ਚਾਂਦੀ ਗੁੱਜਰ ਦੇ ਡੇਰੇ ਤੋਂ 22 ਤੋਲੇ ਸੋਨਾ ਤੇ 66 ਹਜ਼ਾਰ ਚੋਰੀ

07/24/2017 7:08:30 AM

ਸ਼ਾਹਕੋਟ, (ਮਰਵਾਹਾ, ਤ੍ਰੇਹਨ)- ਅੱਜ ਰਾਤ ਸਥਾਨਕ ਮੋਗਾ ਰੋਡ 'ਤੇ ਰਾਧਾ ਸੁਆਮੀ ਸਤਿਸੰਗ ਘਰ ਨਾਲ ਸਥਿਤ ਚਾਂਦੀ ਗੁੱਜਰ ਦੇ ਡੇਰੇ ਦੀ ਕੰਧ ਤੋੜ ਕੇ ਚੋਰ ਸੋਨੇ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ । ਘਟਨਾ ਵਾਲੀ ਥਾਂ 'ਤੇ ਮੌਜੂਦ ਸੁਲੇਮਾਨ ਗੁੱਜਰ ਪੁੱਤਰ ਚਾਂਦੀ ਮੁਹੰਮਦ ਗੁੱਜਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦਾ ਪੂਰਾ ਪਰਿਵਾਰ ਡੇਰੇ ਦੇ ਵਿਹੜੇ 'ਚ ਸੁੱਤਾ ਹੋਇਆ ਸੀ ਕਿ ਰਾਤ ਕਰੀਬ ਸਾਢੇ 3 ਵਜੇ ਉਸਦੇ ਛੋਟੇ ਭਰਾ ਸ਼ੋਕੂ ਨੂੰ ਠੰਡ ਲੱਗੀ ਤਾਂ ਉਹ ਚਾਦਰ ਲੈਣ ਲਈ ਕਮਰੇ 'ਚ ਗਿਆ। ਉਸਨੇ ਦੇਖਿਆ ਕਿ ਉਥੇ ਰੱਖੀ ਲੋਹੇ ਦੀ ਅਲਮਾਰੀ ਖੁੱਲ੍ਹੀ ਪਈ ਸੀ। ਉਸ 'ਚ ਰੱਖੇ ਕੱਪੜੇ ਤੇ ਹੋਰ ਸਾਮਾਨ ਖਿਲਰਿਆ ਪਿਆ ਸੀ। ਇਹ ਦੇਖ ਕੇ ਉਸ ਨੇ ਘਰ ਵਾਲਿਆਂ ਨੂੰ ਜਗਾਇਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਅਲਮਾਰੀ 'ਚੋਂ 22 ਤੋਲੇ ਸੋਨੇ ਦੇ ਗਹਿਣੇ ਅਤੇ 66 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਸੁਲੇਮਾਨ ਨੇ ਦੱਸਿਆ ਕਿ ਚੋਰ ਘਰ ਦੀ ਕੰਧ ਤੋੜ ਕੇ ਕਮਰੇ 'ਚ ਦਾਖਲ ਹੋਏ। ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।