ਚੋਰੀ ਦੀਆਂ 9 ਲਗਜ਼ਰੀ ਕਾਰਾਂ ਸਮੇਤ 3 ਕਾਬੂ

01/29/2020 9:39:13 PM

ਤਰਨਤਾਰਨ,(ਰਮਨ, ਬਲਵਿੰਦਰ ਕੌਰ, ਰਾਜੂ)- ਜ਼ਿਲਾ ਤਰਨਤਾਰਨ ਦੀ ਸੀ. ਆਈ. ਏ. ਸਟਾਫ ਪੁਲਸ ਵਲੋਂ ਤਿੰਨ ਮੁਲਜ਼ਮਾਂ ਨੂੰ 9 ਚੋਰੀ ਕੀਤੀਆਂ ਲਗਜ਼ਰੀ ਗੱਡੀਆਂ, 6 ਮੋਬਾਇਲ, ਇਕ ਲੈਪਟਾਪ, ਜਾਅਲੀ ਆਰ. ਸੀਜ਼ ਅਤੇ ਮੋਹਰਾਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਇਸ ਸਬੰਧੀ ਥਾਣਾ ਝਬਾਲ ਵਿਖੇ ਕੇਸ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਦੇ ਹੋਏ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਸਬ-ਇੰਸਪੈਕਟਰ ਪਰਮਜੀਤ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਪਿੰਡ ਠੱਠਾ ਨਜ਼ਦੀਕ ਨਾਕੇਬੰਦੀ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮਿਲੀ ਗੁਪਤ ਸੂਚਨਾ ਤਹਿਤ ਪਤਾ ਲੱਗਾ ਸੀ ਕਿ ਰਸ਼ਪਾਲ ਸਿੰਘ ਉਰਫ ਰੇਸ਼ਮ ਪੁੱਤਰ ਬਲਵਿੰਦਰ ਸਿੰਘ, ਨਿਰਮਲ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਰਮਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਨੇ ਇਕ ਗੈਂਗ ਬਣਾਇਆ ਹੋਇਆ ਹੈ ਜੋ ਵੱਖ-ਵੱਖ ਰਾਜਾਂ ਤੋਂ ਮਹਿੰਗੀਆਂ ਲਗਜ਼ਰੀ ਕਾਰਾਂ ਚੋਰੀ ਕਰ ਕੇ ਉਨ੍ਹਾਂ 'ਤੇ ਜਾਅਲੀ ਨੰਬਰ ਲਾਉਣ ਉਪਰੰਤ ਜਾਅਲੀ ਕਾਗਜ਼ਾਤ ਬਣਾ ਕੇ ਅੱਗੇ ਭੋਲੇ-ਭਾਲੇ ਲੋਕਾਂ ਨੂੰ ਘੱਟ ਰੇਟਾਂ 'ਤੇ ਵੇਚਣ ਦਾ ਧੰਦਾ ਕਰਦੇ ਹਨ, ਜਿਸ ਦੌਰਾਨ ਸੀ. ਆਈ. ਏ. ਸਟਾਫ਼ ਦੀ ਪੁਲਸ ਪਾਰਟੀ ਨੇ ਪਿੰਡ ਠੱਠਾ ਤੋਂ ਇਨੋਵਾ ਕ੍ਰਿਸਟਾ (ਪੀ. ਬੀ. 04 ਜ਼ੈੱਡ 9580) ਰੋਕ ਕੇ ਉਸ ਦੇ ਕਾਗਜ਼ਾਤ ਦੀ ਮੰਗ ਕੀਤੀ, ਜਿਸ ਦੌਰਾਨ ਗੱਡੀ ਦਾ ਚਾਲਕ ਰਸ਼ਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਆਕਾਸ਼ ਐਵੀਨਿਊ, ਫਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ ਅਤੇ ਉਸ ਦੀ ਨਾਲ ਵਾਲੀ ਸੀਟ 'ਤੇ ਬੈਠੇ ਨਿਰਮਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ. 212 ਮਿਲਾਪ ਐਵੀਨਿਊ, ਘਨੂੰਪੁਰ ਕਾਲੇ, ਛੇਹਰਟਾ ਜ਼ਿਲਾ ਅੰਮ੍ਰਿਤਸਰ ਅਤੇ ਪਿੱਛੇ ਬੈਠੇ ਰਮਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਕੁੰਡੇ ਵਾਲੀ, ਸੰਧੂ ਕਾਲੋਨੀ ਬਟਾਲਾ ਰੋਡ, ਅੰਮ੍ਰਿਤਸਰ ਗੱਡੀ ਦੇ ਕੋਈ ਵੀ ਕਾਗਜ਼ਾਤ ਮੌਕੇ 'ਤੇ ਪੇਸ਼ ਨਹੀਂ ਕਰ ਸਕੇ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਕੋਲੋਂ ਬਾਰੀਕੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਇਹ ਕਾਰ ਦਿੱਲੀ ਤੋਂ ਸਾਥੀਆਂ ਨਾਲ ਰਲ ਕੇ ਚੋਰੀ ਕੀਤੀ ਸੀ ਅਤੇ ਜਾਅਲੀ ਕਾਗਜ਼ਾਤ ਬਣਾ ਕੇ ਅੱਗੇ ਆਪਣੇ ਗਾਹਕਾਂ ਨੂੰ ਜਾਅਲੀ ਮੋਹਰਾਂ ਲਾ ਕੇ ਝਬਾਲ ਵੇਚਣ ਲਈ ਜਾ ਰਹੇ ਸਨ, ਜਿਸ ਤਹਿਤ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰਛਪਾਲ ਸਿੰਘ, ਨਿਰਮਲ ਸਿੰਘ ਅਤੇ ਰਮਨ ਕੁਮਾਰ ਜੋ ਆਪਣੇ ਸਾਥੀਆਂ ਨਾਲ ਰਲ ਕੇ ਹਰਿਆਣਾ, ਦਿੱਲੀ, ਐੱਮ. ਪੀ. ਆਦਿ ਰਾਜਾਂ ਤੋਂ ਮਹਿੰਗੀਆਂ ਲਗਜ਼ਰੀ ਕਾਰਾਂ ਚੋਰੀ ਕਰ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਵੇਚਣ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਕੁੱਲ 9 ਲਗਜ਼ਰੀ ਗੱਡੀਆਂ, ਜਾਅਲੀ ਆਰ. ਸੀਜ਼, ਤਿਆਰ ਕਰਨ ਵਾਲਾ ਰੰਗਦਾਰ ਪ੍ਰਿੰਟਰ, ਜਾਅਲੀ ਮੋਹਰਾਂ, 6 ਮੋਬਾਇਲ ਫੋਨ, ਇਕ ਲੈਪਟਾਪ ਬਰਾਮਦ ਕੀਤਾ ਜਾ ਚੁੱਕਾ ਹੈ। ਬਰਾਮਦ ਕੀਤੀਆਂ ਗਈਆਂ ਲਗਜ਼ਰੀ ਕਾਰਾਂ ਜਿਨ੍ਹਾਂ 'ਚ ਇਕ ਮਰਸਡੀਜ਼, ਇਕ ਸਕਾਰਪੀਓ, ਇਕ ਸਵਿਫਟ ਡਿਜ਼ਾਇਰ, ਇਕ ਇੰਡੀਕਾ ਵਿਸਟਾ, ਇਕ ਸਕੌਡਾ, ਇਕ ਵਰਨਾ, ਇਕ ਸਫਾਰੀ, ਇਕ ਇਨੋਵਾ ਅਤੇ ਇਕ ਕਵਿੱਡ ਗੱਡੀ ਸ਼ਾਮਲ ਹੈ।
ਇਸ ਮੌਕੇ ਐੱਸ. ਪੀ. (ਪੀ. ਬੀ. ਆਈ.) ਗੁਰਚਰਨ ਸਿੰਘ, ਐੱਸ. ਪੀ. (ਸਥਾਨਕ) ਗੌਰਵ ਤੂਰਾ, ਥਾਣਾ ਸਰਹਾਲੀ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ, ਰਣਬੀਰ ਸਿੰਘ ਕਰਮਚਾਰੀ ਸਾਈਬਰ ਸੈੱਲ ਅਤੇ ਪੀ. ਆਰ. ਓ. ਜਗਦੀਪ ਸਿੰਘ ਹਾਜ਼ਰ ਸਨ।

Bharat Thapa

This news is Content Editor Bharat Thapa