353ਵਾਂ ਪ੍ਰਕਾਸ਼ ਪੁਰਬ : ਗੁਰਾਂ ਦੇ ਜਨਮ ਅਸਥਾਨ 'ਤੇ ਹਰ ਦਿਲ ਦਾ ਅਨੰਦਮਈ ਸ਼ੁਕਰਾਨਾ

01/03/2020 12:20:35 PM

ਪਟਨਾ ਸਾਹਿਬ (ਹਰਪ੍ਰੀਤ ਸਿੰਘ ਕਾਹਲੋ, ਸੰਦੀਪ ਸਿੰਘ) - ਪਟਨਾ ਸ਼ਹਿਰ ਦਾ ਹਰੀ ਬਾਜ਼ਾਰ ਸੰਗਤਾਂ ਨਾਲ ਠਾਠਾਂ ਮਾਰਦਾ ਸੀ। ਗੰਗਾ ਦਾ ਤੱਟ ਦਰਿਆਵਾਂ ਨਾਲ ਸੰਗਤ ਦੀ ਸਾਂਝ ਪਵਾ ਰਿਹਾ ਸੀ। ਦੂਰ-ਦੁਰਾਡਿਓਂ ਆਈ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਮਨਾ ਰਹੀ ਸੀ। ਵੱਖ-ਵੱਖ ਧਰਮਾਂ ਦੀਆਂ ਸਾਂਝਾਂ ਇੱਥੇ ਹਵਾਲਿਆਂ 'ਚ ਮਹਿਸੂਸ ਹੁੰਦੀਆਂ ਹਨ। ਗੁਰਦੁਆਰਾ ਗਊਘਾਟ ਸਾਹਿਬ ਕਹਿੰਦੇ ਹਨ, ਗੰਗਾ ਮਾਤਾ ਗਊ ਬਣ ਕੇ ਗੁਰਾਂ ਦੀ ਸੇਵਾ 'ਚ ਹਾਜ਼ਰ ਹੋ ਗਈ ਸੀ। ਪਟਨਾ ਸਾਹਿਬ ਦੀ ਡਿਊੜੀ ਦੇ ਨਾਲ ਸਾਂਝੀ ਕੰਧ 'ਤੇ ਉਸਰੀ ਮਸੀਤ 'ਚ ਕਹਿੰਦੇ ਹਨ, ਘੜਾਮ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਵੇਲੇ ਦਰਸ਼ਨਾਂ ਨੂੰ ਆਏ ਪੀਰ ਭੀਖਣ ਸ਼ਾਹ ਵੀ ਠਹਿਰੇ ਸਨ। ਬਿਹਾਰ ਦੇ ਸਥਾਨਕ ਵਾਸੀ ਘੰਟਿਆਂ ਤੱਕ ਲੰਮੀ ਕਤਾਰ 'ਚ ਗੁਰਾਂ ਦਾ ਲੰਗਰ ਛਕਣ ਅਤੇ ਮੱਥਾ ਟੇਕਣ ਲਈ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਇਹ ਸਾਰਾ ਹਾਲ ਇਸ ਸੱਭਿਅਤਾ ਦੇ ਉਸ ਦੌਰ ਨੂੰ ਵੱਡਾ ਸੰਦੇਸ਼ ਹੈ ਕਿ ਦੁਨੀਆ 'ਚ ਦਇਆ, ਪਿਆਰ ਅਤੇ ਇਨਸਾਨੀਅਤ ਸੰਗ ਸਾਂਝ ਪਾਉਣ ਲਈ ਕਿਸੇ ਜਾਤ, ਨਸਲ, ਰੰਗ ਜਾਂ ਖੇਤਰੀ ਪਛਾਣ ਦੀ ਲੋੜ ਨਹੀਂ ਹੁੰਦੀ।

ਜਗ ਬਾਣੀ ਦੀ ਟੀਮ 'ਚ ਸਾਡੇ ਨਾਲ ਤਸਵੀਰ ਘਾੜਾ ਸੁਰਿੰਦਰ ਨਾਰੰਗ ਹਿਸਾਰ ਤੋਂ ਅਤੇ ਵੀਡੀਓ ਕੈਮਰਾਮੈਨ ਗੁਰਦਾਸਪੁਰ ਤੋਂ ਹਰਮਨਪ੍ਰੀਤ ਸਿੰਘ ਹਨ। ਇੱਥੇ ਕਵਰੇਜ ਦੌਰਾਨ ਜਿਹੜੀਆਂ ਖ਼ਬਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਉਨ੍ਹਾਂ 'ਚ ਅਸੀਂ ਲੰਗਰ ਦੇ ਜਜ਼ਬੇ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਕਿ ਪਿਆਰ ਕਰਨ ਵਾਲਿਆਂ ਨੂੰ ਰੱਬ ਮਿਲਦਾ ਹੈ। ਇਸੇ ਅਹਿਸਾਸ 'ਚ ਦਇਆ, ਪ੍ਰਸ਼ਾਦ ਸੰਗ ਮਿਠਾਸ, ਦਰਸ਼ਨ ਸੰਗ ਸ਼ਰਧਾ ਅਤੇ ਮਦਦ ਸੰਗ ਸੇਵਾ ਦੀ ਭਾਵਨਾ ਲਈ ਸੰਗਤ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਹੋਰ ਗੁਰਧਾਮਾਂ 'ਤੇ ਸਿਜਦਾ ਹੋ ਰਹੀ ਹੈ। ਇਹ ਸਫ਼ਾ ਪੱਤਰਕਾਰੀ ਮਾਰਫਤ ਇਸ ਯਕੀਨ ਨਾਲ ਤੁਹਾਡੇ ਹਵਾਲੇ ਹੈ ਕਿ ਹਰ ਦਿਲ 'ਚ ਆਨੰਦਮਈ ਸ਼ੁਕਰਾਨਾ ਮਨੁੱਖਤਾ ਲਈ ਉਮੀਦ ਬਣੀ ਰਹੇ।

ਆਨੰਦ : ਬਿਹਾਰ ਸੂਬਾ ਗਰੀਬ ਜ਼ਰੂਰ ਹੈ ਪਰ ਦਿਲ ਤੋਂ ਗਰੀਬ ਨਹੀਂ, ਰਹਾਂਗੇ ਸੇਵਾ 'ਚ ਹਰਦਮ ਹਾਜ਼ਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮੱਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਦਰਸ਼ਨਾਂ ਨੂੰ ਪਹੁੰਚੇ, ਜਿਨਾਂ ਨੇ ਸੰਗਤਾਂ ਨੂੰ ਗੁਰੂ ਫਤਿਹ ਨਾਲ ਸੰਬੋਧਨ ਕੀਤਾ ਅਤੇ ਸੰਗਤਾਂ ਨੇ ਵੀ ਜਵਾਬ 'ਚ ਨਿੱਘੀ ਫਤਿਹ ਬੁਲਾਈ। ਉਨ੍ਹਾਂ ਇਸ ਦੇ ਨਾਲ ਹੀ ਬਿਹਾਰ ਸਰਕਾਰ ਵਲੋਂ ਸਭ ਨੂੰ 'ਜੀ ਆਇਆਂ ਨੂੰ' ਕਿਹਾ। ਨਿਤੀਸ਼ ਕੁਮਾਰ ਨੇ ਪਟਨਾ ਸਾਹਿਬ ਵਿਖੇ ਕੀਰਤਨ ਸਮਾਗਮ ਦੇ ਮੰਚ ਤੋਂ ਬੋਲਦਿਆਂ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੂੰ ਜੋ ਸੇਵਾਵਾਂ ਮਿਲੀਆਂ, ਅਸੀਂ ਉਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ। ਇਸ ਬਦੌਲਤ ਹੀ ਸਾਡੀ ਸੰਸਾਰ ਭਰ 'ਚ ਵਡਿਆਈ ਹੁੰਦੀ ਹੈ ਪਰ ਇਹ ਤਾਂ ਸਾਡੀ ਡਿਊਟੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿਰਫ ਸਿੱਖਾਂ ਦੇ ਹੀ ਨਹੀਂ ਸਗੋਂ ਸਾਡੇ ਸਭ ਦੇ ਹਨ। ਇਹ ਸਾਡਾ ਗੌਰਵ ਹੈ ਕਿ ਉਨ੍ਹਾਂ ਦਾ ਜਨਮ ਬਿਹਾਰ ਦੀ ਧਰਤੀ 'ਤੇ ਹੋਇਆ। ਉਨ੍ਹਾਂ ਇਸ ਮੌਕੇ ਪਟਨਾ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਪੱਕੇ ਤੌਰ 'ਤੇ ਟੈਂਟ ਸਿਟੀ ਬਣਾਉਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਿਹਾਰ ਗਰੀਬ ਸੂਬਾ ਜ਼ਰੂਰ ਹੈ ਪਰ ਦਿਲ ਤੋਂ ਗਰੀਬ ਨਹੀਂ ਅਤੇ ਅਸੀਂ ਬਿਹਾਰ ਵਾਸੀ ਸਦਾ ਸੇਵਾ 'ਚ ਹਾਜ਼ਰ ਰਹਾਂਗੇ। 

