ਚਾਹ ''ਚ ਨਸ਼ੇ ਵਾਲੀ ਦਵਾਈ ਪਾ ਕੇ ਬੇਹੋਸ਼ ਕਰਨ ਦੇ ਮਾਮਲੇ ''ਚ 2 ਨਾਮਜ਼ਦ

08/31/2018 3:34:21 AM

ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ)— ਚਾਹ ਵਿਚ ਨਸ਼ੇ ਵਾਲੀ ਚੀਜ਼ ਪਾ ਕੇ ਬੇਹੋਸ਼ ਕਰਨ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਸ ਵੱਲੋਂ 2 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਭੁੱਲਰ ਨਿਵਾਸੀ ਬੀਰਬਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਘਰ ਵਿਚ ਪਿੰਡ ਦੀ ਹੀ ਇਕ ਲੜਕੀ ਰਵਨੀਤ ਕੌਰ ਉਰਫ਼ ਰਵੀ ਨੂੰ ਰੋਟੀ ਆਦਿ ਦੇ ਕੰਮ ਕਰਨ ਲਈ ਰੱਖਿਆ ਹੋਇਆ ਹੈ, ਜਦਕਿ ਇਸ ਦਾ ਪਰਿਵਾਰ ਉਨ੍ਹਾਂ ਦੇ ਖੇਤਾਂ ਵਿਚ ਕੰਮ ਕਰਦਾ ਹੈ। ਰਵਨੀਤ ਕੌਰ ਦੇ ਪਿੰਡ ਦੇ ਹੀ ਇਕ ਲੜਕੇ ਗੁਰਪ੍ਰੀਤ ਸਿੰਘ ਉਰਫ਼ ਗੌਰੀ ਨਾਲ ਪ੍ਰੇਮ ਸਬੰਧ ਹਨ। ਇਸ ਬਾਰੇ ਜਦੋਂ ਪਤਾ ਲੱਗਾ ਤਾਂ ਉਸ ਨੇ ਲੜਕੀ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ, ਜਿਸ ਕਾਰਨ ਉਹ ਉਸ ਦੇ ਨਾਲ ਰੰਜਿਸ਼ ਰੱਖਣ ਲੱਗ ਪਈ।

ਬੀਰਬਲ ਸਿੰਘ ਨੇ ਸ਼ਿਕਾਇਤ 'ਚ ਦੱਸਿਆ ਕਿ ਬੀਤੀ 26 ਅਗਸਤ ਨੂੰ ਉਹ ਖੁਦ ਅਤੇ ਉਸ ਦੀ ਪਤਨੀ ਵੀਰਪਾਲ ਕੌਰ ਘਰ ਵਿਚ ਸੀ, ਜਦਕਿ ਉਕਤ ਲੜਕੀ ਦੇ ਮਾਤਾ-ਪਿਤਾ ਕੰਮ ਲਈ ਬਾਹਰ ਗਏ ਹੋਏ ਸਨ। ਉਦੋਂ ਰਵਨੀਤ ਕੌਰ ਨੇ ਬਾਹਰੋਂ ਕੋਈ ਦਵਾਈ ਮੰਗਵਾ ਕੇ ਉਨ੍ਹਾਂ ਦੀ ਚਾਹ ਵਿਚ ਪਾ ਦਿੱਤੀ, ਜਿਸ ਕਾਰਨ ਚਾਹ ਪੀਂਦੇ ਹੀ ਉਹ ਦੋਵੇਂ ਬੇਹੋਸ਼ ਹੋ ਗਏ ਅਤੇ ਕੁਝ ਸਮੇਂ ਬਾਅਦ ਮਾਤਾ ਦਾ ਫੋਨ ਆਇਆ ਤਾਂ ਬੀਰਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਕੀ ਹੋ ਗਿਆ ਹੈ।

ਇਸ 'ਤੇ ਉਸ ਦੀ ਮਾਤਾ ਨੇ ਉਸ ਦੇ ਤਾਇਆ ਅਮਰਦੀਪ ਉਰਫ ਪੱਪੂ ਡਾਕਟਰ ਨੂੰ ਫੋਨ ਕੀਤਾ, ਜਿਸ ਨੇ ਦੋਵਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ, ਇਸ ਸਮੇਂ ਰਵਨੀਤ ਕੌਰ ਵੀ ਬੇਹੋਸ਼ੀ ਦਾ ਡਰਾਮਾ ਕਰਦੇ ਹੋਏ ਉਨ੍ਹਾਂ ਦੇ ਨਾਲ ਹੀ ਹਸਪਤਾਲ 'ਚ ਦਾਖਲ ਹੋ ਗਈ। ਪਹਿਲਾਂ ਤਾਂ ਉਹ ਸੋਚਦੇ ਰਹੇ ਕਿ ਸ਼ਾਇਦ ਚਾਹ ਵਿਚ ਕੋਈ ਕਿਰਲੀ ਆਦਿ ਡਿੱਗ ਪਈ ਹੋਵੇਗੀ ਪਰ ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਰਵਨੀਤ ਨੇ ਹੀ ਆਪਣੇ ਪ੍ਰੇਮੀ ਗੁਰਪ੍ਰੀਤ ਸਿੰਘ ਨੂੰ ਘਰ ਬੁਲਾਉਣ ਦੇ ਚੱਕਰ 'ਚ ਉਨ੍ਹਾਂ ਨੂੰ ਚਾਹ 'ਚ ਕੋਈ ਦਵਾਈ ਪਾ ਕੇ ਪਿਆਈ ਹੈ, ਜਿਸ ਦੀ ਓਵਰਡੋਜ਼ ਕਾਰਨ ਉਹ ਬੇਹੋਸ਼ ਹੋ ਗਏ ਅਤੇ ਹਾਲਤ ਵਿਗੜ ਗਈ। 2 ਦਿਨ ਦੇ ਇਲਾਜ ਤੋਂ ਬਾਅਦ ਮੁਸ਼ਕਲ ਨਾਲ ਉਨ੍ਹਾਂ ਨੂੰ ਹੋਸ਼ ਆਈ। ਥਾਣਾ ਸਦਰ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਵਨੀਤ ਕੌਰ ਅਤੇ ਉਸ ਦੇ ਪ੍ਰੇਮੀ ਗੁਰਪ੍ਰੀਤ ਸਿੰਘ ਉਰਫ਼ ਗੌਰੀ ਨਿਵਾਸੀ ਭੁੱਲਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।