ਰਾਜਪੁਰਾ : ਸ਼ੱਕੀ ਹਾਲਤ 'ਚ 33 ਗਊਆਂ ਦੀ ਮੌਤ, 15 ਦੀ ਹਾਲਤ ਗੰਭੀਰ

09/16/2019 9:21:32 PM

ਰਾਜਪੁਰਾ (ਚਾਵਲਾ, ਨਿਰਦੋਸ਼)-ਸ਼੍ਰੀ ਕਿਸ਼ਨਾ ਗਊਸ਼ਾਲਾ 'ਚ 33 ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। 15 ਦੀ ਹਾਲਤ ਗੰਭੀਰ ਹੈ। ਘਟਨਾ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਕਿਸੇ ਸਾਜ਼ਿਸ਼ ਦਾ ਸ਼ੱਕ ਪ੍ਰਗਟਾਇਆ ਹੈ। ਜਾਣਕਾਰੀ ਅਨੁਸਾਰ ਵਾਰਡ ਨੰ-18 'ਚ ਪੈਂਦੀ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ 'ਚ ਸੈਂਕੜੇ ਗਊਆਂ ਦੀ ਦੇਖ-ਭਾਲ ਕੀਤੀ ਜਾਂਦੀ ਹੈ। ਰੋਜ਼ਾਨਾ ਦੀ ਤਰ੍ਹਾਂ ਦੁਪਹਿਰ 12 ਤੋਂ 1 ਵਜੇ ਤੱਕ ਗਊਆਂ ਨੂੰ ਚਾਰਾ ਖੁਆਇਆ ਗਿਆ। ਦੁਪਹਿਰ ਕਰੀਬ ਸਾਢੇ 3 ਵਜੇ ਜਦੋਂ ਗਊਸ਼ਾਲਾ 'ਚ ਕੰਮ ਕਰਨ ਵਾਲਾ ਵਿਅਕਤੀ ਸਫਾਈ ਲਈ ਆਇਆ ਤਾਂ ਵੇਖ ਕੇ ਹੈਰਾਨ ਰਹਿ ਗਿਆ ਕਿ ਕਰੀਬ 3 ਗਊਆਂ ਡਿੱਗੀਆਂ ਪਈਆਂ ਸਨ। ਸੂਚਨਾ ਮਿਲਣ 'ਤੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਅਹੁਦੇਦਾਰ ਪਹੁੰਚ ਕੇ ਗਊਆਂ ਨੂੰ ਦੂਜੇ ਪਾਸੇ ਲਿਜਾਣ ਲੱਗੇ ਤਾਂ ਵੇਖਿਆ ਕਿ ਦਰਜਨਾਂ ਦੀ ਗਿਣਤੀ 'ਚ ਗਊਆਂ ਡਿੱਗੀਆਂ ਪਈਆਂ ਹਨ। ਪ੍ਰਬੰਧਕਾਂ ਵੱਲੋਂ ਸੂਚਨਾ ਮਿਲਣ 'ਤੇ ਡਾਕਟਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਲਾਜ ਸ਼ੁਰੂ ਕਰ ਦਿੱਤਾ। ਇਸ ਦੌਰਾਨ 33 ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਚੁੱਕੀ ਹੈ। 15 ਦਾ ਇਲਾਜ ਚੱਲ ਰਿਹਾ ਹੈ।

ਘਟਨਾ ਦੀ ਖਬਰ ਮਿਲਦੇ ਹੀ ਹਿੰਦੂ ਸੰਗਠਨਾਂ, ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਗਊ ਰਕਸ਼ਾ ਦਲ ਦੇ ਪ੍ਰਧਾਨ ਸਤੀਸ਼ ਕੁਮਾਰ, ਹਿੰਦੂ ਨੇਤਾ ਹਰੀਸ਼ ਸਿੰਗਲਾ ਨੇ ਦੱਸਿਆ ਕਿ ਇਸ ਦਰਦਨਾਕ ਘਟਨਾ ਦੇ ਪਿੱਛੇ ਕਿਸੇ ਦੀ ਸਾਜ਼ਿਸ਼ ਹੋ ਸਕਦੀ ਹੈ। ਇਸ ਲਈ ਪੁਲਸ ਨੂੰ ਬਿਨਾਂ ਦੇਰੀ ਕੀਤੇ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਡੀ. ਐੱਸ. ਪੀ. ਏ. ਐੱਸ. ਔਲਖ, ਸਿਟੀ ਥਾਣੇ ਦੇ ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ, ਤਹਿਸੀਲਦਾਰ ਪ੍ਰਵੀਨ ਕੁਮਾਰ, ਗਊਸ਼ਾਲਾ ਦੇ ਪ੍ਰਧਾਨ ਤਿਰਲੋਕ ਚਾਵਲਾ, ਅਸ਼ੋਕ ਚੱਕਰਵਰਤੀ ਓਮ ਪ੍ਰਕਾਸ਼ ਪਾਸੀ, ਓਮ ਪ੍ਰਕਾਸ਼ ਭਟੇਜਾ, ਗੋਬਿੰਦ ਰਾਮ ਜੁਨੇਜਾ ਸਮੇਤ ਹੋਰ ਅਹੁਦੇਦਾਰ ਅਤੇ ਅਧਿਕਾਰੀ ਮੌਜੂਦ ਸਨ। ਇਸ ਸਬੰਧੀ ਡੀ. ਐੱਸ. ਪੀ. ਔਲਖ ਨੇ ਦੱਸਿਆ ਕਿ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਵੱਲੋਂ ਸ਼ਿਕਾਇਤ ਮਿਲਣ 'ਤੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

Karan Kumar

This news is Content Editor Karan Kumar