22 ਸਿੱਖ ਰੈਜੀਮੈਂਟ ਦੇ ਗਲਟੀਅਰ ਐਵਾਰਡ ਜੇਤੂ ਸਾਬਕਾ ਜਵਾਨ ਨਾਲ ਮਾਰੀ ਲੱਖਾਂ ਦੀ ਠੱਗੀ

07/07/2019 3:23:12 PM

ਫ਼ਰੀਦਕੋਟ (ਜਗਤਾਰ) - 22 ਸਿੱਖ ਰੈਜੀਮੈਂਟ ਦੇ ਸਾਬਕਾ ਜਵਾਨ ਨਛੱਤਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਘੁਗਿਆਣਾ, ਜਿਸ ਨੂੰ ਦੇਸ਼ ਦੇ ਰਾਸ਼ਟਰਪਤੀ ਵਲੋਂ ਗਲਟੀਅਰ ਐਵਾਰਡ ਨਾਲ ਕਾਰਗਿਲ ਜੰਗ 'ਚ ਦੇਸ਼ ਦੀ ਸੁਰੱਖਿਆ ਲਈ ਬਹਾਦਰੀ ਨਾਲ ਦੁਸ਼ਮਣ ਦਾ ਟਾਕਰਾ ਕਰਨ ਲਈ ਸਨਮਾਨਤ ਕੀਤਾ ਗਿਆ, ਨਾਲ ਦੋਸਤ ਵਲੋਂ ਆਪਣੀ ਪਤਨੀ ਅਤੇ ਹੋਰ ਨਾਲ ਮਿਲ ਕੇ 24 ਲੱਖ 50 ਹਜ਼ਾਰ ਰੁਪਏ ਦਾ ਸੰਨ੍ਹ ਘਰੇਲੂ ਸੁਰੱਖਿਆ ਨੂੰ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਰਾਜਬਚਨ ਸਿੰਘ ਸੰਧੂ ਦੇ ਨਿਰਦੇਸ਼ 'ਤੇ ਉਕਤ ਲੋਕਾਂ ਖਿਲਾਫ ਮੁਕੱਦਮਾ ਦਰਜ ਕਰਕੇ ਪੁਲਸ ਵਲੋਂ ਅਗਲੀ ਕਾਰਵਾਈ ਜਾਰੀ ਹੈ।

ਪੀੜਤ ਦੇਸ਼ ਭਗਤ ਨਛੱਤਰ ਸਿੰਘ ਨੇ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਰਾਜਬਚਨ ਸਿੰਘ ਸੰਧੂ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਰਾਜਬੀਰ ਸਿੰਘ ਮਾਲਕ ਹਰਗੋਬਿੰਦ ਮਾਰਬਲਜ਼ ਫਰੀਦਕੋਟ ਰੋਡ ਸਾਦਿਕ ਉਸ ਦਾ ਚੰਗਾ ਮਿੱਤਰ ਸੀ। ਉਸ ਨੇ ਦੋਸਤੀ ਦੀ ਆੜ 'ਚ ਆਪਣੀ ਫ਼ਰਮ ਦੀ ਲਿਮਟ ਉਤਾਰਣ ਲਈ ਬੀਤੀ 14 ਮਾਰਚ 2017 ਨੂੰ 21 ਲੱਖ ਰੁਪਏ ਅਤੇ ਫ਼ਿਰ ਆਪਣੇ ਘਰੇਲੂ ਖਰਚ ਲਈ 15 ਮਾਰਚ 2017 ਨੂੰ 3 ਲੱਖ 50 ਹਜ਼ਾਰ ਰੁਪਏ ਕੁਝ ਦਿਨ ਲਈ ਲੈ ਗਿਆ ਸੀ, ਜਿਨ੍ਹਾਂ ਨੂੰ ਦੇਣ ਲਈ ਉਹ ਹੁਣ ਟਾਲ-ਮਟੋਲ ਕਰ ਰਿਹਾ ਹੈ।ਉਸ ਨੇ ਦੋਸ਼ ਲਾਇਆ ਕਿ ਰਾਜਬੀਰ ਸਿੰਘ ਨੇ ਝੂਠੇ ਦਸਤਾਵੇਜ਼ ਬਣਾ ਕੇ ਰੱਖੇ ਹੋਏ ਹਨ, ਜਿਨ੍ਹਾਂ 'ਚ ਉਸ ਨੇ ਲਏ ਪੈਸਿਆਂ ਬਦਲੇ ਸਾਦਿਕ ਵਿਖੇ ਇਕ ਪਲਾਟ ਦੇਣ ਸਬੰਧੀ ਬਿਆਨਾਂ ਕੀਤਾ ਹੈ। ਇਸ 'ਤੇ ਕੁਲਦੀਪ ਸਿੰਘ ਦੀ ਗਵਾਹੀ ਵੀ ਪਾਈ ਹੋਈ ਹੈ, ਜੋ ਰਾਜਬੀਰ ਸਿੰਘ ਦਾ ਦੋਸਤ ਹੈ।


ਦੱਸਣਯੋਗ ਹੈ ਕਿ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਦੇ ਨਿਰਦੇਸ਼ਾਂ 'ਤੇ ਦਰਜ ਕੀਤੇ ਗਏ ਮੁਕੱਦਮੇ ਦੀ ਮੁੱਢਲੀ ਪੜਤਾਲ 'ਚ ਪਤਾ ਲੱਗਾ ਕਿ ਰਾਜਬੀਰ ਦੇ ਨਾਂ 'ਤੇ ਰਜਿਸਟਰਡ ਫ਼ਰਮ ਹਰਗੋਬਿੰਦ ਮਾਰਬਲਜ਼ ਦੇ ਬੈਂਕ ਖਾਤੇ 'ਚ ਸਾਰੀ ਰਕਮ ਟਰਾਂਸਫ਼ਰ ਹੋਈ ਹੈ, ਜੋ ਉਸਨੇ ਆਪਣੇ ਸਹੁਰੇ ਦੇ ਬੈਂਕ ਖਾਤੇ 'ਚ ਜਮ੍ਹਾ ਕਰਵਾ ਕੇ ਫ਼ਰਮ ਦੀ ਲਿਮਟ ਬੈਂਕ ਅਕਾਊਂਟ 'ਚ ਟਰਾਂਸਫ਼ਰ ਕਰਵਾਈ। ਮੁੱਢਲੀ ਜਾਂਚ ਦੌਰਾਨ ਸਬੰਧਤ ਬੈਂਕ ਦੇ ਮੈਨੇਜਰ ਤੇ ਸਟੇਟਮੈਂਟਾਂ ਨੂੰ ਪੁਲਸ ਵਲੋਂ ਵਾਚ ਕੀਤਾ ਗਿਆ ਤੇ ਰਾਜਬੀਰ ਦੀ ਪਤਨੀ ਦੇ ਖਾਤੇ 'ਚ ਵੀ ਰਕਮ ਟਰਾਂਸਫ਼ਰ ਹੋਣੀ ਪਾਈ ਗਈ। ਸੂਤਰਾਂ ਅਨੁਸਾਰ ਰਾਜਬੀਰ ਨੇ ਆਪਣੀ ਪਤਨੀ ਅਤੇ ਕੁਲਦੀਪ ਸਿੰਘ ਨਾਲ ਮਿਲ ਕੇ ਪੈਸੇ ਖੁਰਦ-ਬੁਰਦ ਕਰਨ ਦੀ ਨੀਯਤ ਨਾਲ 15 ਮਰਲੇ ਦੇ ਪਲਾਟ ਦੇ ਸੌਦੇ ਸਬੰਧੀ ਇਕ ਫ਼ਰਜ਼ੀ ਇਕਰਾਰਨਾਮਾ ਬੈ ਤਿਆਰ ਕੀਤਾ। ਪੁਲਸ ਸੂਤਰਾਂ ਪਹਿਲੀ ਨਜ਼ਰੇ ਇਹ ਸਾਬਤ ਹੋਇਆ ਕਿ ਸ਼ਿਕਾਇਤ ਕਰਤਾ ਦੇ ਬੈਂਕ ਖਾਤਿਆਂ ਦੇ ਹਸਤਾਖਰਾਂ ਤੋਂ ਇਲਾਵਾ ਆਰਮੀ ਪਛਾਣ ਪੱਤਰ, ਪੈਨ ਕਾਰਡ, ਪਾਸਪੋਰਟ ਅਤੇ ਇਨਕਮ ਟੈਕਸ ਰਿਟਰਨਾਂ 'ਤੇ ਕੀਤੇ ਗਏ ਨਛੱਤਰ ਦੇ ਦਸਤਖਤਾਂ ਨਾਲ ਇਕਰਾਰਨਾਮਾ ਬੈ ਕੀਤੇ ਦਸਤਖਤ ਮੇਲ ਨਹੀਂ ਖਾ ਰਹੇ। ਇਸ ਮਾਮਲੇ ਦੇ ਸਬੰਧ 'ਚ ਸੀਨੀਅਰ ਪੁਲਸ ਕਪਤਾਨ ਦੀਆਂ ਹਦਾਇਤਾਂ 'ਤੇ ਰਾਜਬੀਰ, ਪਤਨੀ ਬਲਵਿੰਦਰ ਕੌਰ ਤੇ ਕੁਲਦੀਪ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਨੇ ਆਪਣੀਆਂ ਸਰਗਮੀਆ ਤੇਜ਼ ਕਰ ਦਿੱਤੀਆਂ ਹਨ।

rajwinder kaur

This news is Content Editor rajwinder kaur