197 ਕਿਲੋ ਹੈਰੋਇਨ ਦੇ ਮਾਮਲੇ 'ਚ ਸਾਬਕਾ ਐਸ. ਐਸ. ਬੀ. ਮੈਂਬਰ ਅਨਵਰ ਮਸੀਹ ਗ੍ਰਿਫਤਾਰ

02/19/2020 6:51:12 PM

ਚੰਡੀਗੜ੍ਹ,(ਰਮਨਜੀਤ/ਸੁਮਿਤ) : ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਵੱਡੀਆਂ ਮੱਛੀਆਂ 'ਤੇ ਹੋਰ ਸ਼ਿਕੰਜਾ ਕਸਦਿਆਂ ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਨੇ ਬੁੱਧਵਾਰ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਸੁਬਾਰਡੀਨੇਟ ਸਰਵਿਸਿਜ਼ ਬੋਰਡ (ਐਸ. ਐਸ. ਬੀ.) ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਅਨਵਰ ਮਸੀਹ ਨੂੰ 31 ਜਨਵਰੀ ਨੂੰ ਪਿੰਡ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਉਸ ਦੇ ਘਰ ਤੋਂ ਵੱਡੇ ਪੱਧਰ 'ਤੇ ਬਰਾਮਦ ਹੋਏ ਨਸ਼ਿਆਂ ਸਬੰਧੀ ਗ੍ਰਿਫਤਾਰ ਕੀਤਾ ਹੈ। ਮਸੀਹ ਬੀਤੀ 31 ਜਨਵਰੀ ਨੂੰ 197 ਕਿਲੋਗ੍ਰਾਮ ਹੈਰੋਇਨ ਦੇ ਨਾਲ, ਹੋਰ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਦੀ ਬਰਾਮਦਗੀ ਕਾਰਨ ਪੁਲਸ ਜਾਂਚ ਅਧੀਨ ਸੀ। ਮਸੀਹ ਖਿਲਾਫ਼ ਐਫ. ਆਈ. ਆਰ. ਨੰ. 23 ਥਾਣਾ ਐਸ. ਟੀ. ਐਫ.- ਐਸ. ਏ. ਐਸ. ਨਗਰ ਮੋਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਸ ਦੇ ਘਰੋਂ 197 ਕਿਲੋ ਤੋਂ ਵੱਧ ਹੈਰੋਇਨ ਅਤੇ ਵੱਡੀ ਮਾਤਰਾ 'ਚ ਹੋਰ ਨਸ਼ੀਲੇ ਪਦਾਰਥ ਅਤੇ ਰਸਾਇਣ ਬਰਾਮਦ ਹੋਏ ਸਨ। ਐਸ. ਟੀ. ਐਫ. ਦੇ ਮੁਖੀ ਹਰਪ੍ਰੀਤ ਸਿੰਘ ਸਿਧੂ ਨੇ ਖੁਲਾਸਾ ਕੀਤਾ ਕਿ ਮਸੀਹ ਖ਼ਿਲਾਫ਼ ਧਾਰਾ 25 ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਉਸ ਦੀ ਮਾਲਕੀ ਵਾਲੇ ਮਕਾਨ 'ਚ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਸੀ। ਉਸ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ।ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਮਸੀਹ ਨੂੰ ਐਸ. ਐਸ. ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਹ ਅਕਾਲੀ ਦਲ ਦਾ ਸਰਗਰਮ ਮੈਂਬਰ ਵੀ ਰਿਹਾ ਸੀ ਅਤੇ ਪਾਰਟੀ ਦੀਆਂ ਕਈ ਵੱਡੇ ਦਿੱਗਜਾਂ ਦੇ ਨੇੜੇ ਦੱਸਿਆ ਜਾਂਦਾ ਹੈ। 

