1984 ਸਿੱਖ ਕਤਲੇਆਮ ਦੇ ਜ਼ਖਮ ਅਜੇ ਵੀ ਹਰੇ, ਯੂ. ਐੱਨ. ਅਧਿਕਾਰੀ ਨੂੰ ਸੌਂਪੀ ਗਈ ਰਿਪੋਰਟ

11/06/2018 1:43:08 PM

ਨਵੀਂ ਦਿੱਲੀ/ਚੰਡੀਗੜ੍ਹ (ਭੁੱਲਰ)— 1984 ਦੇ ਸਿੱਖ ਕਤਲੇਆਮ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਭਾਵੇਂ ਹੀ ਇਸ ਘਟਨਾ ਨੂੰ 34 ਸਾਲ ਬੀਤ ਗਏ ਹਨ ਪਰ ਜ਼ਖਮ ਅਜੇ ਵੀ ਹਰੇ ਹਨ। ਪੀੜਤ ਪਰਿਵਾਰ 34 ਸਾਲ ਬੀਤ ਜਾਣ ਮਗਰੋਂ ਵੀ ਇਨਸਾਫ ਦੀ ਉਡੀਕ 'ਚ ਹਨ। ਪੀੜਤ ਪਰਿਵਾਰਾਂ ਅਤੇ ਕਈ ਸਿੱਖ ਜਥੇਬੰਦੀਆਂ ਵਲੋਂ ਇਨ੍ਹਾਂ ਕਤਲੇਆਮ ਦੀ ਇਨਸਾਫ ਦੀ ਮੰਗ ਕੀਤੀ ਗਈ। ਇਸ ਸਬੰਧਤ 'ਚ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਆਗੂਆਂ ਅਤੇ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਇਕ ਵਾਰ ਫਿਰ 32 ਸਫਿਆਂ ਦੀ ਰਿਪੋਰਟ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਦੇ ਨਾਂ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਦਿੱਲੀ ਸਥਿਤ ਦਫਤਰ ਵਿਚਲੇ ਸੀਨੀਅਰ ਅਧਿਕਾਰੀ ਨੂੰ ਸੌਂਪੀ। 

ਇਸ ਰਿਪੋਰਟ ਵਿਚ ਵਿਸਥਾਰਪੂਰਵਕ 31 ਅਕਤੂਬਰ 1984 ਨੂੰ ਦੇਸ਼ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ, ਕਾਨਪੁਰ, ਬੋਕਾਰੋ, ਰਿਆਸੀ, ਹੌਦ ਚਿੱਲੜ ਅਤੇ ਰਿਵਾੜੀ ਸਮੇਤ ਕਈ ਹੋਰ ਰਾਜਾਂ ਤੇ ਵੱਡੇ ਸ਼ਹਿਰਾਂ-ਕਸਬਿਆਂ ਵਿਚ ਇਕ ਯੋਜਨਾਬੱਧ ਢੰਗ ਨਾਲ ਸਿੱਖ ਕੌਮ 'ਤੇ ਕੀਤੇ ਗਏ ਭਿਆਨਕ ਕਤਲੇਆਮ ਦਾ ਵੇਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਸਬੰਧਤ ਵੇਰਵੇ ਵੀ ਦਰਜ ਕੀਤੇ ਗਏ ਹਨ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੈੱਡਰੇਸ਼ਨ ਵਲੋਂ 2014 'ਚ ਅਜਿਹੀ ਹੀ ਰਿਪੋਰਟ ਸੌਂਪੀ ਗਈ। ਇਸ ਤੋਂ ਬਾਅਦ ਵੀ ਕਈ ਹੋਰ ਦੇਸ਼ਾਂ ਦੇ ਭਾਈਚਾਰੇ ਨੇ ਉਪਰਾਲੇ ਕੀਤੇ ਸਨ ਪਰ ਅਜੇ ਤਕ ਇਨਸਾਫ ਨਹੀਂ ਮਿਲਿਆ।

ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਹੇਠ ਫੈੱਡਰੇਸ਼ਨ ਦੇ ਸੀਨੀਅਰ ਆਗੂਆਂ ਸਰਬਜੀਤ ਸਿੰਘ ਜੰਮੂ, ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ, ਹਰਮਿੰਦਰ ਸਿੰਘ ਦਿੱਲੀ, ਤਰਲੋਕ ਸਿੰਘ, ਮਾਤਾ ਜਗਦੀਸ਼ ਕੌਰ ਮੁੱਖ ਗਵਾਹ ਸੱਜਣ ਕੁਮਾਰ ਕੇਸ, ਹਰਵਿੰਦਰ ਸਿੰਘ ਕੋਹਲੀ, ਜਸਟਿਸ ਫਾਰ ਵਿਕਟਮ ਦੀ ਚੇਅਰਪਰਸਨ ਨਿਰਪ੍ਰੀਤ ਕੌਰ, ਹਰਜੀ ਸਿੰਘ ਨੀਲੋਂ ਖੇੜੀ ਨੇ ਇਸ ਰਿਪੋਰਟ 'ਤੇ ਦਸਤਖਤ ਕੀਤੇ। ਉਨ੍ਹਾਂ ਕਿਹਾ ਭਾਰਤ ਸਰਕਾਰ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਵਿਚ ਪੂਰੀ ਤਰ੍ਹਾਂ ਫੇਲ ਹੋਈ ਹੈ ਅਤੇ ਅੱਜ ਕਾਂਗਰਸ ਦੇ ਪ੍ਰਮੁੱਖ ਨੇਤਾ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਸਮੇਤ ਕਈ ਹੋਰ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹਨ।