ਕਪੂਰਥਲਾ ''ਚ ਮਨੀ ਐਕਸਚੇਂਜਰ ਕੋਲੋਂ 14 ਲੱਖ ਲੁੱਟਣ ਦੇ ਮਾਮਲੇ ’ਚ 2 ਮੁਲਜ਼ਮ ਗ੍ਰਿਫ਼ਤਾਰ

02/12/2023 12:28:29 PM

ਕਪੂਰਥਲਾ (ਭੂਸ਼ਣ/ਮਹਾਜਨ)-ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਸ ਨੇ ਪਿਛਲੇ ਦਿਨੀਂ ਬੇਗੋਵਾਲ ’ਚ ਇਕ ਮਨੀ ਐਕਸਚੇਂਜਰ ਕੋਲੋਂ 14 ਲੱਖ ਰੁਪਏ ਦੀ ਨਕਦੀ ਲੁੱਟਣ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 5 ਲੱਖ 14 ਹਜ਼ਾਰ ਰੁਪਏ ਦੀ ਨਕਦੀ, ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਕੀਤੀ ਹੈ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ 3 ਫਰਵਰੀ 2023 ਨੂੰ ਅਣਪਛਾਤੇ ਮੁਲਜ਼ਮਾਂ ਨੇ ਪਿਸਤੌਲ ਦੀ ਨੋਕ ’ਤੇ ਸਰੂਪ ਸਿੰਘ ਇੰਟਰਪ੍ਰਾਈਜਿਜ਼ ਬੇਗੋਵਾਲ ’ਚ ਵੈਸਟਰਨ ਯੂਨੀਅਨ ਦੇ ਮਾਲਕ ਸਰੂਪ ਸਿੰਘ ਪੁੱਤਰ ਪਿਸ਼ੌਰਾ ਸਿੰਘ, ਵਾਸੀ ਜਲਾਲਪੁਰ, ਥਾਣਾ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਪਾਸੋਂ 14 ਲੱਖ ਰੁਪਏ ਦੀ ਨਕਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਕੈਨੇਡਾ ਬੈਠੇ ਮੁੰਡੇ ਲਈ ਲੱਭੀ ਕੁੜੀ IELTS ਕਰ ਪਹੁੰਚੀ ਇੰਗਲੈਂਡ, ਫਿਰ ਵਿਖਾਇਆ ਅਸਲ ਰੰਗ, ਜਾਣੋ ਪੂਰਾ ਮਾਮਲਾ

ਵਾਰਦਾਤ ਦੀ ਗੁੱਥੀ ਸੁਲਝਾਉਣ ਲਈ ਐੱਸ. ਪੀ. (ਡੀ.) ਹਰਵਿੰਦਰ ਸਿੰਘ ਦੀ ਨਿਗਰਾਨੀ ’ਚ ਇਕ ਵਿਸ਼ੇਸ਼ ਜਾਂਚ ਟੀਮ, ਜਿਸ ’ਚ ਡੀ. ਐੱਸ. ਪੀ. (ਡੀ.) ਬਰਜਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਸ਼ਾਮਲ ਸਨ, ਦਾ ਗਠਨ ਕੀਤਾ ਗਿਆ। ਜਾਂਚ ਟੀਮ ਨੇ ਟੈਕਨੀਕਲ ਸੈੱਲ ਕਪੂਰਥਲਾ ਦੇ ਇੰਚਾਰਜ ਚਰਨਜੀਤ ਸਿੰਘ ਤੇ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਇੰਸਪੈਕਟਰ ਵਿਕਰਮ ਸਿੰਘ ਦੇ ਨਾਲ ਮਿਲ ਕੇ ਟੈਕਨੀਕਲ ਤਰੀਕੇ ਨਾਲ ਜਾਂਚ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵਾਂ ਮੁਲਜ਼ਮਾਂ ਗੁਲਾਬ ਸਿੰਘ ਪੁੱਤਰ ਸੂਰਤਾ ਸਿੰਘ, ਵਾਸੀ ਰਾਣੀ ਪਿੰਡ, ਥਾਣਾ ਟਾਂਡਾ, ਜ਼ਿਲਾ ਹੁਸ਼ਿਆਰਪੁਰ ਅਤੇ ਤੇਜਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਵਾਸੀ ਅਵਾਣ ਘੋੜੇ ਸ਼ਾਹ, ਥਾਣਾ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਨੇ ਮੁਲਜ਼ਮਾਂ ਕੋਲੋਂ ਲੁੱਟੀ ਗਈ 5 ਲੱਖ 14 ਹਜ਼ਾਰ ਰੁਪਏ ਦੀ ਨਕਦੀ, ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਅਤੇ ਖਿਡੌਣਾ ਪਿਸਤੌਲ ਬਰਾਮਦ ਕਰ ਲਈ ਹੈ। ਪੱਤਰਕਾਰ ਸੰਮਲੇਨ ’ਚ ਐੱਸ. ਪੀ. (ਡੀ.) ਹਰਵਿੰਦਰ ਸਿੰਘ, ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਵੀ ਮੌਜੂਦ ਸਨ।

ਨਸ਼ੇ ਦੀ ਪੂਰਤੀ ਲਈ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਨਸ਼ੇ ਦੀ ਪੂਰਤੀ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਪਾਸੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਬਰਲਟਨ ਪਾਰਕ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri