ਖੇਡ-ਖੇਡ 'ਚ ਵਾਪਰੀ ਅਣਹੋਣੀ, ਸਤਲੁਜ ਦਰਿਆ 'ਚ ਰੁੜੀਆਂ 4 ਲੜਕੀਆਂ

08/15/2020 1:54:09 PM

ਸਿੱਧਵਾਂ ਬੇਟ (ਚਾਹਲ) : ਬੇਟ ਇਲਾਕੇ ਦੇ ਪਿੰਡ ਚੰਡੀਗੜ੍ਹ ਦੀਆਂ ਛੰਨਾਂ ਵਿਖੇ ਬੀਤੇ ਦਿਨੀਂ ਬਾਅਦ ਦੁਪਿਹਰ 4 ਲੜਕੀਆਂ ਦੀ ਅਚਾਨਕ ਸਤਲੁਜ ਦਰਿਆ ਦੇ ਪਾਣੀ 'ਚ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਮਨ ਕੌਰ ਪੁਤਰੀ ਗੁਰਮੀਤ ਸਿੰਘ, ਕੁਲਵਿੰਦਰ ਕੌਰ ਪੁੱਤਰੀ ਮੁਖਤਿਆਰ ਸਿੰਘ, ਗਗਨਦੀਪ ਕੌਰ ਪੁੱਤਰੀ ਬਿੱਟੂ ਸਿੰਘ, ਮਨਪ੍ਰੀਤ ਕੌਰ ਪੁੱਤਰੀ ਰਾਜੂ ਸਿੰਘ ਵਾਸੀਅਨ ਚੰਡੀਗੜ੍ਹ ਦੀਆਂ ਛੰਨਾਂ ਹੋਰ ਲੜਕੀਆਂ ਨਾਲ ਨੇੜੇ ਗੁਜ਼ਰਦੇ ਸਤਲੁਜ ਦਰਿਆ ਦੇ ਕੰਢੇ ਖੇਡ ਰਹੀਆਂ ਸਨ ਤਾਂ ਅਚਾਨਕ ਪੈਰ ਫਿਸਲਣ ਕਾਰਣ ਉਹ ਨੇੜੇ ਡੂੰਘੇ ਟੋਏ 'ਚ ਜਾ ਡਿੱਗੀਆਂ। ਸਾਰੀਆਂ ਲੜਕੀਆਂ ਦੀ ਉਮਰ 11-12 ਸਾਲ ਦੇ ਕਰੀਬ ਦੱਸੀ ਗਈ ਹੈ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਮੌਕੇ ਗੜ੍ਹਸ਼ੰਕਰ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ

ਦੂਜੇ ਬੱਚਿਆਂ ਵਲੋਂ ਦੱਸਣ 'ਤੇ ਪਿੰਡ ਵਾਸੀਆਂ ਵਲੋਂ ਭਾਰੀ ਜੱਦੋ-ਜਹਿਦ ਤੋਂ ਬਾਅਦ ਲੜਕੀਆਂ ਨੂੰ ਪਾਣੀ 'ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਸਿੱਧਵਾਂ ਬੇਟ ਵਿਖੇ ਲਿਆਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਸਮੇਂ ਥਾਣਾ ਸਿੱਧਵਾਂ ਦੇ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਖੇਡ ਦੌਰਾਨ ਕੁੜੀਆਂ ਆਪਣੀਆਂ ਸੰਤੁਲਨ ਖੋਹ ਬੈਠੀਆਂ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਰਾਜੇਸ਼ ਠਾਕੁਰ ਨੇ ਦੱਸਿਆ ਕਿ ਨੇੜੇ ਖੇਡ ਰਹੇ ਬੱਚਿਆਂ ਵਲੋਂ ਇਹ ਹਾਦਸਾ ਦੇਖਿਆ ਗਿਆ ਅਤੇ ਫਿਰ ਪਿੰਡ ਦੇ ਲੋਕਾਂ ਨੂੰ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਫਿਰ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਪਰ ਉਦੋਂ ਤੱਕ ਕੁੜੀਆਂ ਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਲੁਧਿਆਣਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕ ਕੁਲਵਿੰਦਰ ਕੌਰ ਦੇ ਪਿਤਾ ਮੁਖਤਿਆਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੱਚੇ ਅਕਸਰ ਨਦੀ ਕੋਲ ਖੇਡਣ ਜਾਂਦੇ ਸਨ। ਉਸ ਦੇ ਪਿਤਾ ਨੇ ਭਾਵੁਕ ਹੁੰਦੇ ਕਿਹਾ ਕਿ ਉਸ ਦੀ ਧੀ 6ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਇਕ ਅਧਿਆਪਕਾ ਬਣਨਾ ਚਾਹੁੰਦੀ ਸੀ। ਮ੍ਰਿਤਕ ਲੜਕੀਆਂ ਦੀਆਂ ਲਾਸ਼ਾਂ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਘਟਨਾ ਬਾਰੇ ਪਤਾ ਲੱਗਣ 'ਤੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਜ਼ਿਲਾ ਪ੍ਰਧਾਨ ਸੋਨੀ ਗਾਲਿਬ ਆਪਣੀ ਟੀਮ ਸਮੇਤ ਤਰੁੰਤ ਘਟਨਾ ਸਥਾਨ 'ਤੇ ਪੁੱਜੇ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਦੋਆਬੇ 'ਚ ਕੁਝ ਇਸ ਤਰ੍ਹਾਂ ਰਿਹਾ ਆਜ਼ਾਦੀ ਦਿਹਾੜੇ ਦਾ 'ਜਸ਼ਨ' (ਤਸਵੀਰਾਂ)⠀

Anuradha

This news is Content Editor Anuradha