ਨਿਤੀਸ਼ ਕੁਮਾਰ ਨੇ ਕਿਹਾ ਕਿ ਜ਼ਿਲਾ ਨਾਲੰਦਾ ਦੇ ਰਾਜਗੀਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਸਾਡੇ ਲਈ ਹੋਰ ਆਨੰਦਮਈ ਹੈ। ਉਨ੍ਹਾਂ ਆਪਣੀਆਂ ਉਦਾਸੀਆਂ 'ਚ ਸਾਡੀ ਧਰਤੀ ਨੂੰ ਭਾਗ ਲਾਏ। ਉਹ ਬਕਸਰ ਤੋਂ ਹੁੰਦਿਆਂ ਪਾਟਲੀਪੁੱਤਰ ਗਏ, ਗਯਾ ਗਏ ਅਤੇ ਇੰਝ ਹੀ ਰਾਜਗੀਰ ਵੀ ਪਹੁੰਚੇ। ਗੁਰੂ ਸਾਹਿਬ ਜੀ ਨੇ ਰਾਜਗੀਰ ਵਿਖੇ ਠੰਡੇ ਪਾਣੀ ਦਾ ਕੁੰਡ ਵਹਾ ਦਿੱਤਾ ਅਤੇ ਅੱਜ ਅਸੀਂ ਉਸ ਪਵਿੱਤਰ ਥਾਂ ਨੂੰ ਸ਼ੀਤਲਕੁੰਡ ਵਜੋਂ ਯਾਦ ਕਰਦੇ ਹਾਂ। ਇਹ ਸਾਡੇ ਲਈ ਖੁਸ਼ੀ ਦਾ ਦੂਣਾ ਹੋਣਾ ਹੈ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ 27 ਦਸਬੰਰ ਤੋਂ ਤਿੰਨ ਦਿਨਾ ਰੂਹਾਨੀ ਸਮਾਗਮ 550 ਸਾਲਾਂ ਨੂੰ ਸਮਰਪਿਤ ਰਾਜਗੀਰ ਵਿਖੇ ਮਨਾਇਆ। ਇੰਝ ਅਸੀਂ ਸਦਾ ਪਟਨਾ ਸਾਹਿਬ ਦੇ ਨਾਲ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਰਾਜਗੀਰ ਵਿਖੇ ਮਨਾਇਆ ਕਰਾਂਗੇ। 

ਇਸ ਮੌਕੇ ਬਿਹਾਰ ਦੇ ਗਵਰਨਰ ਫਾਗੂ ਚੌਹਾਨ ਵੀ ਮੱਥਾ ਟੇਕਣ ਪਹੁੰਚੇ। ਉਨ੍ਹਾਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 24 ਕੈਰੇਟ ਸੋਨੇ ਦਾ ਸਿੱਕਾ ਜਾਰੀ ਕੀਤਾ। ਇਹ ਯਾਦਗਾਰੀ ਸਿੱਕਾ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਘੜਿਆ ਗਿਆ। ਇਸ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵਲੋਂ ਕੈਲੰਡਰ ਜਾਰੀ ਕੀਤਾ ਗਿਆ ਅਤੇ ਪੰਥ ਦੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਗੁਰਪੁਰਬ ਮੌਕੇ ਦੇਰ ਰਾਤ ਤੱਕ ਗੁਰੂ ਘਰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਗਿਆ। ਇਸ ਮੌਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਤੋਂ ਇਲਾਵਾ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਅਤੇ ਸੰਤ ਸਮਾਜ ਦੇ ਕੀਰਤਨੀਆਂ ਨੇ ਵੀ ਹਾਜ਼ਰੀ ਲਵਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਤੋਂ ਅਵਤਾਰ ਸਿੰਘ ਹਿਤ, ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਗੋਂਵਾਲ, ਅਕਾਲੀ ਆਗੂ ਬਲਵਿੰਦਰ ਸਿੰਘ ਭੁੰਦੜ ਵੀ ਸ਼ਾਮਲ ਹੋਏ।


ਲੰਗਰ : ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ
ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਵਿਖੇ ਸੰਪਰਦਾਇ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ। ਗੁਰਪੁਰਬ ਸਮੇਂ ਇਸ ਸੇਵਾ 'ਚ ਪੰਜਾਬ ਤੋਂ 50 ਪਿੰਡਾਂ ਸਣੇ ਦੇਸ਼ ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤ ਪਹੁੰਚਦੀ ਹੈ। ਲਗਭਗ 7000 ਸੇਵਾਦਾਰਾਂ ਨਾਲ ਦਿਨ ਰਾਤ ਚੱਲਣ ਵਾਲੀ ਸੇਵਾ 'ਚ ਇਹ ਖੁਸ਼ੀ ਦਾ ਲੰਗਰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਵਰਤਾਇਆ ਜਾਂਦਾ ਹੈ। ਕਾਰ ਸੇਵਾ ਦੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਲੰਗਰ ਬਾਰੇ ਵਿਸਥਾਰ 'ਚ ਗੱਲ ਕਰਦੇ ਹੋਏ ਕਹਿੰਦੇ ਹਨ,''ਲੰਗਰ ਸਿਰਫ ਦਾਲ ਰੋਟੀ ਨਹੀਂ ਹੈ। ਇਹ ਆਪਣੇ ਆਪ 'ਚ ਧਰਮ 'ਚ ਰਹਿੰਦੇ, ਧਰਮ ਦੇ ਨਾਮ 'ਤੇ ਉਹ ਫਲਸਫਾ ਹੈ, ਜੋ ਸਾਨੂੰ ਸਾਡੇ ਵੱਡੇ ਵਡੇਰਿਆਂ ਤੋਂ ਮਿਲਿਆ। ਸਾਡੇ ਵੱਡੇ ਵਡੇਰਿਆਂ ਨੂੰ ਇਹ ਰੀਤ ਗੁਰੂ ਪਾਤਸ਼ਾਹ ਤੋਂ ਮਿਲੀ। ਇਹ ਆਪੋ ਆਪਣੀ ਦਸਵੰਦ ਹੈ। ਇਹ ਆਪੋ ਆਪਣੀ ਜ਼ਿੰਮੇਵਾਰੀ ਹੈ। ਲੰਗਰ ਸਾਡੀ ਮਰਿਆਦਾ ਦਾ ਹਿੱਸਾ ਹੈ। ਇਹ ਸਾਡੇ ਗੁਰੂ ਸਾਹਿਬ ਦੀ ਰੀਤ ਹੈ। 



ਇਸ ਦੌਰ ਅੰਦਰ ਲੰਗਰ ਨੂੰ ਲੈ ਕੇ ਚਰਚਾਵਾਂ ਬਾਰੇ ਗੱਲ ਕਰਦੇ ਬਾਬਾ ਕਸ਼ਮੀਰ ਸਿੰਘ ਦਾ ਨਜ਼ਰੀਆ ਹੈ ਕਿ ਚਾਹੇ ਗਲੀ ਮੁਹੱਲੇ 'ਚ ਨਿੱਕਾ ਜਿਹਾ ਲੰਗਰ ਹੋਏ ਜਾਂ ਗੁਰਪੁਰਬਾਂ ਮੌਕੇ ਵਰਤਾਏ ਜਾਂਦੇ ਵੱਡੇ ਲੰਗਰ ਹੋਣ, ਇਸ ਬਾਰੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਅੱਜ ਲੰਗਰ ਦਾ ਹਿੱਸਾ ਬਣਦਾ ਹੈ, ਉਹ ਕੱਲ ਨੂੰ ਸੇਵਾ ਦੇ ਰਾਹ 'ਚ ਜਾਵੇਗਾ। ਇਹ ਸੇਵਾ ਹੀ ਹੈ ਜੋ ਬੰਦੇ ਨੂੰ ਨਿੱਜੀ ਸੋਚ ਤੋਂ ਉੱਪਰ ਲੋਕਾਈ ਦੇ ਦਰਦ ਦਾ ਅਹਿਸਾਸ ਕਰਵਾਉਂਦੀ ਹੈ। ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਕਾਰ ਸੇਵਾ ਭੂਰੀ ਵਾਲਿਆਂ ਨੂੰ ਸੇਵਾ ਕਰਨ ਦਾ ਮੌਕਾ 2010 ਤੋਂ ਮਿਲਿਆ ਹੈ। ਪਟਨਾ ਸਾਹਿਬ ਵਿਖੇ ਸੇਵਾ ਨੂੰ ਸਮਰਪਿਤ ਉਨ੍ਹਾਂ ਨੂੰ ਇਕ ਦਹਾਕਾ ਹੋ ਗਿਆ ਹੈ। ਆਪਣੇ ਤਜਰਬੇ ਬਾਰੇ ਬੋਲਦੇ ਲੰਗਰ 'ਚ ਸ਼ਾਮਲ ਸੇਵਾਦਾਰ ਦੱਸਦੇ ਹਨ ਕਿ ਅਸੀਂ ਵੇਖਿਆ ਹੈ ਕਿ ਦੂਰ-ਦੁਰਾਡੇ ਤੋਂ ਸੰਗਤ ਇੱਥੇ ਹਰ ਸਾਲ ਸੇਵਾ ਵਿਚ ਸ਼ਾਮਲ ਹੁੰਦੀ ਹਨ। ਬਾਬਾ ਕਸ਼ਮੀਰ ਸਿੰਘ ਮੁਤਾਬਕ ਇੱਥੋਂ ਰੋਜ਼ਾਨਾ ਬਿਹਾਰ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਲਗਭਗ 2000 ਮਰੀਜ਼ਾਂ ਦਾ ਲੰਗਰ ਜਾਂਦਾ ਹੈ। ਇਸ ਤੋਂ ਇਲਾਵਾ ਸਥਾਨਕ ਵਾਸੀਆਂ ਲਈ ਹੋਰ ਸਿਹਤ ਸਹੂਲਤਾਂ ਅਤੇ ਸਾਫ ਸਫਾਈ ਦੇ ਕੰਮ ਵੀ ਹੁੰਦੇ ਹਨ। ਲੰਗਰ ਸਾਨੂੰ ਇਹੋ ਤਾਂ ਸਿਖਾਉਂਦਾ ਹੈ ਕਿ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ! ਇਹ ਸੇਵਾ ਸਾਡੇ ਹਿੱਸੇ ਆਈ ਅਤੇ ਅਸੀਂ ਗੁਰੂ ਘਰ ਦੇ ਸੇਵਾਦਾਰਾਂ ਨੇ ਇਹ ਸੇਵਾ ਕੀਤੀ।

