ਕਿਸਾਨ ਰੈਲੀ ਤੋਂ ਵਾਪਸ ਜਾ ਰਹੇ 2 ਕਿਸਾਨਾਂ ਦੀ ਸੜਕ ਹਾਦਸਿਆਂ ''ਚ ਮੌਤ

04/05/2018 7:03:30 AM

ਚੰਡੀਗੜ੍ਹ/ਮਾਨਸਾ/ਬਨੂੜ (ਭੁੱਲਰ, ਮਿੱਤਲ, ਗੁਰਪਾਲ) - ਕੱਲ ਇਥੇ ਕਿਸਾਨ ਕਰਜ਼ਾ-ਮੁਕਤੀ ਤੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ 7 ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਰੈਲੀ ਤੋਂ ਵਾਪਸ ਪਰਤਦੇ ਸਮੇਂ ਦੋ ਵੱਖ-ਵੱਖ ਸੜਕ ਹਾਦਸਿਆਂ 'ਚ 2 ਕਿਸਾਨਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਪਹਿਲਾ ਹਾਦਸਾ ਉਦੋਂ ਹੋਇਆ, ਜਦੋਂ ਚੰਨੋ (ਸੰਗਰੂਰ) ਲਾਗੇ ਸੜਕ ਪਾਰ ਕਰ ਰਹੇ 60 ਸਾਲ ਦੇ ਕਿਸਾਨ ਅਜਮੇਰ ਸਿੰਘ ਕਾਹਨਗੜ੍ਹ ਨੂੰ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਹ ਅੱਜ ਸਵੇਰੇ ਦਮ ਤੋੜ ਗਿਆ।
ਦੂਜਾ ਹਾਦਸਾ ਕਿਸਾਨਾਂ ਦੇ ਵਾਹਨ 'ਚ ਨੁਕਸ ਪੈਣ ਕਾਰਨ ਬਨੂੜ ਲਾਗੇ ਸੜਕ ਤੋਂ ਇਕ ਪਾਸੇ ਬੈਠਿਆਂ ਉੱਪਰ ਤੇਜ਼ ਰਫਤਾਰ ਅਣਪਛਾਤਾ ਵਾਹਨ ਚੜ੍ਹਨ ਕਾਰਨ ਵਾਪਰਿਆ। ਜ਼ਖਮੀ ਹੋਏ 4 ਜਣਿਆਂ 'ਚੋਂ 55 ਸਾਲ ਦੇ ਸੁਰਜੀਤ ਸਿੰਘ ਖੀਵਾ ਕਲਾਂ ਦੀ ਹਸਪਤਾਲ ਜਾ ਕੇ ਮੌਤ ਹੋ ਗਈ।
ਜ਼ਖਮੀਆਂ 'ਚ ਸਾਧੂ ਸਿੰਘ ਅਲੀਸ਼ੇਰ ਖੁਰਦ ਦਾ ਇਲਾਜ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਦਰਸ਼ਨ ਸਿੰਘ ਖੀਵਾ ਕਲਾਂ ਦਾ ਸਿਵਲ ਹਸਪਤਾਲ ਰਾਜਪੁਰਾ 'ਚ ਚੱਲ ਰਿਹਾ ਹੈ, ਜਦੋਂਕਿ ਕਰਨੈਲ ਸਿੰਘ ਖੀਵਾ ਕਲਾਂ ਨੂੰ ਮੁੱਢਲੇ ਇਲਾਜ ਮਗਰੋਂ ਘਰ ਭੇਜ ਦਿੱਤਾ ਗਿਆ। ਇਹ ਮ੍ਰਿਤਕ ਤੇ ਜ਼ਖਮੀ ਕਿਸਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸਰਗਰਮ ਵਰਕਰ ਸਨ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 7 ਕਿਸਾਨ ਸੰਗਠਨਾਂ ਨੇ ਮਰਨ ਵਾਲੇ ਕਿਸਾਨਾਂ ਨੂੰ ਸੰਘਰਸ਼ ਦਾ ਸ਼ਹੀਦ ਕਰਾਰ ਦਿੱਤਾ ਹੈ। ਸਰਕਾਰ ਤੋਂ ਉਨ੍ਹਾਂ ਨੇ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੇ ਪਰਿਵਾਰ ਲਈ 1-1 ਨੌਕਰੀ ਦੀ ਮੰਗ ਕੀਤੀ ਹੈ। ਇਸ ਮੰਗ ਨੂੰ ਲੈ ਕੇ 5 ਅਪ੍ਰੈਲ ਨੂੰ ਜ਼ਿਲਾ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਤੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਵੀ ਧਰਨੇ ਤੋਂ ਬਾਅਦ ਕੀਤਾ ਜਾਵੇਗਾ।