ਸੂਬੇ ''ਚ 2309 ਖੁੱਲ੍ਹੇ ਬੋਰਵੈੱਲ ਕੀਤੇ ਬੰਦ : ਪੰਨੂ

06/29/2019 7:56:26 PM

ਚੰਡੀਗੜ੍ਹ(ਸ਼ਰਮਾ)— ਸੂਬੇ 'ਚ ਖੁੱਲ੍ਹੇ ਬੋਰਵੈੱਲਾਂ ਨੂੰ ਬੰਦ ਕਰਨ ਸਬੰਧੀ ਵੱਖ-ਵੱਖ ਖੇਤਰੀ ਵਿਭਾਗਾਂ ਦੀ ਸਹਾਇਤਾ ਲੈਣ ਦੀ ਪ੍ਰਕਿਰਿਆ ਵਧੇਰੇ ਸਫ਼ਲ ਰਹੀ ਹੈ, ਜਿਸ ਕਾਰਣ ਸੂਬੇ 'ਚ 2309 ਖੁੱਲ੍ਹੇ ਬੋਰਵੈਲ ਸਫ਼ਲਤਾਪੂਰਵਕ ਬੰਦ ਕੀਤੇ ਗਏ ਹਨ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕੇ. ਐੱਸ. ਪੰਨੂ ਨੇ ਦਿੱਤੀ। 

ਉਨ੍ਹਾਂ ਦੱÎਸਿਆ ਕਿ ਹੁਣ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਪਛਾਣ ਕੀਤੇ 2333 ਖੁੱਲ੍ਹੇ ਬੋਰਵੈਲਾਂ 'ਚੋਂ 2309 ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਖੁੱਲ੍ਹੇ ਬੋਰਵੈਲਾਂ 'ਚੋਂ ਜ਼ਿਲਾ ਪ੍ਰਸ਼ਾਸਨ ਵਲੋਂ ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ 1397, ਟਿਊਬਵੈੱਲ ਕਾਰਪੋਰੇਸ਼ਨ ਵਲੋਂ 553 ਅਤੇ ਸਿੰਚਾਈ ਵਿਭਾਗ ਵਲੋਂ 359 ਬੋਰਵੈੱਲਾਂ ਦੀ ਪਛਾਣ ਕੀਤੀ ਗਈ ਹੈ। ਜ਼ਿਲਾ-ਵਾਰ ਰਿਪੋਰਟਾਂ ਅਨੁਸਾਰ ਸੰਗਰੂਰ 'ਚ 419, ਅੰਮ੍ਰਿਤਸਰ 'ਚ 319, ਬਠਿੰਡਾ 'ਚ 131, ਮੋਹਾਲੀ 'ਚ 123 ਅਤੇ ਮਾਨਸਾ 'ਚ 110 ਖੁੱਲ੍ਹੇ ਬੋਰਵੈੱਲ ਬੰਦ ਕੀਤੇ ਗਏ ਹਨ। ਹੁਣ ਤੱਕ ਕੀਤੇ ਗਏ ਕੰਮ ਪ੍ਰਤੀ ਤਸੱਲੀ ਪ੍ਰਗਟਾਉਂਦਿਆਂ ਪੰਨੂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਫੀਲਡ ਸਟਾਫ਼ ਦੇ ਸਹਿਯੋਗ ਨਾਲ ਕੁਝ ਦਿਨਾਂ 'ਚ ਹੀ 2000 ਤੋਂ ਵੱਧ ਖੁੱਲ੍ਹੇ ਬੋਰਵੈੱਲ ਸਫ਼ਲਤਾਪੂਰਵਕ ਬੰਦ ਕੀਤੇ ਗਏ, ਜੋ ਸਭ ਵਲੋਂ ਕੀਤੇ ਗਏ ਠੋਸ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੰਮ ਇਥੇ ਹੀ ਖ਼ਤਮ ਨਹੀਂ ਹੋਇਆ, ਸਾਡੇ ਵਲੋਂ ਅਜਿਹੇ ਖੁੱਲ੍ਹੇ ਪਏ ਬੋਰਵੈੱਲਾਂ ਦੀ ਪਛਾਣ ਜਾਰੀ ਹੈ, ਜਿਨ੍ਹਾਂ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ 13 ਜੂਨ ਨੂੰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਖੁੱਲ੍ਹੇ ਪਏ ਬੋਰਵੈੱਲਾਂ ਦਾ ਬੰਦ ਹੋਣਾ ਯਕੀਨੀ ਬਣਾਉਣ ਲਈ ਪੱਤਰ ਲਿਖਿਆ ਗਿਆ ਸੀ। ਜੋ ਵਿਅਕਤੀ ਅਜਿਹੇ ਬੋਰਵੈੱਲ ਇਕ ਮਹੀਨੇ ਦੇ ਅੰਦਰ ਬੰਦ ਨਹੀਂ ਕਰਦਾ, ਉਸ ਵਿਰੁੱਧ ਅਪਰਾਧਿਕ ਕਾਰਵਾਈ ਕਰਨ ਸਬੰਧੀ ਪ੍ਰਸਤਾਵਨਾ ਵੀ ਕੀਤੀ ਗਈ ਸੀ।

Baljit Singh

This news is Content Editor Baljit Singh