ਸਿੱਖੀ ਦਾ ਬੁਨਿਆਦੀ ਸੁਭਾਅ ਦਇਆ, ਪਿਆਰ, ਨੇਕੀ, ਪਰਉਪਕਾਰ, ਸ਼ਹੀਦੀ ਅਤੇ ਸੂਰਬੀਰਤਾ ਨਾਲ ਬਣਿਆ ਹੈ। ਅਸੀਂ ਬਚਨ ਦੇ ਨਾਲ ਜਿਊਂਦੇ ਹਾਂ। ਇਹ ਸਾਨੂੰ ਸਾਡੀ ਰਵਾਇਤਾਂ ਵਿੱਚੋਂ ਵਾਇਆ ਵਿਰਾਸਤ ਮਿਲਿਆ ਹੈ। ਦਿੱਲੀ ਦਰਦਮੰਦਾਂ ਦੇ ਧਰਨਿਆਂ 'ਚ ਚਾਹੇ ਕਿਸਾਨ ਹੋਵੇ, ਕੋਈ ਜਥੇਬੰਦੀ ਹੋਏ, ਦਾ ਆਸਰਾ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਹਨ। ਜੰਗ ਦੇ ਖੌਫ਼ 'ਚ ਬੈਠੇ ਲੋਕਾਂ ਲਈ ਖ਼ਾਲਸਾ ਏਡ ਪਹੁੰਚਦੀ ਹੈ। ਇੰਝ ਹੀ ਅਸੀਂ ਇੱਥੇ ਹਾਂ। ਲੰਗਰ ਦੀ ਅਤਿ ਆਲੋਚਨਾ 'ਚ ਇਸ ਦੀ ਭਾਵਨਾ ਸਮਝ ਆਵੇ ਤਾਂ ਇਹ ਸਿੱਖੀ ਦੀ ਨਿਸ਼ਾਨੀ ਹੈ। ਲੰਗਰ ਛਕਣ ਵਾਲਾ, ਬਣਾਉਣ ਵਾਲਾ ਅਤੇ ਵਰਤਾਉਣ ਵਾਲਿਆਂ 'ਚ ਅਸੀਂ ਨਹੀਂ ਜਾਣਦੇ ਕਿ ਉਹ ਕਿਸ ਨਸਲ, ਰੰਗ, ਜਾਤ ਦਾ ਹੈ। ਇਸੇ ਇਨਸਾਨੀਅਤ ਦੀ ਗੁੜ੍ਹਤੀ ਸਾਨੂੰ ਸਾਡੇ ਗੁਰਾਂ ਨੇ ਲੰਗਰ 'ਚ ਦਿੱਤੀ ਹੈ।


ਬਾਬਾ ਕਸ਼ਮੀਰਾ ਸਿੰਘ ਕਹਿੰਦੇ ਹਨ ਕਿ ਇਹ ਸਾਡੀ ਜਮਾਤ ਹੈ ਅਤੇ ਸਾਨੂੰ ਇਸ 'ਤੇ ਮਾਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਅਹਿਸਾਸ ਨੂੰ ਯਾਦ ਰੱਖੋ ਕਿ ਖੁਸ਼ੀ ਹੋਵੇ ਜਾਂ ਗ਼ਮ ਸਾਡੇ ਲੰਗਰ ਬਣਨਾ ਹੀ ਹੈ ਅਤੇ ਆਨੰਦ ਸਾਹਿਬ ਪਾਠ ਪੜ੍ਹਨਾ ਹੀ ਹੈ। ਗੁਰੂ ਨਾਨਕ ਦੇਵ ਜੀ ਨੇ ਸਾਧਾਂ ਨੂੰ ਲੰਗਰ ਛਕਾਇਆ ਤਾਂ ਖਡੂਰ ਸਾਹਿਬ ਮਾਤਾ ਖੀਵੀ ਨੇ ਦੇਸੀ ਘਿਓ ਨਾਲ ਖੀਰ ਖਵਾਈ। ਗੁਰੂ ਅਮਰ ਦਾਸ ਪਾਤਸ਼ਾਹ ਨੇ ਬਾਦਸ਼ਾਹ ਅਕਬਰ ਨੂੰ ਲੰਗਰ ਮਾਰਫਤ ਹੀ ਦੱਸਿਆ ਕਿ ਪਹਿਲਾਂ ਪੰਗਤ ਪਾਛੇ ਸੰਗਤ। ਇੰਝ ਅਸੀਂ ਆਪਣੀਆਂ ਰੀਤਾਂ ਦਾ ਫਲਸਫਾ ਸਮਝੀਏ ਅਤੇ ਚੰਗੇ ਰਾਹਾਂ ਵੱਲ ਵੱਧ ਸਕਦੇ ਹਾਂ। ਇਸ ਸਮੇਂ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਵਿਖੇ 275 ਕਮਰਿਆਂ ਦੇ ਦੋ ਵੱਡੇ ਕੰਪਲੈਕਸ ਹਨ ਪਰ ਪਟਨਾ ਸਾਹਿਬ ਵੱਧ ਰਹੀ ਸੰਗਤ ਨੂੰ ਧਿਆਨ 'ਚ ਰੱਖਦਿਆਂ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ 2021 'ਚ ਇਕ ਹੋਰ 300 ਕਮਰਿਆਂ ਦੀ ਸਰਾਂ ਉਸਾਰਨ ਜਾ ਰਹੇ ਹਨ। ਸੰਗਤਾਂ 'ਲੰਗਰ' 'ਚ ਸੇਵਾ ਦੇ ਕਾਰਜ 'ਚ ਆਪਣਾ ਆਪ ਸ਼ਾਮਲ ਕਰ 353ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ।

ਪ੍ਰਸ਼ਾਦ : ਪਿੰਨੀ ਪ੍ਰਸ਼ਾਦ ਦੀ ਮਿਠਾਸ ਸੰਗਤਾਂ ਲਈ
ਤਖ਼ਤ ਪਟਨਾ ਸਾਹਿਬ ਵਿਖੇ ਆਈਆਂ ਸੰਗਤਾਂ ਆਪਣੇ ਲਈ ਪਿੰਨੀ ਪ੍ਰਸ਼ਾਦ ਪ੍ਰਾਪਤ ਕਰਦੀਆਂ ਹਨ। ਆਟਾ, ਸ਼ੁੱਧ ਦੇਸੀ ਘਿਓ ਅਤੇ ਖੰਡ ਸਮੱਗਰੀ ਨਾਲ ਤਿਆਰ ਕਰ ਸੇਵਾਦਾਰਾਂ ਨੇ ਸੰਗਤਾਂ ਲਈ 150000 ਪੈਕੇਟ ਤਿਆਰ ਕੀਤੇ ਹਨ। ਪਿੰਨੀ ਪ੍ਰਸ਼ਾਦ ਦੇ ਇੰਚਾਰਜ ਜਗਮੋਹਨ ਸਿੰਘ ਮੁਤਾਬਕ ਇੰਨੇ ਪੈਕੇਟ ਅਸੀਂ ਪਹਿਲ ਦੇ ਅਧਾਰ 'ਤੇ ਤਿਆਰ ਕੀਤੇ ਹਨ। ਬਾਕੀ ਸੰਗਤ ਦੀ ਸੰਖਿਆਂ ਮੁਤਾਬਕ ਅਸੀਂ ਨਾਲੋਂ-ਨਾਲ ਹੋਰ ਤਿਆਰ ਕਰੀ ਜਾਵਾਂਗੇ। ਪਟਨਾ ਸਾਹਿਬ ਤੋਂ ਪਿੰਨੀ ਪ੍ਰਸ਼ਾਦ ਲਈ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਇਕ ਪੈਕੇਟ ਪਿੰਨੀ ਪ੍ਰਸ਼ਾਦ ਦੀ ਭੇਟਾ 20 ਰੁਪਏ ਹੈ। ਜਗਮੋਹਨ ਸਿੰਘ ਦੱਸਦੇ ਹਨ ਕਿ ਪਿਛਲੇ 5 ਦਿਨਾਂ ਤੋਂ ਰੋਜ਼ਾਨਾ 2 ਲੱਖ ਰੁਪਏ ਦਾ ਪਿੰਨੀ ਪ੍ਰਸ਼ਾਦ ਸੰਗਤਾਂ ਤੱਕ ਪਹੁੰਚ ਰਿਹਾ ਹੈ ਅਤੇ ਪ੍ਰਕਾਸ਼ ਦਿਹਾੜੇ 'ਤੇ ਇਹ ਹੋਰ ਵਧਣ ਦੀ ਸੰਭਾਵਨਾ ਹੈ।


