ਸਵੱਛ ਸਰਵੇਖਣ ''ਚ ਪੰਜਾਬ ਦੇ 32 ਸ਼ਹਿਰ ਦੇਸ਼ ਦੇ ਪਹਿਲੇ 100 ਸ਼ਹਿਰਾਂ ''ਚ : ਸਿੱਧੂ

04/26/2018 6:44:29 AM

ਚੰਡੀਗੜ੍ਹ (ਬਿਊਰੋ) - 'ਸਾਫ ਸਫਾਈ ਪ੍ਰਤੀ ਸੁਹਿਰਦ ਹੋਣਾ ਇਕ ਅਹਿਸਾਸ ਹੈ, ਜੋ ਕਿ ਸਾਨੂੰ ਇਸ ਗੱਲ ਲਈ ਪ੍ਰੇਰਿਤ ਕਰਦਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਫ-ਸੁਥਰਾ ਚੌਗਿਰਦਾ ਛੱਡ ਕੇ ਜਾਈਏ ਕਿਉਂ ਜੋ ਸਫ਼ਾਈ ਵਿਚ ਹੀ ਨਰੋਈ ਸਿਹਤ ਲੁਕੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਮਿਊਂਸੀਪਲ ਭਵਨ ਵਿਖੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੂੜਾ-ਕਰਕਟ ਮੁਕਤ ਸ਼ਹਿਰਾਂ ਦੀ ਦਰਜਾਬੰਦੀ ਦੀ ਤੈਅ ਕਰਨ ਸਬੰਧੀ ਇਕ ਖੇਤਰੀ ਵਰਕਸ਼ਾਪ ਦੌਰਾਨ ਕੀਤਾ। ਇਸ ਵਰਕਸ਼ਾਪ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਸ਼ਹਿਰੀ ਸਥਾਨਕ ਸਰਕਾਰਾਂ ਦੇ ਨੁਮਾਇੰਦੇ ਸ਼ਾਮਲ ਹੋਏ, ਜਿਨ੍ਹਾਂ ਵਿਚ ਮਿਊਂਸੀਪਲ ਕਮਿਸ਼ਨਰ ਅਤੇ ਕਾਰਜਸਾਧਕ ਅਫ਼ਸਰ ਮੁੱਖ ਸਨ।
ਸਿੱਧੂ ਨੇ ਦੱਸਿਆ ਕਿ ਸਾਲ 2017 ਦੇ ਸਵੱਛ ਸਰਵੇਖਣ ਦੌਰਾਨ ਕੁੱਲ 438 ਸ਼ਹਿਰਾਂ ਨੂੰ ਸਫ਼ਾਈ ਨਾਲ ਸਬੰਧਤ ਵੱਖੋ-ਵੱਖ ਮਾਪਦੰਡਾਂ 'ਤੇ ਪਰਖਿਆ ਗਿਆ ਸੀ ਅਤੇ ਪੰਜਾਬ ਦੀ ਦਰਜਾਬੰਦੀ ਇਸ ਸਰਵੇਖਣ ਵਿਚ ਕਾਫ਼ੀ ਹੇਠਾਂ ਸੀ  ਪਰ ਮੌਜੂਦਾ ਸਰਕਾਰ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਸੂਬੇ ਨੂੰ ਸਾਫ਼-ਸਫ਼ਾਈ ਅਤੇ ਕੂੜਾ ਮੁਕਤ ਕਰਨ ਦੇ ਕੰਮ ਵਿਚ ਕਾਫ਼ੀ ਤੇਜ਼ੀ ਨਾਲ ਸੁਧਾਰ ਲਿਆਂਦਾ ਗਿਆ, ਜਿਸ ਦਾ ਨਤੀਜਾ ਸਵੱਛ ਸਰਵੇਖਣ ਸਾਲ 2018 ਵਿਚ ਵੇਖਣ ਨੂੰ ਮਿਲਿਆ, ਜਿਸ ਵਿਚ ਪੰਜਾਬ ਦੀਆਂ 32 ਸ਼ਹਿਰੀ ਸਥਾਨਕ ਇਕਾਈਆਂ ਨੂੰ ਪੂਰੇ ਦੇਸ਼  ਵਿਚੋਂ ਚੋਟੀ ਦੀਆਂ 100 ਇਕਾਈਆਂ ਵਿਚ ਸਥਾਨ ਦਿੱਤਾ ਗਿਆ। ਇਹ ਦਰਜਾਬੰਦੀ ਸਵੱਛਤਾ ਐਪ 'ਤੇ ਆਧਾਰਿਤ ਸੀ।
ਸਮਾਗਮ ਦੌਰਾਨ ਸਿੱਧੂ ਨੇ ਵੱਖੋ-ਵੱਖ ਗ਼ੈਰ ਸਰਕਾਰੀ ਸੰਗਠਨਾਂ ਅਤੇ ਬਠਿੰਡਾ, ਪਟਿਆਲਾ ਅਤੇ ਜਲੰਧਰ ਵਿਖੇ ਤਾਇਨਾਤ ਸਥਾਨਕ ਸਰਕਾਰ ਵਿਭਾਗ ਦੇ ਤਿੰਨ ਡਿਪਟੀ ਡਾਇਰੈਕਟਰਾਂ ਦਾ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਅਤੇ ਸਾਫ਼-ਸੁਥਰੇ ਵਾਤਾਵਰਣ ਸਬੰਧੀ ਜਾਗਰੂਕਤਾ ਦਾ ਪਸਾਰਾ ਕਰਨ ਬਾਬਤ ਪਾਏ ਗਏ ਵਡਮੁੱਲੇ ਯੋਗਦਾਨ ਲਈ ਸਨਮਾਨ ਵੀ ਕੀਤਾ।