250 ਜਥੇਬੰਦੀਆਂ ਵਲੋਂ 8 ਜਨਵਰੀ ਨੂੰ ਦਿਹਾਤੀ ਭਾਰਤ ਬੰਦ ਕਰਨ ਦਾ ਐਲਾਨ

12/07/2019 11:14:49 PM

ਲੁਧਿਆਣਾ, (ਸਲੂਜਾ)— ਕਰਜ਼ਾ ਮੁਆਫੀ ਨਾ ਦੇਣ, ਪਰਾਲੀ ਸਾੜਨ ਦੇ ਮਾਮਲੇ ਵਿਚ ਕਿਸਾਨਾਂ ਖਿਲਾਫ ਦਰਜ ਕੀਤੇ ਪੁਲਸ ਕੇਸ, ਆਰਥਿਕ ਸੰਕਟ ਤੋਂ ਦੁਖੀ ਕਿਸਾਨ ਖੁਦਕੁਸ਼ੀਆਂ ਕਰਨ ਦੇ ਰਸਤੇ 'ਤੇ ਆਦਿ ਮੰਗਾਂ ਅਤੇ ਮੁਸ਼ਕਲਾਂ ਨੂੰ ਲੰਬੇ ਸਮੇਂ ਤੋਂ ਸਰਕਾਰਾਂ ਵਲੋਂ ਅਣਦੇਖਿਆ ਕੀਤੇ ਜਾਣ ਦੇ ਰੋਸ ਵਜੋਂ ਦੇਸ਼ ਦੀਆਂ 250 ਜਥੇਬੰਦੀਆਂ ਨੇ 8 ਜਨਵਰੀ ਨੂੰ ਦਿਹਾਤੀ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਅਹਿਮ ਫੈਸਲਾ ਅੱਜ ਇੱਥੇ ਸੀ. ਪੀ. ਆਈ. ਦੇ ਜ਼ਿਲਾ ਹੈੱਡ ਕੁਆਰਟਰ ਈਸੜੂ ਭਵਨ ਵਿਚ ਪ੍ਰਧਾਨ ਭੁਪਿੰਦਰ ਸਿੰਘ ਸਾਂਬਰ ਦੀ ਪ੍ਰਧਾਨਗੀ ਵਿਚ ਹੋਈ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ।
ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਡਾ. ਦਰਸ਼ਨ ਪਾਲ ਨੇ ਦੱਸਿਆ ਕਿ 10 ਦਸੰਬਰ ਨੂੰ ਜ਼ਿਲਾ ਪੱਧਰੀ ਮੀਟਿੰਗ ਕਰ ਕੇ 8 ਜਨਵਰੀ 2020 ਦੇ ਦਿਹਾਤੀ ਭਾਰਤ ਬੰਦ ਦੇ ਸਬੰਧ ਵਿਚ 15 ਦਸੰਬਰ ਤੋਂ 5 ਜਨਵਰੀ ਤੱਕ ਸਮੂਹ ਜ਼ਿਲਿਆਂ ਵਿਚ ਬੰਦ ਨੂੰ ਸਫਲ ਬਣਾਉਣ ਲਈ ਹੋਰ ਸਹਿਯੋਗੀ ਜਥੇਬੰਦੀਆਂ ਦੇ ਨਾਲ ਮਿਲ ਕੇ ਮੁਹਿੰਮ ਚਲਾਈ ਜਾਵੇਗੀ। ਇਸੇ ਦੇ ਨਾਲ ਹੀ ਸਾਰੇ ਜ਼ਿਲਿਆਂ ਤੋਂ ਹੀ ਦਿਹਾਤੀ ਭਾਰਤ ਬੰਦ ਕਰਨ ਸਬੰਧੀ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ-ਪੱਤਰ ਭੇਜੇ ਜਾਣਗੇ। ਇਸੇ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਣ ਦਾ ਵਿਰੋਧ ਪ੍ਰਸਤਾਵ ਵੀ ਪਾਸ ਕੀਤਾ ਗਿਆ। ਇਹ ਵੀ ਮੰਗ ਕੀਤੀ ਗਈ ਕਿ ਪਰਾਲੀ ਸਾੜਨ ਦੇ ਮਾਮਲੇ ਵਿਚ ਦਰਜ ਕੀਤੇ ਪੁਲਸ ਕੇਸ ਬਿਨਾਂ ਸ਼ਰਤ ਵਾਪਸ ਲਏ ਜਾਣ। ਫਰੀਦਕੋਟ ਵਿਚ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਲੜੇ ਜਾ ਰਹੇ ਸੰਘਰਸ਼ 'ਤੇ ਲਾਠੀਚਾਰਜ ਕਰਨ ਦੀ ਨਿੰਦਾ ਕੀਤੀ ਗਈ।
ਇਸ ਦਿਹਾਤੀ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜਮਹੂਰੀ ਕਿਸਾਨ ਸਭਾ ਦੇ ਕੁਲਵੰਤ ਸਿੰਘ ਸੰਧੂ, ਮਾਸਟਰ ਰਘੁਬੀਰ ਸਿੰਘ ਅਤੇ ਰਘੁਬੀਰ ਸਿੰਘ ਬੈਨੀਪਾਲ, ਕੁਲ ਹਿੰਦ ਕਿਸਾਨ ਸਭਾ ਦੇ ਚਮਕੌਰ ਸਿੰਘ ਅਤੇ ਅਵਤਾਰ ਸਿੰਘ ਗਿੱਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਗੁਰਮੀਤ ਸਿੰਘ ਮਹਿਮਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਹਰਜੀਤ ਸਿੰਘ ਰਵੀ ਅਤੇ ਬਾਬਾ ਪ੍ਰਗਟ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ, ਡਕੌਦਾ ਦੇ ਜ. ਸਕੱਤਰ ਜਗਮੋਹਨ ਸਿੰਘ, ਬਲਵੰਤ ਸਿੰਘ ਉਪਲੀ, ਕੁਲ ਹਿੰਦ ਕਿਸਾਨ ਸਭਾ ਦੇ ਮੇਜਰ ਸਿੰਘ ਪੁੰਨਾਵਾਲ, ਬਲਦੇਵ ਸਿੰਘ ਲਤਾਲਾ, ਆਜ਼ਾਦ ਸੰਘਰਸ਼ ਕਮੇਟੀ ਪੰਜਾਬ ਦੇ ਹਰਜੀਤ ਸਿੰਘ ਝੀਤੇ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਗੋਰਾ ਸਿੰਘ ਭੈਣੀ ਬਾਘਾ, ਜੈ ਕਿਸਾਨ ਸੰਘਰਸ਼ ਪੰਜਾਬ ਦੇ ਗੁਬਬਖਸ਼ ਸਿੰਘ ਬਰਨਾਲਾ ਆਦਿ ਮੁੱਖ ਤੌਰ 'ਤੇ ਸ਼ਾਮਲ ਹੋਏ।

KamalJeet Singh

This news is Content Editor KamalJeet Singh