ਭੋਗਪੁਰ ਪੁਲਸ ਵੱਲੋਂ ਲੁੱਟਖੋਹ, ਕਤਲ ਦੀਆਂ ਵਾਰਦਾਤਾਂ ''ਚ ਲੋੜੀਂਦੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

09/09/2020 12:17:55 PM

ਭੋਗਪੁਰ (ਸੂਰੀ)— ਭੋਗਪੁਰ ਪੁਲਸ ਵੱਲੋਂ ਲੁੱਟਖੋਹ, ਕਤਲ ਦੀਆਂ ਵਾਰਦਾਤਾਂ 'ਚ ਲੋੜੀਂਦੇ ਗਿਰੋਹ ਦੇ ਦੋ ਮੈਂਬਰ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐੱਸ. ਪੀ. ਆਦਮਪੁਰ ਹਰਿੰਦਰ ਸਿੰਘ ਮਾਨ ਅਤੇ ਥਾਣਾ ਮੁਖੀ ਭੋਗਪੁਰ ਜਰਨੈਲ ਸਿੰਘ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਲੁੱਟਖੋਹ, ਕਤਲ ਅਤੇ ਨਸ਼ਾ ਤਸਕਰੀ ਵਰਗੇ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ ਦੋ ਮੈਂਬਰਾਂ ਨੂੰ ਦੋ ਪਿਸਤੌਲਾਂ ਅਤੇ ਇਕ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗਿਰੋਹ ਦਾ ਇਕ ਮੈਂਬਰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਸਫਲ ਹੋ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਸੁਖਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਭੁੱਲਰ ਅਮ੍ਰਿਤਸਰ, ਪੁਪਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਹਰਸ਼ਾ ਛੀਨਾ ਅਮ੍ਰਿਤਸਰ ਅਤੇ ਪਲਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਮਰਗਿੰਦ ਜ਼ਿਲ੍ਹਾ ਤਰਨਤਾਰਨ ਨੇ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ।

ਇਹ ਵੀ ਪੜ੍ਹੋ: ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਇਨ੍ਹਾਂ ਦੇ ਕੋਲ ਵਿਦੇਸ਼ੀ ਅਸਲਾ ਹੈ। ਇਸ ਗਿਰੋਹ ਵੱਲੋਂ ਪਹਿਲਾਂ ਵੀ ਲੁੱਟਖੋਹ, ਕਤਲ ਅਤੇ ਨਸ਼ਾ ਤਸਕਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਕਈ ਮੁਕੱਦਮੇ ਦਰਜ ਹਨ। ਇਨ੍ਹਾਂ ਦੇ ਕੋਲ ਇਕ ਸਵਿੱਫਟ ਡਿਜ਼ਾਇਰ ਕਾਰ ਹੈ, ਜਿਸ 'ਤੇ ਇਨ੍ਹਾਂ ਨੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਹੈ ਅਤੇ ਉਸ ਦੇ ਜਾਅਲੀ ਕਾਗਜ਼ਾਤ ਤਿਆਰ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਗਰੋਹ ਦੇ ਤਿੰਨ ਮੈਂਬਰ ਇਕ ਕਾਰ ਵਿਚ ਸਵਾਰ ਹੋ ਕੇ ਅਸਲੇ ਸਮੇਤ ਮੇਨ ਹਾਈਵੇਅ 'ਤੇ ਕਿਸੇ ਵੱਡੀ ਵਾਰਦਾਤ ਕਰਨ ਦੀ ਸਾਜ਼ਿਸ਼ ਨਾਲ ਆਏ ਸਨ ਅਤੇ ਕੋਈ ਲਗਜ਼ਰੀ ਗੱਡੀ ਖੋਹਣ ਦੀ ਤਿਆਰੀ 'ਚ ਸਨ।

ਸੂਚਨਾ ਮਿਲਣ ਤੋਂ ਬਾਅਦ ਨਾਕਾਬੰਦੀ ਕਰਕੇ ਪੁਲਸ ਵੱਲੋਂ ਦੋਵੇਂ ਮੈਂਬਰਾਂ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਵੱਲੋਂ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਪਿੰਡ ਪਚਰੰਗਾ ਦੇ ਚੌਂਕ 'ਚ ਨਾਕਾਬੰਦੀ ਕਰਕੇ ਇਕ ਸ਼ੱਕੀ ਡਿਜ਼ਾਇਰ ਕਾਰ ਨੂੰ ਰੋਕਿਆ ਗਿਆ। ਕਾਰ ਰੁੱਕਦੇ ਸਾਰ ਹੀ ਇਕ ਨੌਜਵਾਨ ਸੁਖਮਨਪ੍ਰੀਤ ਸਿੰਘ ਕਾਰ 'ਚੋਂ ਨਿਕਲ ਕੇ ਦੋੜ ਗਿਆ ਅਤੇ ਪੁਲਸ ਵੱਲੋਂ ਇਸ ਕਾਰ 'ਚ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੀ ਤਲਾਸ਼ੀ ਲੈਣ ਸਮੇਂ ਉਨ੍ਹਾਂ ਪਾਸੋਂ ਦੋ ਪਿਸਤੌਲ (ਜਿਨ੍ਹਾਂ ਵਿਚੋਂ ਇਕ ਦੇਸ਼ੀ ਅਤੇ ਇਕ ਵਿਦੇਸ਼ੀ ਹੈ) ਅਤੇ ਛੇ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਚੌਂਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਵੱਲੋਂ ਉਪਰੋਕਤ ਤਿੰਨਾਂ ਦੋਸ਼ੀਆਂ ਖ਼ਿਲਾਫ਼ ਥਾਣਾ ਭੋਗਪੁਰ 'ਚ ਅਸਲਾ ਐਕਟ ਅਤੇ ਹੋਰ ਸੰਗੀਨ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਕਾਰਨ 3 ਮੌਤਾਂ, 19 ਨਵੇਂ ਮਰੀਜ਼ਾਂ ਦੀ ਪੁਸ਼ਟੀ

shivani attri

This news is Content Editor shivani attri