1947 ਦੀ ਵੰਡ ਕਾਰਨ ਵਿਛੜੀਆਂ ਭੈਣਾਂ ਨੂੰ 72 ਸਾਲ ਬਾਅਦ ਮਿਲਿਆ ਭਰਾ

12/04/2018 11:41:02 AM

ਗੁਰਦਾਸਪੁਰ(ਗੁਰਪ੍ਰੀਤ ਚਾਵਲਾ)— 1947 'ਚ ਮੁਲਕ ਦੀ ਵੰਡ ਕੀ ਹੋਈ? ਰਿਸ਼ਤੇ ਵੀ ਵੰਡੇ ਗਏ। ਕਿਤੇ ਮਾਂ ਤੋਂ ਪੁੱਤ ਨਿੱਖੜ ਗਿਆ ਤੇ ਕਿਤੇ ਭੈਣਾਂ ਤੋਂ ਭਰਾ ਵਿੱਛੜ ਗਏ। ਅਸੀਂ ਗੱਲ ਕਰ ਰਹੇ ਹਾਂ ਇਕ ਅਜਿਹੇ ਭਰਾ ਦੀ ਜਿਸਦੇ ਪਰਿਵਾਰ ਨੂੰ 47 ਦੀ ਵੰਡ ਨੇ ਖੇਰੂੰ-ਖੇਰੂੰ ਕਰ ਦਿੱਤਾ। ਇਸ ਵੰਡ ਦੌਰਾਨ ਪਿਓ ਤੇ ਪੁੱਤ ਇਕ ਪਾਸੇ ਰਹਿ ਗਏ ਤੇ ਮਾਂ-ਧੀ ਦੂਜੇ ਪਾਸੇ ਚਲੀਆਂ ਗਈਆਂ। ਤੁਹਾਨੂੰ ਦੱਸ ਦੇਈਏ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਬੇਅੰਤ ਸਿੰਘ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਜਥੇ ਨਾਲ ਪਾਕਿਸਤਾਨ ਗਏ ਤੇ ਉਥੇ ਉਨ੍ਹਾਂ ਦੀ ਆਪਣੀਆਂ ਭੈਣਾਂ ਨਾਲ ਮੁਲਾਕਾਤ ਹੋਈ। ਬੇਅੰਤ ਸਿੰਘ 10 ਦਿਨਾਂ ਬਾਅਦ ਪਿੰਡ ਪਰਤੇ। ਉਨ੍ਹਾਂ ਦਾ ਕਹਿਣਾ ਹੈ ਕਿ ਗੂਰੁ ਨਾਨਕ ਦੇਵ ਜੀ ਦੀ ਕ੍ਰਿਪਾ ਨਾਲ ਹੀ ਉਹ ਆਪਣੀਆਂ ਸਾਲਾਂ ਤੋਂ ਵਿਛੜੀਆਂ ਭੈਣਾਂ ਨੂੰ ਮਿਲ ਕੇ ਆਏ ਹਨ।

ਆਪਣੇ ਵਿਛੋੜੇ ਦੀ ਕਹਾਣੀ ਦੱਸਦੇ ਹੋਏ ਬੇਅੰਤ ਸਿੰਘ ਨੇ ਦੱਸਿਆ ਕਿ 47 ਦੀ ਵੰਡ ਸਮੇਂ ਉਸ ਦੇ ਪਿਤਾ ਨੇ ਇਕ ਮੁਸਲਿਮ ਲੜਕੀ ਅੱਲਾ ਰੱਖੀ ਨਾਲ ਵਿਆਹ ਕਰਵਾ ਲਿਆ ਅਤੇ ਕੁੱਝ ਸਾਲ ਬਾਅਦ ਦੋਵਾਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਸਮਝੌਤਾ ਕੀਤਾ ਕਿ ਦੋਵਾਂ ਦੇਸ਼ਾਂ ਵਿਚ ਉਨ੍ਹਾਂ ਦੇ ਰਹਿ ਗਏ ਪਰਿਵਾਰ ਦੇ ਲੋਕ ਆਪਣੇ-ਆਪਣੇ ਦੇਸ਼ ਜਾਣਗੇ। ਜਿਸ ਤੋਂ ਬਾਅਦ ਸਰਕਾਰਾਂ ਦੇ ਸਮਝੌਤੇ ਮੁਤਾਬਕ ਅੱਲਾ ਰੱਖੀ ਨੂੰ ਫੌਜ ਨੇ ਪਾਕਿਸਤਾਨ ਆਪਣੇ ਪਰਿਵਾਰ ਕੋਲ ਭੇਜ ਦਿੱਤਾ। ਉਸ ਸਮੇਂ ਬੇਅੰਤ ਸਿੰਘ ਦੀ ਉਮਰ 2 ਸਾਲ ਸੀ ਜਦੋਂਕਿ ਉਸ ਦੀ ਵੱਡੀ ਭੈਣ 3 ਸਾਲ ਦੀ ਸੀ ਉਦੋਂ ਉਨ੍ਹਾਂ ਤੋਂ ਮਾਂ ਅਤੇ ਭੈਣ ਦੋਵੇਂ ਵਿਛੜ ਗਈਆਂ। ਕੁੱਝ ਸਾਲਾਂ ਬਾਅਦ ਉਨ੍ਹਾਂ ਦੇ ਪਿੰਡ ਦੇ ਮੱਖਣ ਸਿੰਘ ਨੂੰ ਪਾਕਿਸਤਾਨ ਤੋਂ ਊਰਦੁ ਵਿਚ ਚਿੱਠੀ ਆਈ, ਜਿਸ ਵਿਚ ਉਨ੍ਹਾਂ ਦੀ ਮਾਂ ਅੱਲਾ ਰੱਖੀ ਨੇ ਆਪਣਾ ਵਿਆਹ ਹੋਣ ਅਤੇ 2 ਧੀਆਂ ਹੋਣ ਦਾ ਵੀ ਜ਼ਿਕਰ ਕੀਤਾ। ਉਸ ਚਿੱਠੀ ਤੋਂ ਬਾਅਦ ਦੋਵਾਂ ਪਰਿਵਾਰਾਂ ਦੀ ਗੱਲਬਾਤ ਚਿੱਠੀ ਪੱਤਰਾਂ ਤੇ ਫੋਨਾਂ ਰਾਹੀਂ ਹੁੰਦੀ ਰਹੀ ਪਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਹੁਣ ਮਿਲਿਆ। ਭੈਣਾਂ ਨੇ ਬੇਅਤ ਸਿੰਘ ਦੇ ਹੱਥ ਪਰਿਵਾਰ ਤੇ ਆਪਣੇ ਭਤੀਜੇ ਲਈ ਕਈ ਤੋਹਫੇ ਭੇਜੇ। ਇਧਰ ਬੇਅੰਤ ਸਿੰਘ ਦਾ ਪਰਿਵਾਰ ਵੀ ਘਰ ਦੀਆਂ ਧੀਆਂ ਨੂੰ ਮਿਲਣ ਲਈ ਬੇਤਾਬ ਹੈ।

ਬੇਅੰਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਭੈਣਾਂ ਨੂੰ ਵੀ ਭਾਰਤ ਦਾ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਵੀ ਆਪਣੇ ਪੇਕੇ ਪਰਿਵਾਰ ਨੂੰ ਮਿਲ ਸਕਣ। ਬੇਅੰਤ ਸਿੰਘ ਵਰਗੇ ਹੋਰ ਕਿੰਨੇ ਹੀ ਭੈਣ-ਭਰਾ ਨੇ ਜੋ ਭਾਰਤ ਤੇ ਪਾਕਿਸਤਾਨ ਦੀਆਂ ਹੱਦਾਂ ਨੇ ਅੱਡੋ-ਅੱਡ ਕੀਤੇ ਹੋਏ ਹਨ। ਲੋੜ ਹੈ ਦੋਵਾਂ ਮੁਲਕਾਂ ਨੂੰ ਅਜਿਹੇ ਲੋਕਾਂ ਲਈ ਵੀਜ਼ਾ ਸ਼ਰਤਾਂ ਨੂੰ ਨਰਮ ਕਰਨ ਦੀ ਤਾਂ ਜੋ ਕੋਈ ਵੀ ਭਰਾ ਆਪਣੀ ਭੈਣ ਨੂੰ ਮਿਲਣ ਲਈ ਨਾ ਤਰਸੇ ਅਤੇ ਕੋਈ ਧੀ ਆਪਣੇ ਪੇਕੇ ਘਰ ਜਾਣ ਤੋਂ ਵਾਂਝੀ ਨਾ ਰਹੇ।

cherry

This news is Content Editor cherry