ਸ਼ਰਧਾ : 2600189 ਅੰਕੜਾ ਨਹੀਂ 'ਸ਼ਰਧਾ ਦੇ ਦਸਤਖ਼ਤ' ਹਨ
ਬਿਹਾਰ ਸਰਕਾਰ ਦੇ ਸੈਰ ਸਪਾਟਾ ਮਹਿਕਮਾ 350ਵੇਂ ਪ੍ਰਕਾਸ਼ ਪੁਰਬ ਤੋਂ ਬਾਅਦ ਸਿੱਖ ਭਾਵਨਾਵਾਂ ਨੂੰ ਮੁਹੱਬਤ ਨਾਲ ਸਮਝ ਰਿਹਾ ਹੈ। ਇਸ ਲਈ ਬਕਾਇਦਾ ਤਖ਼ਤ ਪਟਨਾ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਦੀ ਸਫਾਈ, ਰੇਲ ਪੁਲਾਂ ਦੀ ਉਸਾਰੀ ਅਤੇ ਹੋਰ ਬੁਨਿਆਦੀ ਢਾਂਚੇ ਉੱਤੇ ਪਹਿਲ ਦੇ ਅਧਾਰ 'ਤੇ ਕੰਮ ਕੀਤਾ ਗਿਆ ਹੈ। ਪਟਨਾ ਸਾਹਿਬ ਦੇ ਅੰਦਰ ਸੈਰ ਸਪਾਟਾ ਦਫਤਰ ਦੇ ਮੁਖੀ ਬੀ.ਕੇ. ਸਿੰਘ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਹਿੰਦੇ ਹਨ ਕਿ ਸਾਡੇ ਲਈ ਦੋ ਮੁੱਢਲੀਆਂ ਚੁਣੌਤੀਆਂ ਸਨ। ਪਹਿਲਾਂ ਅਸੀਂ ਆਪਣੇ ਬਿਹਾਰ ਦੀ ਲੋਕ ਮਨਾਂ 'ਚ ਬਣੀ ਤਸਵੀਰ ਨੂੰ ਸੁਧਾਰੀਏ ਅਤੇ ਦੂਜਾ ਅਸੀਂ ਇਸ ਨੂੰ ਦਿਲੋਂ ਸਮਝੀਏ ਕਿ ਬਿਹਾਰ ਦੀ ਧਰਤੀ ਅਧਿਆਤਮਕ ਅਤੇ ਇਤਿਹਾਸਕ ਵਿਰਾਸਤ ਦੀ ਮਹਾਨ ਧਰਤੀ ਹੈ। ਇੱਥੇ ਮਹਾਨ ਅਸ਼ੋਕ ਦੀ ਧਰਤੀ ਹੈ, ਜੋ ਦੁਨੀਆ ਦਾ ਅਜਿਹਾ ਸ਼ਾਸਕ ਸੀ, ਜਿਸ ਨੇ ਸਮਝਿਆ ਕਿ ਦੇਸ਼ ਹਥਿਆਰਾਂ ਦੇ ਸਿਰ 'ਤੇ ਨਹੀਂ, ਅਮਨ ਸ਼ਾਂਤੀ ਨਾਲ ਵੱਧਦਾ ਫੁਲਦਾ ਹੈ। ਇਹ ਬੁੱਧ ਦੀ ਧਰਤੀ ਹੈ ਅਤੇ ਸਾਡਾ ਮਾਣ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ।

