ਜੇਲ ਅੰਦਰ ਸੁੱਟੇ ਬੰਦ ਪੈਕੇਟਾਂ ’ਚੋਂ ਨਿਕਲੇ 300 ਬੀਡ਼ੀਆਂ ਦੇ ਬੰਡਲ

07/21/2018 5:44:05 AM

ਲੁਧਿਆਣਾ, (ਸਿਆਲ)- ਸ਼ੁੱਕਰਵਾਰ ਤਡ਼ਕੇ ਕੇਂਦਰੀ ਜੇਲ ’ਚ ਇਕ ਬੰਦ ਪੈਕੇਟ ਡਿੱਗਿਆ, ਜਿਸ ਵਿਚ 300 ਦੇ ਕਰੀਬ ਬੀਡ਼ੀਆਂ ਦੇ ਬੰਡਲ ਨਿਕਲੇ,  ਜਿਨ੍ਹਾਂ ਨੂੰ ਸੁਪਰਡੈਂਟ ਦੀ ਮੌਜੂਦਗੀ ਵਿਚ ਅੱਗ ਦੇ ਹਵਾਲੇ ਕਰ ਦਿੱਤਾ ਗਿਆ।
 ਜਾਣਕਾਰੀ ਦਿੰਦੇ ਹੋਏ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਅੱਜ ਸਵੇਰੇ 4.30 ਵਜੇ ਤਾਜਪੁਰ ਰੋਡ ਵਲੋਂ ਜੇਲ  ਦੀ ਕੰਧ ਦੇ ਨਾਲ ਲਗਦੇ ਰਸਤੇ ’ਚੋਂ ਸ਼ਰਾਰਤੀ ਤੱਤਾਂ ਵਲੋਂ ਇਕ ਬੰਦ ਪੈਕੇਟ ਅੰਦਰ ਸੁੱਟਿਆ ਗਿਆ, ਜੋ ਕਿ ਕੇਂਦਰੀ ਬਲਾਕ ਵਿਚ ਆ ਕੇ ਡਿੱਗਿਆ। ਡਿਊਟੀ ਦੇ ਰਹੇ ਮੁਲਾਜ਼ਮ ਨੇ ਪੈਕੇਟ ਸਬੰਧੀ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਦੀ ਨਿਗਰਾਨੀ ’ਚ ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ’ਚੋਂ ਬੀਡ਼ੀਆਂ ਦੇ 300 ਬੰਡਲ ਨਿਕਲੇ।  ਉਨ੍ਹਾਂ ਦੱਸਿਆ ਕਿ ਸਾਰੇ ਬੰਡਲਾਂ ਨੂੰ ਸਾਡ਼ ਦਿੱਤਾ ਗਿਆ। ਇਸ ਦੌਰਾਨ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ, ਡੀ. ਐੱਸ. ਪੀ. ਸਕਿਓਰਟੀ ਜਗਪਾਲ ਸਿੰਘ ਆਦਿ ਵੀ ਮੌਜੂਦ ਸਨ।
ਸੂਤਰਾਂ ਮੁਤਾਬਕ ਜੇਲ ਵਿਚ ਇਕ ਬੀਡ਼ੀ 100 ਰੁਪਏ ਵਿਚ ਵਿਕਦੀ ਹੈ। ਇਸ ਦਾ ਕਾਰਨ 2012 ਵਿਚ ਤਤਕਾਲੀ ਏ. ਡੀ. ਜੀ .ਪੀ. ਜੇਲ ਆਰ. ਪੀ. ਮੀਣਾ (ਸੇਵਾਮੁਕਤ) ਨੇ ਕੈਦੀਆਂ ਦੀ ਸਿਹਤ ਦੇ ਮੱਦੇਨਜ਼ਰ ਪੰਜਾਬ ਦੀਆਂ ਸਾਰੀਆਂ ਜੇਲਾਂ ’ਚ ਬੀਡ਼ੀ, ਤੰਬਾਕੂ ਅਤੇ ਸਿਗਰਟ ਦੀ ਵਰਤੋਂ ’ਤੇ  ਪੂਰਨ ਤੌਰ ’ਤੇ ਪਾਬੰਦੀ ਲਾਈ ਹੈ। ਹੁਣ ਜੇਲਾਂ ’ਚ ਚੋਰੀ-ਚੋਰੀ ਮਹਿੰਗੇ ਰੇਟ ’ਤੇ ਬੀੜੀਆਂ ਮੁਹੱਈਆ ਕਰਵਾਏ ਜਾਣ ਦੀ ਸੂਚਨਾ ਹੈ। ਜੇਕਰ ਇਸੇ ਮੁਤਾਬਕ ਅੱਜ ਜੇਲ ਵਿਚ ਡਿੱਗੇ ਬੰਡਲਾਂ ਦੀ ਕੀਮਤ ਦੱਸੀ ਜਾਵੇ ਤਾਂ ਇਹ 3 ਲੱਖ 60 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਅਜਿਹੇ ’ਚ ਇਹ ਕਿਆਸ ਲਾਉਣਾ ਗਲਤ ਨਹੀਂ ਹੋਵੇਗਾ ਕਿ ਜੇਲ ਵਿਚ ਨਸ਼ਾ ਸਮੱਗਲਰਾਂ ਦਾ ਵੱਡਾ ਨੈੱਟਵਰਕ ਸਰਗਰਮ ਹੈ, ਜੋ ਮੋਟਾ ਮੁਨਾਫਾ ਕਮਾਉਣ ਦੇ ਚੱਕਰ ’ਚ ਕੈਦੀਆਂ ਦੀ ਸਿਹਤ ਨਾਲ ਖੇਡ ਰਿਹਾ ਹੈ। ਇਸ ਸਬੰਧੀ ਗੰਭੀਰਤਾ ਨਾਲ ਜਾਂਚ ਕਰਨ ’ਤੇ ਸਹੀ ਜਾਣਕਾਰੀ ਸਾਹਮਣੇ ਆ ਸਕਦੀ ਹੈ।