13 ਸਾਲਾ ਲੜਕੀ ਨਾਲ 2 ਲੁਟੇਰਿਆਂ ਕੀਤਾ ਜਬਰ-ਜ਼ਨਾਹ

05/24/2018 7:13:12 AM

ਜਲੰਧਰ, (ਰਾਜੇਸ਼)— ਵਿਵੇਕਾਨੰਦ ਇਲਾਕੇ ਵਿਚ ਕਿਰਾਏ ਦੇ ਘਰ ਵਿਚ ਇਕੱਲੀ ਵੇਖ ਕੇ 2 ਨੌਜਵਾਨਾਂ ਨੇ 13 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਪੀੜਤ ਲੜਕੀ 8ਵੀਂ ਕਲਾਸ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ। ਮੁਲਜ਼ਮਾਂ ਨੇ ਲੜਕੀ ਦੇ ਸਿਰ ਵਿਚ ਜਾਂਦੇ ਸਮੇਂ ਪੱਥਰ ਮਾਰ ਕੇ ਸਿਰ ਪਾੜ ਦਿੱਤਾ। ਉਹ ਅਲਮਾਰੀ ਵਿਚ ਪਿਆ ਕੀਮਤੀ ਸਾਮਾਨ ਵੀ ਲੁੱਟ ਕੇ ਲੈ ਗਏ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 
ਸੂਚਨਾ ਮਿਲਦਿਆਂ ਹੀ ਇਲਾਕੇ ਦੇ ਲੋਕਾਂ ਨੇ ਨਜ਼ਦੀਕੀ ਡਾਕਟਰ ਕੋਲ ਲੜਕੀ ਦੇ ਸਿਰ 'ਚ 6 ਟਾਂਕੇ ਲਗਵਾਏ ਪਰ ਬਾਅਦ 'ਚ ਘਰ ਆ ਕੇ ਲੜਕੀ ਨੂੰ ਜਦ ਹੋਸ਼ ਆਇਆ ਤਾਂ ਉਸਨੇ ਦੱਸਿਆ ਕਿ ਘਰ ਵਿਚ ਦਾਖਲ ਹੋਏ 2 ਲੁਟੇਰਿਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ, ਜਿਸ ਤੋਂ ਬਾਅਦ ਇਲਾਕੇ ਦੇ ਕੌਂਸਲਰਪਤੀ ਗੁਰਦੀਪ ਸਿੰਘ ਨਾਗਰਾ ਨੇ ਤੁਰੰਤ ਥਾਣਾ ਨੰ. 1 ਦੀ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਲੜਕੀ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਪਹੁੰਚਾਇਆ। ਵਾਰਦਾਤ ਦੀ ਖਬਰ ਸੁਣ ਕੇ ਮਹਿਲਾ ਭਾਜਪਾ ਨੇਤਾ ਵੀ ਮੌਕੇ 'ਤੇ ਪਹੁੰਚੀ। ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਮਾਂ ਨਹੀਂ ਹੈ ਅਤੇ ਪਿਤਾ ਅਤੇ ਭਰਾ ਰੋਜ਼ਾਨਾ ਕੰਮ 'ਤੇ ਚਲੇ ਜਾਂਦੇ ਹਨ। ਉਹ ਸਕੂਲੋਂ ਆਉਣ ਤੋਂ ਬਾਅਦ ਘਰ ਵਿਚ ਸ਼ਾਮ ਤੱਕ ਇਕੱਲੀ ਹੁੰਦੀ ਹੈ। ਉਸਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ ਨੂੰ ਘਰ ਵਿਚ ਇਕੱਲੀ ਸੀ ਅਤੇ ਵੱਡਾ ਭਰਾ ਤੇ ਪਿਤਾ ਫੈਕਟਰੀ ਵਿਚ ਕੰਮ ਕਰਨ ਗਏ ਸਨ ਕਿ ਸ਼ਾਮ ਤਕਰੀਬਨ 4.30 ਵਜੇ 2 ਨੌਜਵਾਨਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ।
ਮੁਲਜ਼ਮਾਂ ਨੇ ਕਿਹਾ ਕਿ ਘਰ ਵਿਚ ਉਸਦੇ ਪਿਤਾ ਤੋਂ ਪੈਸੇ ਲੈਣੇ ਹਨ। ਲੜਕੀ ਨੇ ਜਿਉਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਮੁਲਜ਼ਮਾਂ ਨੇ ਉਸਨੂੰ ਧੱਕਾ ਦੇ ਕੇ ਘਰ ਦਾ ਦਰਵਾਜ਼ਾ ਅੰਦਰੋਂ ਲਾਕ ਕਰ ਦਿੱਤਾ। ਲੜਕੀ ਨੇ ਰੌਲਾ ਪਾਇਆ ਪਰ ਇਕ ਮੁਲਜ਼ਮ ਨੇ ਚਾਕੂ ਦੀ ਨੋਕ 'ਤੇ ਉਸ ਨੂੰ ਚੁੱਪ ਕਰਵਾ ਦਿੱਤਾ ਤੇ  ਮੁਲਜ਼ਮਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। 
ਬਾਅਦ 'ਚ ਕਮਰੇ ਵਿਚ ਪਈ ਅਲਮਾਰੀ ਵਿਚੋਂ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ। ਲੁਟੇਰਿਆਂ ਨੇ ਵਾਰਦਾਤ ਕਰ ਕੇ ਜਾਂਦੇ ਸਮੇਂ ਲੜਕੀ ਦੇ ਸਿਰ 'ਤੇ ਪੱਥਰ ਮਾਰ ਦਿੱਤਾ, ਜਿਸ ਕਾਰਨ ਉਹ ਖੂਨ ਨਾਲ ਲਥਪਥ ਕਮਰੇ ਵਿਚ ਡਿੱਗੀ ਰਹੀ। ਕੁਝ ਸਮੇਂ ਬਾਅਦ ਗੁਆਂਢ ਦੇ ਲੋਕਾਂ ਨੇ ਉਸਨੂੰ ਬੇਹੋਸ਼ੀ ਦੀ ਹਾਲਤ ਵਿਚ ਵੇਖ ਕੇ ਡਾਕਟਰ ਕੋਲ ਜਾ ਕੇ ਇਲਾਜ ਕਰਵਾਇਆ ਪਰ ਉਦੋਂ ਤੱਕ ਲੜਕੀ ਬੇਹੋਸ਼ ਸੀ। ਘਟਨਾ ਤੋਂ ਬਾਅਦ ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. ਮਨਦੀਪ ਸਿੰਘ , ਏ. ਸੀ.ਪੀ. ਨਵਨੀਤ ਸਿੰਘ ਮਾਹਲ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਘਟਨਾ ਸਥਾਨ 'ਤੇ ਲੱਗਾ ਸੀ ਸਰਕਾਰੀ ਸੀ. ਸੀ. ਟੀ. ਵੀ. ਕੈਮਰਾ
ਜਿਸ ਜਗ੍ਹਾ 'ਤੇ ਵਾਰਦਾਤ ਹੋਈ, ਉਸ ਜਗ੍ਹਾ 'ਤੇ ਕੋਲ ਹੀ ਖੰਭੇ 'ਤੇ ਸਰਕਾਰੀ ਸੀ. ਸੀ. ਟੀ. ਵੀ. ਕੈਮਰਾ ਲੱਗਾ ਹੋਇਆ ਸੀ, ਜਿਸ ਵਿਚ ਲੁਟੇਰਿਆਂ ਦੀ ਤਸਵੀਰ ਆਉਣ ਦੀ ਸੰਭਾਵਨਾ ਹੈ। ਪੁਲਸ ਸਰਕਾਰੀ ਸੀ. ਸੀ. ਟੀ. ਵੀ. ਕੈਮਰੇ ਤੋਂ ਇਲਾਵਾ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ ਵਿਚ ਲੱਗੀ ਹੋਈ ਹੈ। ਦੇਰ ਰਾਤ ਪੁਲਸ ਨੇ ਇਲਾਕੇ ਦੇ ਕਈ ਲੋਕਾਂ ਤੋਂ ਉਕਤ ਲੁਟੇਰਿਆਂ ਬਾਰੇ ਪੁੱਛਗਿੱਛ ਵੀ ਕੀਤੀ ਪਰ ਲੁਟੇਰਿਆਂ ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। 
ਪੀੜਤਾ ਦਾ ਪਤਾ ਲੈਣ ਪਹੁੰਚੇ ਕੇ. ਡੀ. ਭੰਡਾਰੀ ਤੇ ਮਨੋਰੰਜਨ ਕਾਲੀਆ
ਜਬਰ-ਜ਼ਨਾਹ ਦੀ ਸ਼ਿਕਾਰ ਹੋਈ ਨਾਬਾਲਗਾ ਦਾ ਪਤਾ ਲੈਣ ਲਈ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਅਤੇ ਮਨੋਰੰਜਨ ਕਾਲੀਆ ਸਿਵਲ ਹਸਪਤਾਲ ਪਹੁੰਚੇ, ਜਿਨ੍ਹਾਂ ਨੇ ਲੜਕੀ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ।