ਐਮਸਟਰਡੈਮ ਦੇ ਹਵਾਈ ਅੱਡੇ ''ਤੇ ਫਸੇ 113 ਭਾਰਤੀ ਅੱਜ ਪਰਤਣਗੇ ਦੇਸ਼

03/22/2020 9:00:06 PM

ਚੰਡੀਗੜ੍ਹ— ਭਾਰਤੀ ਨਾਗਰਿਕਾਂ ਨੂੰ ਕੋਵਿਡ-19 ਤੋਂ ਬਚਣ ਲਈ ਸਰਕਾਰ ਵੱਲੋਂ ਤੈਅ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਅਤੇ ਐਨ.ਆਰ.ਆਈ ਮਾਮਲਿਆਂ ਸਬੰਧੀ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਮਸਟਰਡਮ ਦੇ ਹਵਾਈ ਅੱਡੇ ਤੇ ਫਸੇ 113 ਭਾਰਤੀ ਨਾਗਰਿਕ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਇਹ ਭਾਰਤੀ ਨਾਗਰਿਕ ਅਮਰੀਕਾ ਤੋਂ ਵਾਪਸੀ ਕਰਦਿਆਂ ਇਥੇ ਫਸ ਗਏ ਸਨ।
ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਉਣ ਦੇ ਕੀਤੇ ਗਏ ਫੈਸਲੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਨੇ ਖੁਦ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਬਹੁਤ ਜ਼ੋਰ-ਸ਼ੋਰ ਨਾਲ ਚੁੱਕਿਆ ਸੀ ਅਤੇ ਇਸ ਸਬੰਧੀ ਕੇਂਦਰੀ ਮੰਤਰੀਆਂ ਨਾਲ ਗਲਬਾਤ ਕੀਤੀ ਸੀ ਜਿਨ੍ਹਾਂ ਵਿਚ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨਾ ਕੇਵਲ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਗੰਭੀਰ ਯਤਨਾਂ ਨੂੰ ਤਸਲੀਮ ਕੀਤਾ ਸਗੋਂ ਇਨ੍ਹਾਂ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਵਾਅਦਾ ਵੀ ਕੀਤਾ ਸੀ। ਇਥੇ ਇਹ ਦੱਸਣਾ ਮੁਨਾਸਿਬ ਹੈ ਕਿ ਇਹ ਸਾਰੇ ਭਾਰਤੀ ਨਾਗਰਿਕ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਐਮਸਟਰਡੈਮ ਦੇ ਹਵਾਈ ਅੱਡੇ ਤੇ ਫਸ ਗਏ ਸਨ ਅਤੇ ਭਾਰਤ ਸਰਕਾਰ ਨੂੰ ਆਪਣੇ ਬਚਾਉ ਲਈ ਅਪੀਲਾਂ ਕਰ ਰਹੇ ਸਨ ਅਤੇ  ਦੋਸ਼ ਲਗਾ ਰਹੇ ਸਨ ਕਿ ਜਦੋਂ ਉਹ ਨਵੀਂ ਦਿੱਲੀ ਹਵਾਈ ਅੱਡੇ ਤੋਂ 2 ਘੰਟੇ ਦੀ ਦੂਰੀ ਤੇ ਸਨ ਤਾਂ ਅਥਾਰਟੀ ਨੇ ਉਨ੍ਹਾਂ ਦੇ ਹਵਾਈ ਜਹਾਜ਼ ਨੂੰ ਭਾਰਤੀ ਜ਼ਮੀਨ ਤੇ ਉਤਰਨ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੇ ਜਹਾਜ਼ ਨੂੰ ਅੱਧ ਹਵਾਈ ਰਸਤਿਓਂ ਵਾਪਸ ਮੁੜਨਾ ਪਿਆ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਸੰਭਾਵੀ ਖਤਰੇ ਨੂੰ ਟਾਲਣ ਲਈ ਸਾਰੀਆਂ ਅੰਤਰ ਰਾਸ਼ਟਰੀ ਉਡਾਨਾ ਦੇ ਭਾਰਤੀ ਹਵਾਈ ਖੇਤਰ ਵਿਚ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਨੂੰ ਚੁੱਕਣ ਤੋਂ ਬਾਅਦ ਇਸ ਨੂੰ ਵਿਸ਼ੇਸ਼ ਮਾਮਲਾ ਮੰਨਦਿਆਂ ਭਾਰਤ ਵਿਚ ਦਾਖਲੇ ਦੀ ਪ੍ਰਵਾਨਗੀ ਦੇ ਦਿੱਤੀ ਹੈ।

Bharat Thapa

This news is Content Editor Bharat Thapa