ਸਾਹ ਘੁੱਟਣ ਨਾਲ 2 ਵਿਅਕਤੀਆਂ ਦੀ ਸ਼ੱਕੀ ਹਾਲਤ ''ਚ ਮੌਤ

03/17/2018 1:03:04 AM

ਹੁਸ਼ਿਆਰਪੁਰ, (ਅਮਰਿੰਦਰ)- ਊਨਾ ਰੋਡ 'ਤੇ ਸਥਿਤ ਪਿੰਡ ਅਲਾਹਾਬਾਦ ਵਿਖੇ ਅੱਜ ਸਵੇਰੇ ਉਸ ਸਮੇਂ ਮਾਹੌਲ ਗੰਭੀਰ ਹੋ ਗਿਆ ਜਦੋਂ ਪਿੰਡ ਦੇ ਬਾਹਰ ਇਕ ਨਿੱਜੀ ਟਿਊਬਵੈੱਲ ਦੇ ਕਮਰੇ 'ਚੋਂ ਪਿੰਡ ਦੇ ਹੀ 2 ਵਿਅਕਤੀਆਂ ਮਹਿੰਦਰ ਸਿੰਘ ਤੇ ਰਾਮ ਕਿਸ਼ਨ ਦੀਆਂ ਲਾਸ਼ਾਂ ਮਿਲੀਆਂ। ਫਿਲਹਾਲ ਮੌਤ ਦਾ ਕਾਰਨ ਜ਼ਹਿਰੀਲੇ ਧੂੰਏ ਨਾਲ ਸਾਹ ਘੁੱਟ ਹੋਣ ਜਾਂ ਜ਼ਹਿਰੀਲੀ ਸ਼ਰਾਬ ਪੀਣ ਨੂੰ ਦੱਸਿਆ ਜਾ ਰਿਹਾ ਹੈ। 
ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸਬੰਧ 'ਚ ਕੁਝ ਕਿਹਾ ਜਾ ਸਕਦਾ ਹੈ। ਇਸ ਦੌਰਾਨ ਰਾਮ ਕਿਸ਼ਨ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ, ਜਦਕਿ ਮਹਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ 17 ਮਾਰਚ ਨੂੰ ਉਸਦੇ ਦੋਵੇਂ ਲੜਕਿਆਂ ਦੇ ਦੁਬਈ ਤੋਂ ਆਉਣ ਦੇ ਬਾਅਦ ਹੀ ਕੀਤਾ ਜਾਵੇਗਾ। ਪੋਸਟਮਾਰਟਮ ਕਰਨ ਵਾਲੀ ਡਾਕਟਰਾਂ ਦੀ ਟੀਮ ਅਨੁਸਾਰ ਮ੍ਰਿਤਕਾਂ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ। ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।

ਕੀ ਹੈ ਮਾਮਲਾ 
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅਲਾਹਾਬਾਦ ਪਿੰਡ ਦੇ ਬਾਹਰ ਬਜਵਾੜਾ ਪਿੰਡ ਦੇ ਇਕ ਪ੍ਰੋਫੈਸਰ ਦੇ ਨਿੱਜੀ ਟਿਊਬਵੈੱਲ 'ਤੇ 70 ਸਾਲਾ ਰਾਮ ਕ੍ਰਿਸ਼ਨ ਪਿਛਲੇ ਕਾਫੀ ਸਾਲਾਂ ਤੋਂ ਰਹਿ ਰਿਹਾ ਸੀ ਤੇ ਅਣਵਿਆਹੁਤਾ ਸੀ। ਅਲਾਹਾਬਾਦ ਪਿੰਡ ਦਾ ਹੀ ਰਹਿਣ ਵਾਲਾ ਇਕ ਨੌਜਵਾਨ ਜਦੋਂ ਸਵੇਰੇ ਟਿਊਬਵੈੱਲ 'ਤੇ ਆਇਆ ਤਾਂ ਆਵਾਜ਼ ਦੇਣ 'ਤੇ ਜਦੋਂ ਕੋਈ ਆਵਾਜ਼ ਨਾ ਆਈ ਤਾਂ ਉਸਨੇ ਦਰਵਾਜੇ ਨੂੰ ਧੱਕਾ ਮਾਰ ਕੇ ਦੇਖਿਆ ਕਿ ਅੰਦਰ ਰਾਮ ਕ੍ਰਿਸ਼ਨ ਪੁੱਤਰ ਤੁਲਸੀ ਰਾਮ ਤੇ ਮਹਿੰਦਰ ਸਿੰਘ ਪੁੱਤਰ ਜੀਤ ਸਿੰਘ ਮ੍ਰਿਤਕ ਹਾਲਤ 'ਚ ਪਏ ਸਨ। ਉਸਨੇ ਤੁਰੰਤ ਇਸਦੀ ਸੂਚਨਾ ਪਿੰਡ ਵਾਸੀਆਂ ਤੇ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੇਸ਼ ਅਰੋੜਾ ਤੇ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। 
ਟਿਊਬਵੈੱਲ ਵਾਲੇ ਕਮਰੇ ਦੇ ਬਾਹਰੋਂ ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ : ਟਿਊਬਵੈੱਲ ਦੇ ਕਮਰੇ ਦੇ ਬਾਹਰ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਅੰਦਰ ਲਾਸ਼ਾਂ ਦੇ ਕੋਲ ਹੀ ਸੜੀ ਹੋਈ ਹਾਲਤ 'ਚ ਕੀਟਨਾਸ਼ਕ ਦੀ ਸਪਰੇਅ ਵਾਲੀ ਕੈਨੀ ਦੇਖ ਕੇ ਜਾਪਦਾ ਹੈ ਕਿ ਦੋਵਾਂ ਨੇ ਸ਼ਰਾਬ ਪੀਣ ਤੋਂ ਬਾਅਦ ਰਾਤ ਨੂੰ ਸੌਣ ਲੱਗਿਆਂ ਬੀੜੀ ਜਾਂ ਸਿਗਰੇਟ ਪੀਤੀ ਹੋਵੇਗੀ ਅਤੇ ਸਪਰੇਅ ਵਾਲੀ ਕੈਨੀ ਕੋਲ ਸੁੱਟਣ ਨਾਲ ਉਸ ਵਿਚ ਅੱਗ ਲੱਗਣ ਨਾਲ ਜ਼ਹਿਰੀਲਾ ਧੂੰਆਂ ਪੈਦਾ ਹੋ ਜਾਣ ਨਾਲ ਸਾਹ ਘੁੱਟ ਕੇ ਉਨ੍ਹਾਂ ਦੀ ਮੌਤ ਹੋ ਗਈ ਹੋਵੇਗੀ। 
ਪਰਿਵਾਰਕ ਮੈਂਬਰਾਂ ਨੇ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ : ਮ੍ਰਿਤਕ ਮਹਿੰਦਰ ਸਿੰਘ ਦੀ ਪਤਨੀ ਬਲਵਿੰਦ ਕੌਰ ਨੇ ਦੱਸਿਆ ਕਿ ਉਸਦਾ ਪਤੀ ਭਰਵਾਈਂ ਰੋਡ 'ਤੇ ਇਕ ਕੰਪਨੀ 'ਚ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਬੀਤੇ ਦਿਨ ਦੁਪਹਿਰ 12 ਵਜੇ ਖਾਣਾ ਖਾਣ ਤੋਂ ਬਾਅਦ ਘਰੋਂ ਨਿਕਲਿਆ ਸੀ। ਘਰ ਵਾਪਸ ਨਾ ਆਉਣ 'ਤੇ ਅਸੀਂ ਪੂਰੀ ਰਾਤ ਉਸਦੀ ਭਾਲ ਕਰਦੇ ਰਹੇ ਅਤੇ ਸਵੇਰੇ ਉਨ੍ਹਾਂ ਨੂੰ ਇਹ ਮਨਹੂਸ ਖ਼ਬਰ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਉਕਤ ਟਿਊਬਵੈੱਲ 'ਤੇ ਉਹ ਕਦੇ ਨਹੀਂ ਜਾਂਦਾ ਸੀ। ਜੇਕਰ ਸ਼ਰਾਬ ਪੀਣ ਲਈ ਗਿਆ ਵੀ ਹੋਵੇਗਾ ਤਾਂ ਐਨੀ ਦੇਰ ਉਥੇ ਕਿਉਂ ਰੁਕਿਆ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਅਪੀਲ ਕੀਤੀ। 

ਕੀ ਕਹਿੰਦੇ ਹਨ ਡੀ. ਐੱਸ. ਪੀ.
ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਟਿਊਬਵੈੱਲ ਵਾਲੇ ਕਮਰੇ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਕਮਰੇ 'ਚ ਜ਼ਹਿਰੀਲੇ ਧੂੰਏ ਦੀ ਲਪੇਟ ਵਿਚ ਆ ਕੇ ਹੀ ਦੋਵਾਂ ਦਾ ਸਾਹ ਘੁੱਟ ਕੇ ਮੌਤ ਹੋਈ ਹੋਵੇਗੀ। ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕਦਾ ਹੈ।