ਪੰਜਾਬ ਵਿਚ ਮੁੜ ਉੱਭਰੀਆਂ 12 ਮਿਸਲਾਂ

01/09/2019 2:44:22 PM

ਜਲੰਧਰ (ਜਸਬੀਰ ਵਾਟਾਂਵਾਲੀ) ਸੁਖਪਾਲ ਸਿੰਘ ਖਹਿਰਾ ਦੇ ਤਾਜਾ ਰਸਮੀ ਐਲਾਨ ਤੋਂ ਬਾਅਦ ਪੰਜਾਬ ਵਿਚ ਇਕ ਹੋਰ ਰਾਜਨੀਤਕ ਪਾਰਟੀ ਦਾ ਜਨਮ ਹੋਇਆ। ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪਾਰਟੀ ਦਾ ਨਾਮਕਰਨ ‘ਪੰਜਾਬੀ ਏਕਤਾ ਪਾਰਟੀ’ ਦੇ ਨਾਂ ਨਾਲ ਕੀਤਾ। ਇਸ ਪਾਰਟੀ ਦੇ ਹੋਂਦ ਵਿਚ ਆਉਣ ਨਾਲ ਪੰਜਾਬ ਵਿਚ ਕਰੀਬ 12 ਮੁੱਖ ਪਾਰਟੀਆਂ ਹੋਂਦ ’ਚ ਆ ਚੁੱਕੀਆਂ ਹਨ। ਇਨ੍ਹਾਂ ਮੁੱਖ ਪਾਰਟੀਆਂ ਵਿਚ ਕਾਂਗਰਸ, ਭਾਜਪਾ,ਸ਼੍ਰੋਮਣੀ ਅਕਾਲੀ ਦਲ (ਬਾਦਲ), ਆਮ ਆਦਮੀ ਪਾਰਟੀ, ਬਸਪਾ, ਕਮਿਊਨਿਸਟ ਪਾਰਟੀ, ਸ਼੍ਰੋਮਣੀ ਅਕਾਲੀ (ਮਾਨ), ਲੋਕ ਭਲਾਈ ਪਾਰਟੀ, ਲੋਕ ਇਨਸਾਫ ਪਾਰਟੀ, ਪੰਜਾਬ ਇਨਸਾਫ ਮੰਚ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਦਿ ਧੜੇ ਹਨ, ਜੋ ਪੰਜਾਬ ਦੇ ਸਿਆਸੀ ਪਿੜ ਵਿਚ ਪੱਬਾਂ ਭਾਰ ਹੋਣ ਨੂੰ ਤਿਆਰ ਹਨ। ਭਾਰਤੀ ਚੋਣ ਕਮਿਸ਼ਨ ਦੀ ਵੈੱਬ ਸਾਈਟ ਮੁਤਾਬਕ ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਕਿ 51 ਪਾਰਟੀਆਂ ਨੇ ਚੋਣਾਂ ਲੜੀਆਂ ਸਨ ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਪਾਰਟੀਆਂ ਬੇਪਛਾਣ ਹੀ ਰਹੀਆਂ ਅਤੇ ਉਨ੍ਹਾਂ ਦਾ ਨਾਂ ਤੱਕ ਵੀ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ।  

