ ਟੂਰ ਫੀਲਡ ਵਰਕ ’ਤੇ ਵੀ ਰੋਕ ਲਗਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕਾਲਜ ਦੇ ਦਾਖਲ ਹੋਣ ਅਤੇ ਬਾਹਰ ਜਾਣ ਦੇ ਰਸਤਿਆਂ ’ਤੇ ਸੁਰੱਖਿਆ ਦੇ ਪੂਰੇ ਮਾਪਦੰਡਾਂ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਪੁਰਾਣੇ ਬੈਚ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਸਾਰਿਆਂ ਦੀ ਜਾਂਚ ਅਤੇ ਉਨ੍ਹਾਂ ਨੂੰ ਆਈਸੋਲੇਟ ਕਰਨ ਉਪਰੰਤ ਹੀ ਕਲਾਸਾਂ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਦਯਾਨੰਦ ਮੈਡੀਕਲ ਕਾਲਜ ਦੇ ਡੀਨ ਅਕੈਡਮਿਕ ਡਾਕਟਰ ਰਾਜੂ ਸਿੰਘ ਛੀਨਾ ਨੇ ਦੱਸਿਆ ਕਿ ਨੈਸ਼ਨਲ ਮੈਡੀਕਲ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਗਾਇਡਲਾਈਨਜ਼ ਮਿਲ ਚੁੱਕੀਆਂ ਹਨ। ਨਵੇਂ ਆਉਣ ਵਾਲੇ ਬੈਚ ਦੀ ਸਾਰੀ ਕਾਊਂਸਲਿੰਗ ਚੱਲ ਰਹੀ ਹੈ। ਕਾਊਂਸਲਿੰਗ ਤੋਂ ਬਾਅਦ ਕਲਾਸਾਂ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ।

2349 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ’ਚ ਅੱਜ 1956 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 393 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਇਕੱਠੇ ਕੀਤੇ ਗਏ।

2520 ਸੈਂਪਲਾਂ ਦੀ ਰਿਪੋਰਟ ਪੈਂਡਿੰਗ

ਜ਼ਿਲੇ ਵਿਚ ਪਿਛਲੇ ਦਿਨੀਂ ਜਾਂਚ ਲਈ ਭੇਜੇ ਗਏ ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ’ਚੋਂ 2520 ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ।

187 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 207 ਵਿਅਕਤੀਆਂ ਦੀ ਸਕ੍ਰੀਨਿੰਗ ਉਪਰੰਤ 187 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਇਨ੍ਹਾਂ ਵਿਚ ਸਿਰਫ 12 ਮਰੀਜ਼ਾਂ ਵਿਚ ਕੋਰੋਨਾ ਦੇ ਲੱਛਣ ਸਾਹਮਣੇ ਆਏ। ਬਾਕੀ ਮਰੀਜ਼ ਆਸਿੰਪਟੋਮੈਟਿਕ ਦੱਸੇ ਜਾਂਦੇ ਹਨ।

7 ਮਰੀਜ਼ਾਂ ਦੀ ਹਾਲਤ ਗੰਭੀਰ

ਜ਼ਿਲਾ ਸਿਹਤ ਵਿਭਾਗ ਨੇ ਸਥਾਨਕ ਹਸਪਤਾਲਾਂ ’ਚ 7 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ 2 ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ ਹੋਰਨਾਂ ਪੰਜ ਦੂਜੇ ਰਾਜਾਂ ਜਾਂ ਜ਼ਿਲਿਆਂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

Bharat Thapa

This news is Content Editor Bharat Thapa