ਬਿਹਾਰ ਸੈਰ ਸਪਾਟਾ ਮਹਿਕਮੇ ਦੀ ਰਿਪੋਰਟ ਮੁਤਾਬਕ 2018 'ਚ 2263317 ਸ਼ਰਧਾਲੂ ਪਟਨਾ ਸਾਹਿਬ ਵਿਖੇ ਦਰਸ਼ਨਾਂ ਨੂੰ ਆਏ ਸਨ। ਇਹ ਅੰਕੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਸ਼ਾਦ ਦੀ ਗਿਣਤੀ, ਸਰਾਵਾਂ 'ਚ ਠਹਿਰਣ, ਰੈਸਟ ਹਾਊਸ ਅਤੇ ਹੋਟਲਾਂ ਦੀ ਗਿਣਤੀ 'ਤੇ ਅਧਾਰਿਤ ਹੈ। ਬੀ.ਕੇ. ਸਿੰਘ ਮੁਤਾਬਕ ਸਾਲ 2019 ਨਵੰਬਰ ਤੱਕ 2300189 ਸੰਗਤ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਦਰਸ਼ਨਾਂ ਨੂੰ ਆ ਚੁੱਕੀ ਹੈ। ਇਸ 'ਚ ਉਹ ਅੰਕੜਾ ਸ਼ਾਮਲ ਨਹੀਂ ਜਿਹੜੀ ਸੰਗਤ ਬਾਹਰਲੇ ਦੇਸ਼ੋਂ ਆਉਂਦੀ ਹੈ। ਇਸ 'ਚ ਜੇ ਦਸੰਬਰ ਦਾ ਪ੍ਰਕਾਸ਼ ਪੁਰਬ ਮੌਕੇ ਅਤੇ ਰਾਜਗੀਰ 550 ਸਾਲਾ ਮੌਕੇ ਆਈ ਸੰਗਤ (ਜੋ ਅੰਕੜਾ ਅਜੇ ਨਹੀਂ ਆਇਆ) ਦਾ ਅੰਕੜਾ ਅੰਦਾਜ਼ਨ ਸ਼ਾਮਲ ਕਰੀਏ ਤਾਂ ਸੰਗਤਾਂ ਦੀ ਗਿਣਤੀ 26 ਲੱਖ ਸਾਲਾਨਾ ਤੋਂ ਉੱਪਰ ਹੈ, ਜੋ ਪਿਛਲੇ ਸਾਲ ਨਾਲੋਂ ਵੱਧ ਹੈ। ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਤੋਂ ਕਾਰ ਸੇਵਾ ਭੂਰੀ ਵਾਲਿਆਂ ਦੇ ਸੇਵਾਦਾਰ ਰਾਮ ਸਿੰਘ ਭਿੰਡਰ ਮੁਤਾਬਕ ਇਹ ਸੰਭਵ ਹੈ, ਕਿਉਂਕਿ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਵਿਖੇ 275 ਕਮਰੇ ਹਨ। ਇਹ ਸਾਰੇ 4-6-8-10 ਬੰਦਿਆਂ ਦੇ ਰਹਿਣ ਦੀ ਸਮਰੱਥਾ ਵਾਲੇ ਕਮਰੇ ਹਨ। ਮਹੀਨੇ ਦੇ ਹਰ ਦਿਨ ਹਜ਼ਾਰਾਂ ਦੀ ਸੰਗਤ ਇੱਥੇ ਆਈ ਰਹਿੰਦੀ ਹੈ। ਇੰਝ ਜ਼ਿਆਦਾ ਸੰਗਤ ਵਧਣ ਨਾਲ ਬਹੁਤੀ ਵਾਰੀ ਖੁੱਲ੍ਹੇ ਹਾਲ 'ਚ ਆਰਜ਼ੀ ਤੌਰ 'ਤੇ ਸੌਣ ਦਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਤਖ਼ਤ ਪਟਨਾ ਸਾਹਿਬ ਦੀਆਂ ਸਰਾਵਾਂ ਅਤੇ ਹੋਰ ਨੇੜੇ ਹੋਟਲ ਅਤੇ ਰੈਸਟ ਹਾਊਸ ਵੀ ਹਨ।


2019 ਦੇ ਮਹੀਨਿਆਂ 'ਚ ਪਟਨਾ ਸਾਹਿਬ ਵਿਖੇ ਆਈ ਸੰਗਤ
ਜਨਵਰੀ – 341846 ( ਪ੍ਰਕਾਸ਼ ਪੁਰਬ ਮੌਕੇ )
ਫਰਵਰੀ – 210046
ਮਾਰਚ - 257308
ਅਪ੍ਰੈਲ - 214489
ਮਈ - 207932
ਜੂਨ - 218317
ਜੁਲਾਈ - 222972
ਅਗਸਤ - 195901
ਸਤੰਬਰ - 245191
ਅਕਤੂਬਰ -217686
ਨਵੰਬਰ - 225809
ਦਸੰਬਰ – ਅਜੇ ਅੰਕੜਾ ਮੁਹੱਈਆ ਨਹੀਂ ਹੋਇਆ

rajwinder kaur

This news is Content Editor rajwinder kaur