ਝੌਂਪੜੀਆਂ ਵਾਲਿਆਂ ਦੀਆਂ ਕੁਝ ਦਿਨਾਂ ''ਚ 15 ਬੱਕਰੀਆਂ ਚੋਰੀ

11/18/2017 12:50:03 AM

ਭੱਦੀ, (ਚੌਹਾਨ)- ਬੀਤੀ ਰਾਤ ਗਰੀਬ ਲੋਕਾਂ ਦੀਆਂ ਬੱਕਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਰਾਮ ਲਾਲ ਪੁੱਤਰ ਠਡੀਆ ਰਾਮ, ਅਮਰ ਚੰਦ ਪੁੱਤਰ ਰੁਲੀਆ ਰਾਮ, ਕਾਲੀਆ ਪੁੱਤਰ ਕਲਦੀਆ ਰਾਮ ਵਾਸੀ ਭੱਦੀ ਨੇ ਦੱਸਿਆ ਕਿ ਅਸੀਂ ਗਰੀਬ ਲੋਕ ਸਰਕਾਰੀ ਸਕੂਲ ਕੋਲ ਆਪਣੀਆਂ ਝੌਂਪੜੀਆਂ 'ਚ ਕਈ ਸਾਲਾਂ ਤੋਂ ਰਹਿ ਰਹੇ ਹਾਂ। ਅਸੀਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਬੱਕਰੀਆਂ ਰੱਖਦੇ ਹਾਂ। ਕੁਝ ਦਿਨਾਂ ਤੋਂ ਕੁਝ ਚੋਰਾਂ ਵੱਲੋਂ 2-2 ਕਰ ਕੇ ਹੁਣ ਤੱਕ 15 ਬੱਕਰੀਆਂ ਚੋਰੀ ਕਰ ਲਈਆਂ ਗਈਆਂ ਹਨ।
ਉਨ੍ਹਾਂ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਕੁਝ ਸ਼ਿਕਾਰੀ ਜੋ ਰਾਤ ਸਮੇਂ ਸਾਡੇ ਘਰਾਂ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਹਨ, ਹੋ ਸਕਦਾ ਹੈ ਇਹ ਚੋਰੀਆਂ ਉਨ੍ਹਾਂ ਵੱਲੋਂ ਹੀ ਕੀਤੀਆਂ ਗਈਆਂ ਹੋਣ। ਉਨ੍ਹਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਫਰਿਆਦ ਸੁਣੀ ਜਾਵੇ ਤੇ ਇਨਸਾਫ਼ ਦਿਵਾਇਆ ਜਾਵੇ। ਇਸ ਸੰਬੰਧੀ ਦਰਖਾਸਤ ਬਲਾਚੌਰ ਪੁਲਸ ਥਾਣੇ ਦੇ ਦਿੱਤੀ ਗਈ ਹੈ।