ਜ਼ਿਕਰਯੋਗ ਹੈ ਕਿ ਸੁਲਤਾਨਵਿੰਡ ਦੇ ਆਕਾਸ ਵਿਹਾਰ ਦੇ ਇਕ ਘਰ 'ਚ ਨਾਜਾਇਜ਼ ਡਰੱਗ ਫੈਕਟਰੀ ਚਲਦੀ ਸੀ, ਜਿਥੋਂ ਇਨ੍ਹਾਂ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਸੀ। ਇਹ ਘਰ ਅਨਵਰ ਮਸੀਹ ਦੇ ਨਾਂ 'ਤੇ ਰਜਿਸਟਰ ਹੈ। ਹਾਲਾਂਕਿ ਮਸੀਹ ਨੇ ਦਾਅਵਾ ਕੀਤਾ ਸੀ ਕਿ ਉਸਨੇ ਛੇ ਮੁਲਜ਼ਮਾਂ ਨੂੰ ਇਹ ਮਕਾਨ ਕਿਰਾਏ 'ਤੇ ਦਿੱਤਾ ਸੀ, ਜਿਨ੍ਹਾਂ ਨੂੰ ਉਥੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਹ ਮਕਾਨ ਕਿਰਾਏ 'ਤੇ ਦੇਣ ਸਬੰਧੀ ਕੋਈ ਲਿਖਤੀ ਦਸਤਾਵੇਜ਼ ਜਾ ਕਿਰਾਇਆਨਾਮਾ ਪੇਸ਼ ਕਰਨ 'ਚ ਅਸਫ਼ਲ ਰਿਹਾ ਅਤੇ ਆਲੇ-ਦੁਆਲੇ ਦੇ ਲੋਕ ਵੀ ਇਥੇ ਰਹਿੰਦੇ ਕਿਸੇ ਵੀ ਕਿਰਾਏਦਾਰ ਤੋਂ ਅਣਜਾਣ ਸਨ। ਪੁਲਸ ਵਲੋਂ ਕੀਤੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇਸ ਰੈਕੇਟ ਦਾ ਪਰਦਾਫਾਸ਼ ਕਰਨ ਤੋਂ ਪਹਿਲਾਂ ਦੋਸ਼ੀ ਵਲੋਂ ਮਸੀਹ ਦੇ ਘਰ 'ਚ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਨਸ਼ਿਆਂ ਨੂੰ ਸੋਧਣ ਅਤੇ ਬਣਾਉਣ ਲਈ ਵਰਤਿਆ ਜਾਂਦਾ ਰਿਹਾ।
ਆਪਣੀ ਜਾਇਦਾਦ ਦੀ ਕਿਰਾਏਦਾਰੀ ਸਾਬਤ ਕਰਨ ਲਈ ਸਮਾਂ ਦਿੱਤੇ ਜਾਣ ਦੇ ਬਾਵਜੂਦ, ਮਸੀਹ ਇਹ ਦਰਸਾਉਣ ਲਈ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕਿਆ ਕਿ ਉਸ ਨੇ ਇਹ ਮਕਾਨ ਕਿਰਾਏ 'ਤੇ ਦਿੱਤਾ ਸੀ। ਬੁੱਧਵਾਰ ਨੂੰ, ਜਦੋਂ ਉਹ ਦੁਬਾਰਾ ਪੁੱਛਗਿੱਛ ਦੌਰਾਨ ਕਿਰਾਏਦਾਰੀ ਸਬੰਧੀ ਕੋਈ ਦਸਤਾਵੇਜ ਦਿਖਾਉਣ 'ਚ ਅਸਫ਼ਲ ਰਿਹਾ ਤਾਂ ਐਸ.ਟੀ.ਐਫ. ਅੰਮ੍ਰਿਤਸਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸਿੱਧੂ ਨੇ ਕਿਹਾ ਕਿ ਕਾਨੂੰਨ ਅਨੁਸਾਰ ਮਸੀਹ ਨੇ ਕਿਰਾਏਦਾਰਾਂ ਦੀ ਪੁਲਸ ਤਸਦੀਕ ਵੀ ਨਹੀਂ ਕਰਵਾਈ ਸੀ ਅਤੇ ਜਿਸ ਤੋਂ ਉਸ ਦੇ ਇਰਾਦਿਆਂ ਦਾ ਪਤਾ ਚੱਲਦਾ ਹੈ। ਹਾਲਾਂਕਿ, ਏ.ਟੀ.ਐਸ. ਗੁਜਰਾਤ ਨੇ ਇਟਲੀ ਤੋਂ ਦੇਸ਼ ਦੇ ਸਭ ਤੋਂ ਵੱਡੇ ਨਸ਼ਾ ਮਾਫੀਆ ਸਿਮਰਨਜੀਤ ਸਿੰਘ ਸੰਧੂ ਦੀ ਹਵਾਲਗੀ ਲਈ ਪਹਿਲਾਂ ਹੀ ਕਾਰਵਾਈ ਸੁਰੂ ਕਰ ਦਿੱਤੀ ਹੈ ਅਤੇ ਐਸ.ਟੀ.ਐਫ. ਪੰਜਾਬ ਵੀ ਇਸ ਸਬੰਧੀ ਕਦਮ ਚੁੱਕ ਰਹੀ ਹੈ। ਸਿੱਧੂ ਨੇ ਕਿਹਾ ਕਿ ਐਸ.ਟੀ.ਐਫ. ਨੂੰ ਸੰਧੂ ਦੀ ਪੁਛਗਿਛ ਰਾਹੀਂ ਇਸ ਮਾਮਲੇ 'ਚ ਹੋਰ ਵੱਡੀਆਂ ਮੱਛੀਆਂ ਦੇ ਫੜ੍ਹੇ ਜਾਣ ਦੀ ਉਮੀਦ ਹੈ, ਜਿਸ ਨੂੰ ਪਹਿਲਾਂ ਹੀ ਇਟਲੀ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।