ਸਹੁਰੇ ਦੀ ਕੁੱਟਮਾਰ ਕਰਨ ਵਾਲੇ ਨੂੰ ਭਰਾ ਤੇ ਭਤੀਜਿਆਂ ਸਮੇਤ 3-3 ਸਾਲ ਦੀ ਸਜ਼ਾ

10/09/2017 6:56:06 AM

ਮਾਨਸਾ, (ਜੱਸਲ)- ਆਪਣੇ ਭਰਾ ਤੇ ਭਤੀਜਿਆਂ ਨਾਲ ਮਿਲ ਕੇ ਆਪਣੇ ਹੀ ਸਹੁਰੇ ਦੀ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਵਾਲੇ ਵਿਅਕਤੀ ਨੂੰ ਜ਼ਿਲਾ ਮਾਨਸਾ ਦੀ ਇਕ ਅਦਾਲਤ ਨੇ ਸਜ਼ਾ ਤੇ ਜੁਰਮਾਨੇ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਅਨੁਸਾਰ 20 ਜੂਨ 2012 ਨੂੰ ਪਿੰਡ ਸੈਦੇਵਾਲਾ ਵਿਖੇ ਲਛਮਣ ਸਿੰਘ ਪੁੱਤਰ ਨੇਕ ਸਿੰਘ ਨੇ ਆਪਣੇ ਭਰਾ ਮਲਕੀਤ ਸਿੰਘ, ਭਤੀਜੇ ਕਸ਼ਮੀਰ ਸਿੰਘ, ਰਮੇਸ਼ ਸਿੰਘ ਤੇ ਹਾਕਮ ਸਿੰਘ ਨਾਲ ਮਿਲ ਕੇ ਆਪਣੇ ਸਹੁਰੇ ਕਰਮ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਕਿਸ਼ਨਗੜ੍ਹ ਫਰਮਾਹੀ ਦੀ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਥਾਣਾ ਬੋਹਾ ਦੀ ਪੁਲਸ ਨੇ 21 ਜੂਨ 2012 ਨੂੰ ਲਛਮਣ ਸਿੰਘ, ਮਲਕੀਤ ਸਿੰਘ, ਕਸ਼ਮੀਰ ਸਿੰਘ, ਰਮੇਸ਼ ਸਿੰਘ ਤੇ ਹਾਕਮ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਸੁਣਵਾਈ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਜਸਪਾਲ ਵਰਮਾ ਦੀ ਅਦਾਲਤ ਵੱਲੋਂ ਉਕਤ ਸਾਰੇ ਵਿਅਕਤੀਆਂ ਨੂੰ ਇਸ ਘਟਨਾ ਦਾ ਦੋਸ਼ੀ ਮੰਨਦੇ ਹੋਏ ਉਨ੍ਹਾਂ ਨੂੰ ਤਿੰਨ–ਤਿੰਨ ਸਾਲ ਦੀ ਸਜ਼ਾ ਤੇ 11500–11500 ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ ਹੈ।