1 ਕਰੋੜ 5 ਲੱਖ ਰੁਪਏ ਦੀ ਪੁਰਾਣੀ ਕਰੰਸੀ ਸਮੇਤ 3 ਕਾਬੂ

02/20/2018 6:29:52 AM

ਮੋਹਾਲੀ/ਖਰੜ, (ਨਿਆਮੀਆਂ, ਅਮਰਦੀਪ)– ਅੱਜ ਸ਼ਿਵਾਲਿਕ ਸਿਟੀ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਨਾਕਾਬੰਦੀ ਦੌਰਾਨ 1 ਕਰੋੜ 5 ਲੱਖ ਰੁਪਏ ਦੀ ਪੁਰਾਣੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਸੀ. ਆਈ. ਏ. ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਪੀ. ਜਾਂਚ ਹਰਬੀਰ ਸਿੰਘ ਅਟਵਾਲ ਅਤੇ ਡੀ. ਐੱਸ. ਪੀ. ਜਾਂਚ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸੀ. ਆਈ. ਏ. ਪੁਲਸ ਸਟਾਫ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਏ. ਐੱਸ. ਆਈ. ਰਜਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਲਾਂਡਰਾਂ ਰੋਡ ਸ਼ਿਵਾਲਿਕ ਸਿਟੀ ਖਰੜ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਕਰੇਟਾ ਕਾਰ ਨੰਬਰ ਐੱਚ ਆਰ 51 ਬੀ ਐੱਚ 1212 ਵਿਚ ਸਵਾਰ ਰਵਿੰਦਰ ਉਰਫ ਰਵੀ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਧਾਂਗੜ ਜ਼ਿਲਾ ਫਤਿਆਬਾਦ ਹਾਲ ਵਾਸੀ ਕੁਆਰਟਰ ਨੰਬਰ 10 ਪੁਲਸ ਲਾਈਨ ਫਰੀਦਾਬਾਦ ਹਰਿਆਣਾ ਅਤੇ ਕਪਿਲ ਪੁੱਤਰ ਰਜਿੰਦਰ, ਵਾਸੀ ਪਿੰਡ ਚਿੱਦੜ ਜ਼ਿਲਾ ਫਤਿਆਬਾਦ ਹਰਿਆਣਾ ਦੀ ਤਲਾਸ਼ੀ ਲੈਣ 'ਤੇ ਗੱਡੀ ਦੀ ਪਿਛਲੀ ਸੀਟ 'ਤੇ ਪਏ ਅਟੈਚੀ ਵਿਚੋਂ 1 ਕਰੋੜ 5 ਲੱਖ ਰੁਪਏ ਦੀ ਪੁਰਾਣੀ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਗਏ। ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਧਾਰਾ 420, 188 ਆਈ. ਪੀ. ਸੀ. ਅਧੀਨ ਥਾਣਾ ਸਿਟੀ ਖਰੜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਮਾਮਲੇ ਦੇ ਤਫਤੀਸ਼ ਵਿਚ ਰਾਕੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਪਲੜਾ ਜ਼ਿਲਾ ਝੱਜਰ ਹਰਿਆਣਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਸ ਸਬੰਧੀ ਇਨਕਮ ਟੈਕਸ ਅਤੇ ਇਨਫੋਰਸਮੈਂਟ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਹੈ।
ਪੁਲਸ ਨੇ ਦੱਸਿਆ ਕਿ ਦੋਸ਼ੀ ਰਵਿੰਦਰ ਉਰਫ ਰਵੀ ਦਿਮਾਗੀ ਅਤੇ ਚੁਸਤ ਵਿਅਕਤੀ ਹੈ, ਜਿਸ ਨੇ ਪਹਿਲਾਂ ਵੀ ਐਕਸਿਸ ਬੈਂਕ ਅਸ਼ੋਕ ਨਗਰ, ਜੈਪੁਰ (ਰਾਜਸਥਾਨ) ਤੋਂ 860 ਕਰੋੜ ਰੁਪਏ ਦੀ ਡਕੈਤੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਫਾਇਰਿੰਗ ਵੀ ਕੀਤੀ ਸੀ, ਜਿਸਦੇ ਖਿਲਾਫ ਥਾਣਾ ਅਸ਼ੋਕ ਨਗਰ, ਜੈਪੁਰ ਵਿਖੇ ਮੁਕੱਦਮਾ ਦਰਜ ਹੈ।