ਪੰਜਾਬ ਦੇ ਮੌਜੂਦਾ ਸਿਆਸੀ ਘਟਨਾਕ੍ਰਮ ’ਤੇ ਝਾਤੀ ਮਾਰੀਏ ਤਾਂ ਛੋਟੇ-ਛੋਟੇ ਰੂਪ ਵਿਚ ਉੱਭਰੇ ਇਹ ਸਿਆਸੀ ਦਲ 18ਵੀਂ ਸਦੀ ਵਿਚ ਉਭਰੀਆਂ 12 ਮਿਸਲਾਂ ਦਾ ਝਾਉਲਾ ਸਿਰਜ ਰਹੇ ਹਨ। ਇਨ੍ਹਾਂ ਸਿਆਸੀ ਦਲਾਂ ਦਾ 12 ਮਿਸਲਾਂ ਨਾਲ ਗੁਣਾਤਮਕ ਤੌਰ ’ਤੇ ਭਾਵੇਂ ਕਿ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਪਰ ਕੁਝ ਦਲਾਂ ਵੱਲੋਂ ਇਕੱਠੇ ਹੋ ਕੇ ਸਥਾਪਤੀ ਨਾਲ ਲੜਨ ਦਾ ਲਿਆ ਗਿਆ ਅਹਿਦ ਪੰਜਾਬ ਦੀ ਰਾਜਨੀਤੀ ਨੂੰ ਨਵਾਂ ਮੁਹਾਂਦਰਾ ਦੇਣ ਦਾ ਸੁਪਨਾ ਜ਼ਰੂਰ ਦਿਖਾ ਰਿਹਾ ਹੈ।ਇਹ ਵੀ ਸੱਚ ਹੈ ਕਿ ਸਥਾਪਤੀ ਨੂੰ ਪੁੱਟ ਸੁੱਟਣ ਦਾ ਇਨ੍ਹਾਂ ਧੜਿਆਂ ਦਾ ਸੁਪਨਾ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਇਹ ਰਾਜਨੀਤਕ ਧੜੇ ਆਪਣੇ ਸਵਾਰਥਾਂ ਤੋਂ ਉੱਚਾ ਉੱਠ ਕੇ ਕੰਮ ਨਹੀਂ ਕਰਦੇ। ਪੰਜਾਬ ਦੇ ਇਤਿਹਾਸ ਵਿਚ ਇਹ ਵੀ ਪਹਿਲਾ ਮੌਕਾ ਹੈ ਕਿ ਇੱਥੇ ਐਨੀਆ ਰਾਜਨੀਤਕ ਪਾਰਟੀਆਂ ਮੁੱਖ ਰੂਪ ਵਿਚ ਉੱਭਰ ਕੇ ਸਾਹਮਣੇ ਆਈਆਂ ਹਨ। ਹੁਣ ਦੇਖਣਾ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਡਾ. ਧਰਮਵੀਰ ਗਾਂਧੀ, ਦਲਿਤ ਫਰੰਟ ਅਤੇ ਹੋਰ ਦੇ ਆਗੂਆਂ ਵੱਲੋਂ ਮਿਲ ਕੇ ਲੜਨ ਦਾ ਕੀਤਾ ਗਿਆ ਅਹਿਦ ਕਿਸੇ ਬੰਨੇ-ਕੰਢੇ ਲੱਗੇਗਾ ਜਾਂ ਇੱਥੋਂ ਦੀ ਸਿਆਸਤ ਵਿਚ ਪਹਿਲਾਂ ਆਏ ਉਬਾਲਾਂ ਵਾਂਗ ਥੋੜ੍ਹਾ ਜਿਹਾ ਉਬਲ ਕੇ ਸ਼ਾਂਤ ਹੋ ਜਾਵੇਗਾ।

ਪੰਜਾਬ ਦੀ ਸਿਆਸਤ ਵਿਚ ਹੁਣ ਤੱਕ ਆਏ ਉਬਾਲ  

