ਚੋਰੀ ਦੇ 3 ਮੋਟਰਸਾਈਕਲਾਂ ਸਣੇ 2 ਗ੍ਰਿਫਤਾਰ

07/20/2017 5:41:01 PM

ਗੜ੍ਹਸ਼ੰਕਰ(ਬੈਜ ਨਾਥ)— ਗੜ੍ਹਸ਼ੰਕਰ ਦੀ ਪੁਲਸ ਨੇ 2 ਚੋਰਾਂ ਨੂੰ ਚੋਰੀ ਦੇ 3 ਮੋਟਰਸਾਈਕਲਾਂ ਸਣੇ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 124 ਧਾਰਾ 379 ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਕੇਵਲ ਸਿੰਘ ਨੇ ਦੱਸਿਆ ਕਿ ਬੀਤੀ 7 ਜੁਲਾਈ ਨੂੰ ਰਿਪਨ ਸ਼ਰਮਾ ਵਾਸੀ ਗੜ੍ਹਸ਼ੰਕਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਸੀ ਕਿ ਉਹ ਰਾਤ ਕਰੀਬ 8 ਵਜੇ ਅਮਰਨਾਥ ਯਾਤਰੀਆਂ ਲਈ ਹੁਸ਼ਿਆਰਪੁਰ ਰੋਡ 'ਤੇ ਲਾਏ ਲੰਗਰ ਵਿਚ ਸੇਵਾ ਕਰਨ ਗਿਆ ਸੀ। ਜਦੋਂ ਵਾਪਸ ਆਇਆ ਤਾਂ ਉਸਦਾ ਮੋਟਰਸਾਈਕਲ ਨੰ. ਪੀ. ਬੀ-07-ਏ. ਐੱਮ-8806 ਗਾਇਬ ਸੀ। ਪੁਲਸ ਨੇ ਰਿਪਨ ਸ਼ਰਮਾ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ। ਪੁਲਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਰਣਜੀਤ ਸਿੰਘ ਪੁੱਤਰ ਧੱਤੂ ਸਿੰਘ ਪਿੰਡ ਨਡਾਲੋਂ ਥਾਣਾ ਮੇਹਟੀਆਣਾ ਅਤੇ ਲਵਜੋਤ ਸਿੰਘ ਉਰਫ ਜੋਤੀ ਪੁਤੱਰ ਰਤਨ ਸਿੰਘ ਪਿੰਡ ਜਲਵੇੜਾ ਥਾਣਾ ਮੇਹਟੀਆਣਾ ਨੂੰ ਚੋਰੀ ਦੇ 3 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਹੈ। 
ਅਡੀਸ਼ਨਲ ਐੱਸ. ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਚੋਰਾਂ ਕੋਲੋਂ ਰਿਪਨ ਸ਼ਰਮਾ ਦੇ ਮੋਟਰਸਾਈਕਲ ਸਣੇ ਜੋ 2 ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ, ਇਹ ਦੋਸ਼ੀਆਂ ਵੱਲੋ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨ ਪੀਰ ਨਿਗਾਹਾ ਤੋਂ ਕੁੱਝ ਮਹੀਨੇ ਪਹਿਲਾਂ ਚੋਰੀ ਕੀਤੇ ਸਨ ਅਤੇ ਇਨ੍ਹਾਂ 'ਤੇ ਨੰਬਰ ਪਲੇਟਾਂ ਵੀ ਜਾਅਲੀ ਲਾਈਆਂ ਹੋਈਆਂ ਸਨ। ਪੁਲਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਚੋਰਾਂ ਤੋਂ ਹੋਰ ਵੀ ਸੁਰਾਗ ਲੱਗਣ ਦੀ ਸੰਭਾਵਨਾ ਹੈ।