''ਵਰਲਡ ਫੂਡ ਇੰਡੀਆ-2017'' ਦੌਰਾਨ ਪੰਜਾਬ ''ਚ 3000 ਕਰੋੜ ਦੇ ਨਿਵੇਸ਼ ਲਈ 36 ਸਮਝੌਤੇ ਹੋਏ ਸਹੀਬੱਧ

11/05/2017 6:08:47 AM

ਚੰਡੀਗੜ੍ਹ  (ਭੁੱਲਰ) - ਨਵੀਂ ਦਿੱਲੀ 'ਚ ਚੱਲ ਰਹੇ 'ਵਰਲਡ ਫੂਡ ਇੰਡੀਆ-2017'  ਪ੍ਰੋਗਰਾਮ ਦੌਰਾਨ ਪੰਜਾਬ ਨੂੰ ਅਹਿਮ ਸਫ਼ਲਤਾ ਮਿਲੀ ਹੈ। ਇਸ ਪ੍ਰੋਗਰਾਮ ਦੌਰਾਨ ਰਾਜ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਮੌਜੂਦਗੀ 'ਚ 3000 ਕਰੋੜ ਰੁਪਏ ਦੇ ਨਿਵੇਸ਼ ਲਈ ਵੱਖ-ਵੱਖ ਕੰਪਨੀਆਂ ਨਾਲ ਇਸ ਦੌਰਾਨ 36 ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨ।  ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਕਿ ਪੰਜਾਬ ਅੰਦਰ ਫੂਡ ਪ੍ਰੋਸੈਸਿੰਗ ਖੇਤਰ ਦੇ ਪ੍ਰਫੁੱਲਤ ਹੋਣ ਲਈ ਭਰਪੂਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਉਦਯੋਗ ਅਤੇ ਵਪਾਰ ਵਿਕਾਸ ਨੀਤੀ-2017 ਵਿਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਪ੍ਰਮੁੱਖ ਤਰਜੀਹੀ ਖੇਤਰਾਂ ਵਿਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਸੂਬੇ ਅੰਦਰ ਇਸ ਖੇਤਰ ਦੇ ਵਿਕਾਸ ਲਈ ਢੁਕਵੀਆਂ ਰਿਆਇਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਉਨ੍ਹਾਂ ਦੱਸਿਆ ਕਿ ਹੋਰ ਸਮਝੌਤੇ ਸਹੀਬੱਧ ਕਰਨ ਬਾਰੇ ਜਿਸ ਤਰ੍ਹਾਂ ਦਾ ਉਸਾਰੂ ਹੁੰਗਾਰਾ ਮਿਲ ਰਿਹਾ ਹੈ, ਉਸਦੇ ਮੁਤਾਬਿਕ ਇਹ ਨਿਵੇਸ਼ 3500 ਕਰੋੜ ਰੁਪਏ ਤੱਕ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਪੰਜਾਬ ਵਿਚ 11000 ਨੌਕਰੀਆਂ ਪੈਦਾ ਹੋਣਗੀਆਂ। ਪੰਜਾਬ ਸਰਕਾਰ ਵਲੋਂ ਸੂਬੇ ਵਿਚ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਨਿਵੇਸ਼ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਦਿੱਤੀ ਗਈ ਪੇਸ਼ਕਾਰੀ ਨੂੰ ਵੇਖਣ ਲਈ ਲਗਭਗ 300 ਵੱਡੇ ਤੇ ਨਾਮਵਰ ਉਦਯੋਗਿਕ ਤੇ ਵਪਾਰਕ ਅਦਾਰਿਆਂ ਦੇ ਪ੍ਰਤੀਨਿਧੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਨੇ ਪੰਜਾਬ ਅੰਦਰ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਵੱਡੇ ਪੈਮਾਨੇ 'ਤੇ ਨਿਵੇਸ਼ ਕਰਨ ਲਈ ਉਸਾਰੂ ਹੁੰਗਾਰਾ ਭਰਿਆ।