ਦੇਸ਼ ਦੀ ਅਜਾਦੀ ਤੋਂ ਬਾਅਦ ਪੰਜਾਬ ਦੇ ਸਿਆਸੀ ਇਤਿਹਾਸ ਦੀ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਵਿਚ ਕਾਂਗਰਸ ਅਤੇ ਅਕਾਲੀ ਦਲ ਹੀ ਵਧੇਰੇ ਕਰਕੇ ਕਾਬਜ਼ ਰਹੇ ਹਨ। ਕਾਂਗਰਸ ਤੋਂ ਬਾਅਦ ਅਕਾਲੀ ਦਲ ਨੇ 80ਵਿਆਂ ਦੇ ਦਹਾਕੇ ਦੌਰਾਨ ਖੁਦ ਨੂੰ ਪੰਜਾਬ ਦੀ ਸਿਰਮੋਰ ਸਿਆਸੀ ਪਾਰਟੀ ਵਜੋਂ ਸਥਾਪਿਤ ਕੀਤਾ। ਭਾਵੇਂ ਕਿ ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ (ਮਾਨ ਅਕਾਲੀ ਦਲ) ਬਣਾ ਕੇ ਬਾਦਲ ਦਲ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਅਤੇ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ 6 ਸੀਟਾਂ ਜਿੱਤਣ ਵਿਚ ਕਾਮਯਾਬ ਰਹੇ ਪਰ ਉਹ ਵੀ ਸਿਆਸਤ ਦੀ ਦੌੜ ਵਿਚ ਜ਼ਿਆਦਾ ਦੇਰ ਨਾ ਟਿਕ ਸਕੇ । ਇਸ ਤੋਂ ਬਾਅਦ 1999 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੁਰਚਰਨ ਸਿੰਘ ਟੌਹੜਾ ਨੇ ਵੀ ਵੱਖਰਾ ਦਲ ਬਣਾ ਕੇ ਅਕਾਲੀ ਦਲ-ਬਾਦਲ ਨੂੰ ਢਾਹੁਣ ਦਾ ਯਤਨ ਕੀਤਾ ਪਰ ਅਕਾਲੀ ਦਲ ਵਲੋਂ ਪੰਥਕ ਏਜੰਡੇ ’ਤੇ ਪਹਿਰਾ ਦੇਣ ਕਾਰਨ ਉਹ ਪੰਜਾਬ ਦੇ ਲੋਕਾਂ ਵਿਚ ਆਪਣੀ ਥਾਂ ਬਣਾਉਣ ਵਿਚ ਕਾਮਯਾਬ ਰਿਹਾ ਅਤੇ ਟੌਹੜਾ ਇਸ ਮਾਮਲੇ ਵਿਚ ਪਛੜ ਕੇ ਰਹਿ ਗਏ। 2007 ਦੌਰਾਨ ਇਸੇ ਤਰ੍ਹਾਂ ਦੀ ਸਿਆਸੀ ਹਲਚਲ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਪੈਦਾ ਕੀਤੀ ਸੀ, ਜਦੋਂ ਉਨ੍ਹਾਂ ਲੋਕ ਭਲਾਈ ਪਾਰਟੀ ਬਣਾ ਕੇ ਚੋਣਾਂ ਲੜੀਆਂ। ਇਨ੍ਹਾਂ ਚੋਣਾਂ ਦੌਰਾਨ ਰਾਮੂਵਾਲੀਆ ਨੂੰ ਕੋਈ ਕਾਮਯਾਬੀ ਨਹੀਂ ਮਿਲੀ। ਇਸ ਤਰ੍ਹਾਂ ਦਾ ਘਟਨਾਕ੍ਰਮ 2012 ’ਚ ਵੀ ਵਾਪਰਿਆ, ਜਦੋਂ ਮਨਪ੍ਰੀਤ ਬਾਦਲ ਨੇ ’ਪੀਪਲਜ਼ ਪਾਰਟੀ ਆਫ ਪੰਜਾਬ’ ਬਣਾ ਕੇ 117 ਸੀਟਾਂ ’ਤੇ ਚੋਣਾਂ ਲੜੀਆਂ। ਮਨਪ੍ਰੀਤ ਬਾਦਲ ਵੀ ਇਸ ਦੌਰਾਨ ਕੋਈ ਮਾਰਕਾ ਨਾ ਮਾਰ ਸਕੇ। ਇਨ੍ਹਾਂ ਦੀ ਤਰਜ ’ਤੇ ਹੀ ਜਗਮੀਤ ਬਰਾੜ ਨੇ ਵੀ ਪੰਜਾਬ ਦੀ ਸਿਆਸਤ ਨੂੰ ਕਾਫੀ ਪ੍ਰਭਾਵਿਤ ਕੀਤਾ ਪਰ ਉਸਨੂੰ ਵੀ ਕੋਈ ਕਾਮਯਾਬੀ ਨਹੀਂ ਮਿਲੀ।

ਇਸ ਤੋਂ ਬਾਅਦ ਜੇਕਰ ਕਿਸੇ ਪਾਰਟੀ ਨੇ ਪੰਜਾਬ ਵਿਚ ਆਪਣੇ ਪੈਰ ਪੱਕੇ ਕੀਤੇ ਤਾਂ ਉਹ ਮਾਰਕਾ ‘ਆਮ ਆਦਮੀ ਪਾਰਟੀ’ ਦੇ ਹਿੱਸੇ ਆਇਆ। 2014 ਦੀਆਂ ਲੋਕ ਸਭਾ ਚੋਣਾਂ ਅਤੇ 2017 ਦੀਆਂ ਵਿਧਾਨ ਚੋਣਾਂ ਦੌਰਾਨ ਦਿੱਲੀ ਤੋਂ ਉੱਠੀ ਆਦਮੀ ਪਾਰਟੀ ਦੀ ਲਹਿਰ ਨੇ ਪੰਜਾਬ ਵਿਚ ਵੱਡੀ ਹਲਚਲ ਪੈਦਾ ਕੀਤੀ ਅਤੇ ਖੁਦ ਨੂੰ ਮੁੱਖ ਵਿਰੋਧੀ ਧਿਰ ਵਜੋਂ ਸਥਾਪਿਤ ਕਰ ਕੀਤਾ। ਇਸ ਦੌਰਾਨ ਹੀ ਇਸ ਪਾਰਟੀ ਵਿਚ ਖਿਲਾਰਾ ਪੈਣਾ ਵੀ ਸ਼ੁਰੂ ਹੋ ਗਿਆ ਅਤੇ ਇਸਦੇ ਮੁੱਖ ਆਗੂ ਸੁੱਚਾ ਸਿੰਘ ਛੋਟੇਪੁਰ ਨੇ ‘ਆਪਣਾ ਪੰਜਾਬ’ ਫਰੰਟ ਬਣਾ ਕੇ ਚੋਣਾਂ ਲੜੀਆਂ। ਛੋਟੇਪੁਰ ਭਾਵੇਂ ਕਿ ਪੰਜਾਬ ਦੇ ਨਕਸ਼ੇ ’ਤੇ ਕੋਈ ਵੀ ਲਕੀਰ ਖਿੱਚਣ ਵਿਚ ਕਾਮਯਾਬ ਨਹੀਂ ਹੋਏ ਪਰ ਆਮ ਆਦਮੀ ਪਾਰਟੀ ਨੂੰ ਮੁੱਖ ਧੜੇ ਦੀ ਦੌੜ ਵਿਚੋ ਜ਼ਰੂਰ ਬਾਹਰ ਕਰ ਗਏ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਖੁਦ ਤਾਂ ਸੱਤਾ ’ਤੇ ਕਾਬਜ਼ ਨਹੀਂ ਸੀ ਹੋ ਸਕੀ ਪਰ ਅਕਾਲੀ ਦਲ ਨੂੰ ਸੱਤਾ ਤੋਂ ਕਾਫੀ ਦੂਰ ਧੱਕਣ ਵਿਚ ਅਹਿਮ ਰੋਲ ਅਦਾ ਕੀਤਾ। ਇਸੇ ਹੀ ਪਾਰਟੀ ਤੋਂ ਵੱਖ ਹੋ ਕੇ ਡਾ. ਧਰਮਵੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਅੱਜ ਦੂਜੇ ਧੜਿਆਂ ਲਈ ਵੰਗਾਰ ਬਣ ਕੇ ਸਾਹਮਣੇ ਆ ਚੁੱਕੇ ਹਨ।