ਸੁਰੱਖਿਆ 'ਚ ਸੰਨ੍ਹ! ਸਾਲ ਦੇ ਪਹਿਲੇ 240 ਦਿਨਾਂ ਦੌਰਾਨ ਕਪੂਰਥਲਾ ਜੇਲ੍ਹ 'ਚੋਂ ਬਰਾਮਦ ਹੋਏ 150 ਮੋਬਾਈਲ

09/06/2022 10:29:56 PM

ਕਪੂਰਥਲਾ (ਭੂਸ਼ਣ/ਮਹਾਜਨ) : ਸੂਬੇ ਦੀਆਂ ਸਭ ਤੋਂ ਵੱਡੀਆਂ ਤੇ ਉੱਚ ਸੁਰੱਖਿਆ ਵਾਲੀਆਂ ਜੇਲ੍ਹਾਂ 'ਚ ਸ਼ੁਮਾਰ ਹੋਣ ਵਾਲੀ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ‘ਚ ਸੀ.ਆਰ.ਪੀ.ਐੱਫ. ਤੇ ਜੇਲ੍ਹ ਪੁਲਸ ਦੀ ਭਾਰੀ ਤਾਇਨਾਤੀ ਦੇ ਬਾਵਜੂਦ ਇਸ ਸਾਲ ਦੇ ਪਹਿਲੇ 240 ਦਿਨਾਂ ਦੌਰਾਨ ਕਰੀਬ 150 ਮੋਬਾਈਲ ਤੇ ਸਿਮ ਕਾਰਡ ਬਰਾਮਦ ਹੋਏ ਹਨ, ਜੋ ਕਿਤੇ ਨਾ ਕਿਤੇ ਸੁਰੱਖਿਆ ਕਮੀਆਂ ਵੱਲ ਇਸ਼ਾਰਾ ਕਰਦਾ ਹੈ। ਜ਼ਿਕਰਯੋਗ ਹੈ ਕਿ ਸਾਲ 2012 'ਚ 3200 ਕੈਦੀਆਂ ਤੇ ਹਵਾਲਾਤੀਆਂ ਨੂੰ ਰੱਖਣ ਲਈ ਬਣਾਈ ਗਈ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ਜਿੱਥੇ 3 ਜ਼ਿਲ੍ਹੇ ਜਲੰਧਰ ਕਮਿਸ਼ਨਰੇਟ, ਜਲੰਧਰ ਦਿਹਾਤੀ ਤੇ ਕਪੂਰਥਲਾ ਦੇ ਕੈਦੀਆਂ ਤੇ ਹਵਾਲਾਤੀਆਂ ਨੂੰ ਰੱਖਣ ਲਈ ਬਣਾਈ ਗਈ ਹੈ, ਉੱਥੇ ਹੀ 70 ਏਕੜ ‘ਚ ਫੈਲੀ ਇਸ ਜੇਲ੍ਹ ‘ਚ ਇਕ ਕੰਪਨੀ ਸੀ.ਆਰ.ਪੀ.ਐੱਫ. ਤੇ ਵੱਡੀ ਗਿਣਤੀ ‘ਚ ਪੰਜਾਬ ਪੁਲਸ ਤੇ ਜੇਲ੍ਹ ਪੁਲਸ ਦੇ ਮੁਲਾਜ਼ਮ ਭਾਰੀ ਸੁਰੱਖਿਆ ਦੇ ਤਹਿਤ ਵੱਖ-ਵੱਖ ਪੁਆਇੰਟਾਂ ‘ਤੇ ਤਾਇਨਾਤ ਹਨ ਪਰ ਇਸ ਦੇ ਬਾਵਜੂਦ ਪਿਛਲੇ ਕਈ ਸਾਲਾਂ ਤੋਂ ਜੇਲ੍ਹ ਕੰਪਲੈਕਸ ‘ਚੋਂ ਮੋਬਾਈਲਾਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ : ਰਾਜਸਥਾਨ ਤੋਂ ਅਫੀਮ ਲਿਆ ਕੇ ਪੰਜਾਬ ਵੇਚਣ ਵਾਲੇ 2 ਕਾਬੂ

ਸਾਲ 2021 ਦੌਰਾਨ ਜਿੱਥੇ ਕੇਂਦਰੀ ਜੇਲ੍ਹ ਕੰਪਲੈਕਸ ‘ਚੋਂ ਕਰੀਬ 400 ਮੋਬਾਈਲ ਬਰਾਮਦ ਹੋਏ ਸਨ, ਉੱਥੇ ਹੀ ਇਸ ਸਾਲ ਦੇ ਪਹਿਲੇ 240 ਦਿਨਾਂ ‘ਚ ਕਰੀਬ 150 ਮੋਬਾਈਲ ਤੇ ਸਿਮ ਕਾਰਡ ਵੱਖ-ਵੱਖ ਬੈਰਕਾਂ ਦੀ ਚੈਕਿੰਗ ਦੌਰਾਨ ਬਰਾਮਦ ਹੋਏ ਹਨ, ਜੋ ਕਿ ਜੇਲ੍ਹ ਪ੍ਰਸ਼ਾਸਨ ਲਈ ਇਕ ਵੱਡੀ ਚੁਣੌਤੀ ਦਾ ਵਿਸ਼ਾ ਬਣ ਗਈ ਹੈ। ਗੌਰ ਹੋਵੇ ਕਿ ਕੁਝ ਸਾਲ ਪਹਿਲਾਂ ਜੇਲ੍ਹ ਕੰਪਲੈਕਸ ‘ਚ ਮੋਬਾਈਲਾਂ ਦੇ ਇਸਤੇਮਾਲ ਨੂੰ ਰੋਕਣ ਲਈ ਆਧੁਨਿਕ ਜੈਮਰ ਲਗਾਏ ਗਏ ਸਨ ਪਰ ਇਹ ਜੈਮਰ ਕਾਫੀ ਦੇਰ ਤੋਂ ਜਾਮ ਹੋਣ ਦੇ ਕਾਰਨ ਬੰਦ ਪਏ ਹਨ, ਉੱਥੇ ਹੀ ਹੁਣ 4ਜੀ ਦੇ ਯੁੱਗ ‘ਚ ਜੇਲ੍ਹ ਕੰਪਲੈਕਸ ‘ਚ ਮੋਬਾਈਲ ਨੂੰ ਜਾਮ ਕਰਨ ਲਈ ਆਧੁਨਿਕ ਜੈਮਰ ਸਿਸਟਮ ਲਗਾਉਣੇ ਬਹੁਤ ਜ਼ਰੂਰੀ ਹੋ ਗਏ ਹਨ ਤਾਂ ਜੋ ਜੇਲ੍ਹ ਅੰਦਰ ਚੱਲ ਰਹੇ ਮੋਬਾਈਲ ਫੋਨਾਂ ਦਾ ਨੈੱਟਵਰਕ ਪੂਰੀ ਤਰ੍ਹਾਂ ਬੰਦ ਹੋ ਜਾ ਸਕੇ। ਹੁਣ ਦੇਖਣਾ ਇਹ ਹੈ ਕਿ ਜੇਲ੍ਹ ਪ੍ਰਸ਼ਾਸਨ ਕਦੋਂ ਇਸ ਸੁਰੱਖਿਆ ਸਿਸਟਮ ਨੂੰ ਲਾਗੂ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh