ਨਸ਼ੀਲੇ ਪਦਾਰਥਾਂ ਸਮੇਤ 3 ਗ੍ਰਿਫਤਾਰ

02/13/2018 6:58:56 AM

ਸੁਲਤਾਨਪੁਰ ਲੋਧੀ, (ਧੀਰ)- ਪੁਲਸ ਨੇ ਨਸ਼ੀਲੇ ਪਦਾਰਥਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਦ ਕਿ ਇਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਲਖਬੀਰ ਸਿੰਘ, ਐੱਚ. ਸੀ. ਕੁਲਦੀਪ ਸਿੰਘ, ਐੱਚ. ਸੀ. ਹਰਵੇਲ ਸਿੰਘ ਦੇ ਨਾਲ ਸਪੈਸ਼ਲ ਨਾਕਾ ਲਾ ਕੇ ਟੀ ਪੁਆਇੰਟ ਡੱਲਾ ਚੌਕ ਵਿਖੇ ਮੌਜੂਦ ਸਨ ਤਾਂ ਪਿੰਡ ਡੱਲਾ ਦੀ ਤਰਫੋਂ ਆ ਰਹੀ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਪਾਰਟੀ ਨੂੰ ਵੇਖ ਕੇ ਉਕਤ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਸ ਮੁਲਾਜ਼ਮਾਂ ਨੇ ਰੋਕ ਕੇ ਕਾਬੂ ਕੀਤਾ ਤਾਂ ਗੱਡੀ ਚਲਾਉਣ ਵਾਲਾ ਡਰਾਈਵਰ ਗੱਡੀ ਨੂੰ ਸਾਈਡ 'ਤੇ ਲਾ ਕੇ ਗੱਡੀ ਛੱਡ ਕੇ ਦੌੜਨ 'ਚ ਕਾਮਯਾਬ ਹੋ ਗਿਆ ਤਾਂ ਗੱਡੀ 'ਚ ਹੀ ਨਾਲ ਦੀ ਸੀਟ 'ਤੇ ਬੈਠੇ ਦੂਸਰੇ ਵਿਅਕਤੀ ਨੂੰ ਪੁਲਸ ਨੇ ਤੁਰੰਤ ਕਾਬੂ ਕਰ ਲਿਆ ਤੇ ਨਾਂ ਪਤਾ ਪੁੱਛਣ 'ਤੇ ਉਸ ਨੇ ਆਪਣਾ ਨਾਂ ਗੁਰਜੰਟ ਸਿੰਘ ਉਰਫ ਜੰਟਾ, ਪੁੱਤਰ ਸੁੱਚਾ ਸਿੰਘ ਵਾਸੀ ਗੋਬਿੰਦ ਨਗਰ ਖੁੱਡੇ ਥਾਣਾ ਮਹਿਤਪੁਰ ਜ਼ਿਲਾ ਜਲੰਧਰ ਦੱਸਿਆ ਤੇ ਆਪਣੇ ਭੱਜਣ ਵਾਲੇ ਦੂਸਰੇ ਸਾਥੀ ਦਾ ਨਾਂ ਅਮਨਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਭੱਦਵਾ ਥਾਣਾ ਸ਼ਾਹਕੋਟ ਦੱਸਿਆ। ਪੁਲਸ ਵੱਲੋਂ ਗੁਰਜੰਟ ਉਰਫ ਜੰਟਾ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 50 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਫਰਾਰ ਮੁਲਜ਼ਮ ਦੀ ਤਲਾਸ਼ 'ਚ ਵੀ ਛਾਪੇਮਾਰੀ ਕਰ ਰਹੀ ਹੈ। 
ਇਸ ਤਰ੍ਹਾਂ ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਅਸ਼ੋਕ ਕੁਮਾਰ ਚੌਕੀ ਇੰਚਾਰਜ ਡੱਲਾ ਐੱਚ. ਸੀ. ਲਖਵਿੰਦਰ ਸਿੰਘ, ਐੱਚ. ਸੀ. ਗੁਰਦੇਵ ਸਿੰਘ, ਐੱਚ. ਸੀ. ਕੁਲਵੰਤ ਸਿੰਘ ਦੇ ਨਾਲ ਡਰੱਗਜ਼ ਪ੍ਰਭਾਵਤ ਪਿੰਡਾਂ ਦੀ ਗਸ਼ਤ ਕਰਦੇ ਹੋਏ ਪਿੰਡ ਮਨਿਆਲਾ ਦੇ ਕੋਲ ਪੁੱਜੇ ਤਾਂ ਪਿੰਡ ਤੋਤੀ ਵਲੋਂ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤੇ ਨਾਂ ਪਤਾ ਪੁੱਛਣ 'ਤੇ ਉਸ ਨੇ ਆਪਣਾ ਨਾਂ ਸਤਨਾਮ ਸਿੰਘ ਉÎਰਫ ਕਾਲਾ ਪੁੱਤਰ ਦਾਰਾ ਸਿੰਘ ਵਾਸੀ ਤੋਤੀ ਦੱਸਿਆ, ਦੀ ਤਲਾਸ਼ੀ ਲੈਣ 'ਤੇ ਉਸ ਤੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। 
ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਕਿਰਪਾਲ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਲਾਟੀਆਂਵਾਲ ਦੇ ਨਜ਼ਦੀਕ ਪਿੰਡ ਤੋਤੀ ਦੀ ਤਰਫੋਂ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜਿਸ ਨੇ ਆਪਣਾ ਨਾਂ ਅਜੀਤ ਸਿੰਘ ਉਰਫ ਜੀਤ ਪੁੱਤਰ ਕੁਲਵੰਤ ਸਿੰਘ ਵਾਸੀ ਤੋਤੀ ਦੱਸਿਆ, ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 45 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਉਕਤ ਸਾਰੇ ਮਾਮਲਿਆਂ 'ਚ ਪੁਲਸ ਨੇ ਕੇਸ ਦਰਜ ਕਰ ਲਿਆ ਹੈ।