ਬਾਦਲਾਂ ਦੀ ਬੱਸ ਨੇ 2 ਜ਼ਿੰਦਗੀਆਂ ''ਤੇ ਵਰ੍ਹਾਇਆ ਕਹਿਰ (ਵੀਡੀਓ)

12/06/2016 3:51:45 PM

 ਹਰਿਆਣਾ (ਆਨੰਦ, ਰੱਤੀ, ਨਲੋਆ) : ਸੋਮਵਾਰ ਕਰੀਬ 12.15 ਵਜੇ ਹਰਿਆਣਾ-ਦਸੂਹਾ ਮੁੱਖ ਮਾਰਗ ''ਤੇ ਪੈਂਦੇ ਪੰਟਰੋਲ ਪੰਪ ''ਤੇ ਬਾਦਲਾਂ ਦੀ ਕੰਪਨੀ ਦੀ ਰਾਜਧਾਨੀ ਟਰਾਸਪੋਰਟ ਦੀ ਇਕ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ। ਇਸ ਦੇ ਨਜ਼ਦੀਕ ਹੀ ਇਕ ਪਰਵਾਸੀ ਮਜ਼ਦੂਰ ਉਮੇਸ਼ ਜੋ ਸੜਕ ਕਿਨਾਰੇ ਪਰਿਵਾਰ ਸਮੇਤ ਛੱਪਰ ਪਾ ਕੇ ਮੂੰਗਫਲੀ ਆਦਿ ਵੇਚਦਾ ਸੀ, ਦਾ ਛੱਪਰ ਵੀ ਉਡਾ ਲੈ ਗਈ। ਬਾਅਦ ''ਚ ਬੱਸ ਸਵਾਰੀਆਂ ਸਮੇਤ ਲੱਗਭਗ 10 ਫੁੱਟ ਡੂੰਘੇ ਛੱਪੜ ''ਚ ਜਾ ਕੇ ਪਲਟੀ। ਇਸ ਦੁਰਘਟਨਾ ਦੌਰਾਨ ਯਾਤਰੀਆਂ ਦਾ ਚੀਕ-ਚਿਹਾੜਾ ਪੈ ਗਿਆ ਅਤੇ ਰਾਹਗੀਰਾਂ ਨੇ ਜ਼ਖਮੀਆਂ ਨੂੰ ਬੱਸ ''ਚੋਂ ਬਾਹਰ ਕੱਢਿਆ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਗ੍ਰਾਮਿਣ ਸਰਬਜੀਤ ਸਿੰਘ ਤੇ ਥਾਣਾ ਹਰਿਆਣਾ ਦੇ ਐੱਸ. ਐੱਚ. ਓ. ਭਾਰੀ ਪੁਲਸ ਫੋਰਸ ਸਮੇਤ ਮੌਕੇ ''ਤੇ ਪਹੁੰਚ ਗਏ। 

ਸੂਤਰਾਂ ਦੇ ਅਨੁਸਾਰ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਤੇਜ਼ ਰਫ਼ਤਾਰ ਬੱਸ ਚਲਾਉਂਦਿਆਂ ਮੋਟਰਸਾਈਕਲ  ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦੇ ਮੋਟਰ ਸਾਈਕਲ ਸਵਾਰ ਮੰਗਤ ਰਾਮ ਪੁੱਤਰ ਨੌਰਿਆ ਰਾਮ ਨਿਵਾਸੀ ਪਿੰਡ ਰਾਓਵਾਲ ਤੇ ਉਸ ਦੇ ਸਾਥੀ ਦੀ ਮੌਕੇ ''ਤੇ ਹੀ ਮੌਤ ਹੋ ਗਈ। ਬੱਸ ''ਚ ਸਵਾਰ ਅਭਿਸ਼ੇਕ ਮੁਕੇਰੀਆਂ, ਮਧੂ ਬਾਲਾ ਜਨੌੜੀ, ਪ੍ਰਦੀਪ ਸਿੰਘ, ਹਰਪ੍ਰੀਤ ਕੌਰ ਗੜ੍ਹਦੀਵਾਲਾ, ਹਰਪ੍ਰੀਤ ਸਿੰਘ ਚੱਕ ਅੱਲਾ ਬਖਸ਼, ਪੱਲਵੀ, ਗਿਆਨ ਕੌਰ, ਰਾਜਿੰਦਰ ਕੌਰ, ਸੁਮਨਪ੍ਰੀਤ ਅਰਗੋਵਾਲ, ਹਰਸਿਮਰਤ ਸਿੰਘ ਸਿੰਘਪੁਰ ਤੇ 4 ਹੋਰ ਵਿਅਕਤੀ ਜ਼ਖਮੀ ਹੋ ਗਏ। ਡਾ. ਓ. ਪੀ. ਗੋਜਰਾ ਐੱਸ. ਐੱਮ. ਓ. ਭੂੰਗਾ ਤੇ ਡਾ. ਸੁਦੇਸ਼ ਰਾਜਨ ਨੇ ਜ਼ਖਮੀਆਂ ਦਾ ਇਲਾਜ ਸਰਕਾਰੀ ਹਸਪਤਾਲ ਹਰਿਆਣਾ ''ਚ ਕਰਨ ਉਪਰੰਤ ਇਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ। ਦੁਰਘਟਨਾ ਦੇ ਬਾਅਦ ਚਾਲਕ ਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਦੁਰਘਟਨਾ ਤੋਂ ਬਾਅਦ ਗੁੱਸੇ ''ਚ ਆਏ ਲੋਕਾਂ ਨੇ ਬੱਸ ਮਾਲਕਾਂ ਤੇ ਡਰਾਈਵਰ ਅਤੇ ਕੰਡਕਟਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

Babita Marhas

This news is News Editor Babita Marhas