ਸਾਢੇ 3 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰ

09/29/2019 11:38:24 PM

ਲੁਧਿਆਣਾ (ਅਨਿਲ)-ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੂਨਿਟ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ 2 ਨਸ਼ਾ ਸਮੱਗਲਰਾਂ ਨੂੰ ਸਾਢੇ 3 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਨਸ਼ਾ ਸਮੱਗਲਰ ਅੱਜ ਕੈਲਾਸ਼ ਨਗਰ ਰੋਡ 'ਤੇ ਹੈਰੋਇਨ ਦੀ ਵੱਡੀ ਖੇਪ ਲੈ ਕੇ ਗਾਹਕਾਂ ਨੂੰ ਸਪਲਾਈ ਕਰਨ ਆ ਰਹੇ ਹਨ, ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੰਦਾ ਕਾਲੋਨੀ ਕੈਲਾਸ਼ ਨਗਰ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸੇ ਦੌਰਾਨ ਸਾਹਮਣਿਓਂ ਇਕ ਸਕੂਟਰੀ 'ਤੇ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੀ ਸਕੂਟਰੀ ਦੀ ਡਿੱਕੀ 'ਚੋਂ 712 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਸਾਢੇ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਸ ਨੇ ਤੁਰੰਤ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਪਛਾਣ ਫਿਰੋਜ਼ ਆਲਮ (32) ਪੁੱਤਰ ਮੁਹੰਮਦ ਗਨੀ ਵਾਸੀ ਨਿਊ ਸ਼ਿਮਲਾ ਕਾਲੋਨੀ ਅਤੇ ਨਰੇਸ਼ ਕੁਮਾਰ (27) ਪੁੱਤਰ ਕਮਲਜੀਤ ਵਾਸੀ ਨਜ਼ਦੀਕ ਸ਼ਿਵ ਮੰਦਰ ਸ਼ਿਮਲਾ ਕਾਲੋਨੀ ਵਜੋਂ ਕੀਤੀ ਗਈ ਹੈ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਐੱਸ. ਟੀ. ਐੱਫ. ਮੋਹਾਲੀ ਪੁਲਸ ਸਟੇਸ਼ਨ 'ਚ ਕੇਸ ਦਰਜ ਕਰ ਕੇ ਅਗਲੀ ਕਰਵਾਈ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਲੈਕਟ੍ਰਾਨਿਕ ਕੰਡਾ ਅਤੇ ਲਿਫਾਫੇ ਵੀ ਬਰਾਮਦ
ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੇ ਹਨ। ਦੋਸ਼ੀ ਜਦੋਂ ਵੀ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਨ ਜਾਂਦੇ ਸਨ ਤਾਂ ਹੈਰੋਇਨ ਦਾ ਵਜ਼ਨ ਕਰਨ ਲਈ ਇਲੈਕਟ੍ਰਾਨਿਕ ਕੰਡਾ ਨਾਲ ਰੱਖਦੇ ਸਨ। ਗਾਹਕ ਨੂੰ ਹੈਰੋਇਨ ਦਾ ਨਾਪ ਤੋਲ ਕਰਨ ਤੋਂ ਬਾਅਦ ਉਸ ਨੂੰ ਪਲਾਸਟਿਕ ਦੇ ਛੋਟੇ ਲਿਫਾਫੇ 'ਚ ਪਾ ਕੇ ਦਿੰਦੇ ਸਨ। ਪੁਲਸ ਨੇ ਦੋਸ਼ੀਆਂ ਕੋਲੋਂ 90 ਖਾਲੀ ਲਿਫਾਫੇ ਵੀ ਬਰਾਮਦ ਕੀਤੇ ਹਨ।

ਇੰਚਾਰਜ ਨੇ ਦੱਸਿਆ ਕਿ ਦੋਸ਼ੀ ਫਿਰੋਜ਼ ਆਲਮ ਪਹਿਲਾਂ ਸਿਲਾਈ ਦਾ ਕੰਮ ਕਰਦਾ ਸੀ ਅਤੇ ਬਾਅਦ 'ਚ ਉਸ ਨੇ ਨਸ਼ਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਦੋਸ਼ੀ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ। ਜਦੋਂਕਿ ਦੋਸ਼ੀ 'ਤੇ ਨਸ਼ਾ ਸਮੱਗਲਿੰਗ ਦਾ ਇਕ ਕੇਸ ਵੀ ਦਰਜ ਹੈ, ਜਿਸ 'ਚ ਉਹ ਫਰਾਰ ਹੈ। ਉਸ ਨੇ ਦੱਸਿਆ ਕਿ ਇਹ ਹੈਰੋਇਨ ਖੇਪ ਟਿੱਬਾ ਰੋਡ ਦੇ ਅਕਸ਼ੇ ਕੁਮਾਰ ਨਾਂ ਦੇ ਨਸ਼ਾ ਸਮੱਗਲਰ ਤੋਂ ਸਸਤੇ ਰੇਟ 'ਚ ਖਰੀਦ ਕੇ ਲਿਆਇਆ ਹੈ। ਜਦੋਂਕਿ ਅਕਸ਼ੇ ਨੇ ਆਪਣੇ ਗਾਹਕਾਂ ਨੂੰ ਨਸ਼ਾ ਸਪਲਾਈ ਕਰਨ ਲਈ ਨਰੇਸ਼ ਕੁਮਾਰ ਨੂੰ ਰੱਖਿਆ ਹੋਇਆ ਹੈ, ਜੋ ਅਕਸ਼ੇ ਦੀ ਹੈਰੋਇਨ ਗਾਹਕਾਂ ਤੱਕ ਪਹੁੰਚਾ ਕੇ ਪੈਸੇ ਲੈ ਕੇ ਆਉਂਦਾ ਹੈ।

Karan Kumar

This news is Content Editor Karan Kumar