11 ਮਹੀਨੇ ਬੀਤੇ; ਨਹੀਂ ਸ਼ੁਰੂ ਹੋਇਆ ਖਰੀਦ ਕੇਂਦਰ ਭਰਤਗੜ੍ਹ ਦਾ ਨਿਰਮਾਣ

11/17/2017 7:46:44 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਭਰਤਗੜ੍ਹ ਵਿਖੇ ਫੋਕਲ ਪੁਆਇੰਟ ਤੇ ਪੱਕੀ ਦਾਣਾ ਮੰਡੀ ਨਾ ਹੋਣ ਕਾਰਨ ਇਸ ਇਲਾਕੇ ਦੇ ਕਿਸਾਨਾਂ ਨੂੰ ਆਪਣੀ ਫਸਲ ਆਰਜ਼ੀ ਮੰਡੀ 'ਚ ਮਿੱਟੀ 'ਤੇ ਤਰਪਾਲਾਂ ਵਿਛਾ ਕੇ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪੰਜਾਬ ਵਿਚ ਕਈ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਭਰਤਗੜ੍ਹ ਵਿਖੇ ਫੋਕਲ ਪੁਆਇੰਟ ਅਤੇ ਦਾਣਾ ਮੰਡੀ ਬਣਾਉਣ ਵੱਲ ਧਿਆਨ ਨਹੀਂ ਦਿੱਤਾ, ਸਿਰਫ਼ ਆਪਣੀ ਸਰਕਾਰ ਦੇ ਆਖਰੀ ਸਾਲ ਵਿਚ ਲੋਕਾਂ ਦੀਆਂ ਵੋਟਾਂ ਇਕੱਠੀਆਂ ਕਰਨ ਲਈ ਨੀਂਹ ਪੱਥਰ ਰੱਖ ਕੇ ਹੀ ਕੰਮ ਸਾਰਦੀਆਂ ਰਹੀਆਂ। ਇਸ ਸਮੇਂ ਮਾਰਕੀਟ ਕਮੇਟੀ ਰੋਪੜ ਵੱਲੋਂ ਭਰਤਗੜ੍ਹ ਵਿਖੇ ਕਿਰਾਏ ਦੀ ਜ਼ਮੀਨ 'ਤੇ ਆਰਜ਼ੀ ਦਾਣਾ ਮੰਡੀ ਚਲਾਈ ਜਾ ਰਹੀ ਹੈ। ਪੰਜਾਬ ਮੰਡੀ ਬੋਰਡ ਨੂੰ ਭਰਤਗੜ੍ਹ ਦੀ ਇਸ ਆਰਜ਼ੀ ਦਾਣਾ ਮੰਡੀ ਤੋਂ ਮਾਰਕੀਟ ਫੀਸ ਦੇ ਹਿਸਾਬ ਨਾਲ ਸਾਲਾਨਾ 25 ਲੱਖ ਤੋਂ ਵੱਧ ਦੀ ਆਮਦਨ ਹੋ ਜਾਂਦੀ ਹੈ।
ਪੰਚਾਇਤ ਕਮਾਈ ਵਾਲੇ ਅਦਾਰੇ ਨੂੰ ਨਹੀਂ ਦੇ ਸਕਦੀ ਮੁਫ਼ਤ ਜ਼ਮੀਨ : ਸਾਬਕਾ ਸਰਪੰਚ 
ਇਸ ਸੰਬੰਧੀ ਭਰਤਗੜ੍ਹ ਦੀ ਪੰਚਾਇਤ ਦੇ ਸਾਬਕਾ ਸਰਪੰਚ ਯੋਗੇਸ਼ ਪੁਰੀ ਦਾ ਕਹਿਣਾ ਹੈ ਕਿ ਉਨ੍ਹਾਂ ਸਾਲ 2012-13 ਵਿਚ ਦਾਣਾ ਮੰਡੀ ਬਣਾਉਣ ਲਈ 30 ਹਜ਼ਾਰ ਰੁਪਏ ਪ੍ਰਤੀ ਏਕੜ ਸਾਲਾਨਾ ਜਾਂ ਆਮਦਨ ਦਾ 10% ਹਿੱਸਾ ਦੇਣ ਦੀ ਸ਼ਰਤ 'ਤੇ ਪੰਜਾਬ ਮੰਡੀ ਬੋਰਡ ਨੂੰ ਲੀਜ਼ 'ਤੇ ਜ਼ਮੀਨ ਦੇਣ ਦਾ ਮਤਾ ਪਾਇਆ ਸੀ। ਪੰਚਾਇਤੀ ਐਕਟ ਅਨੁਸਾਰ ਪੰਚਾਇਤ ਜਨ ਹਿੱਤ ਵਿਚ ਸਰਕਾਰੀ ਸਕੂਲ, ਹਸਪਤਾਲ ਜਾਂ ਪਸ਼ੂ ਹਸਪਤਾਲ ਨੂੰ ਮੁਫ਼ਤ ਜ਼ਮੀਨ ਦੇ ਸਕਦੀ ਹੈ ਪਰ ਕਮਾਈ ਕਰਨ ਵਾਲੇ ਕਿਸੇ ਵੀ ਅਦਾਰੇ ਨੂੰ ਮੁਫ਼ਤ ਜ਼ਮੀਨ ਨਹੀਂ ਦੇ ਸਕਦੀ। ਪੰਜਾਬ ਮੰਡੀ ਬੋਰਡ ਮਾਰਕੀਟ ਫੀਸ ਲੈ ਕੇ ਕਮਾਈ ਕਰਦਾ ਹੈ, ਇਸ ਲਈ ਮੌਜੂਦਾ ਪੰਚਾਇਤ ਨੇ ਪੰਜਾਬ ਮੰਡੀ ਬੋਰਡ ਨੂੰ ਮੁਫ਼ਤ ਜ਼ਮੀਨ ਦੇ ਕੇ ਪੰਚਾਇਤੀ ਨਿਯਮਾਂ ਵਿਰੁੱਧ ਕੰਮ ਕੀਤਾ ਹੈ।
'ਖਰੀਦ ਕੇਂਦਰ ਬਣਾਉਣ ਲਈ ਮੰਡੀ ਬੋਰਡ ਨੂੰ 25 ਲੱਖ ਰੁਪਏ ਦਿੱਤੇ'
ਜ਼ਿਲਾ ਮੰਡੀ ਅਫਸਰ ਜਸਵੀਰ ਕੌਰ ਨੇ ਕਿਹਾ ਕਿ ਮੇਰੇ ਆਉਣ ਤੋਂ ਪਹਿਲਾਂ ਭਰਤਗੜ੍ਹ ਵਿਖੇ ਫਸਲ ਲਈ ਖਰੀਦ ਕੇਂਦਰ ਬਣਾਉਣ ਲਈ ਮਾਰਕੀਟ ਕਮੇਟੀ ਰੋਪੜ ਵੱਲੋਂ ਪੰਜਾਬ ਮੰਡੀ ਬੋਰਡ ਨੂੰ 10 ਲੱਖ ਰੁਪਏ ਦਿੱਤੇ ਗਏ ਸਨ ਤੇ ਹੁਣ ਵੀ ਸਾਡੇ ਵੱਲੋਂ 15 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਮਿਲਾ ਕੇ 25 ਲੱਖ ਰੁਪਏ ਬਣ ਜਾਂਦੇ ਹਨ। ਪੰਜਾਬ ਮੰਡੀ ਬੋਰਡ ਵੱਲੋਂ ਹੀ ਖਰੀਦ ਕੇਂਦਰ ਬਣਾਇਆ ਜਾਵੇਗਾ।
ਟੈਂਡਰ ਲਾ ਰਹੇ ਹਾਂ : ਐਕਸੀਅਨ ਤੇ ਐੱਸ. ਡੀ. ਓ.
ਪੰਜਾਬ ਮੰਡੀ ਬੋਰਡ ਦੇ ਐਕਸੀਅਨ ਜਸਪਾਲ ਸਿੰਘ ਤੇ ਐੱਸ. ਡੀ. ਓ. ਗੁਰਮੀਤ ਸਿੰਘ ਨੇ ਕਿਹਾ ਭਰਤਗੜ੍ਹ ਵਿਖੇ ਖਰੀਦ ਕੇਂਦਰ ਬਣਾਉਣ ਲਈ ਉਨ੍ਹਾਂ ਵੱਲੋਂ ਟੈਂਡਰ ਲਾਇਆ ਜਾ ਰਿਹਾ ਹੈ। ਇਸ ਖਰੀਦ ਕੇਂਦਰ 'ਤੇ 36 ਲੱਖ ਰੁਪਏ ਦਾ ਖਰਚਾ ਆਵੇਗਾ ਤੇ ਇਸ ਵਿਚ ਮਿੱਟੀ ਦੀ ਭਰਤ ਭਰਤਗੜ੍ਹ ਦੀ ਪੰਚਾਇਤ ਵੱਲੋਂ ਜਾਂ ਇਲਾਕੇ ਦੇ ਕਿਸਾਨਾਂ ਵੱਲੋਂ ਆਪਣੇ ਪੱਧਰ 'ਤੇ ਪੁਆਈ ਜਾਵੇਗੀ। ਮਾਰਕੀਟ ਕਮੇਟੀ ਰੂਪਨਗਰ ਵੱਲੋਂ ਸਾਡੇ ਕੋਲ 25 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਗਏ ਹਨ। ਦੂਜੇ ਪਾਸੇ ਇਲਾਕੇ ਦੇ ਕਿਸਾਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਹਲਕਾ ਵਿਧਾਇਕ ਰਾਣਾ ਕੇ.ਪੀ. ਸਿੰਘ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਭਰਤਗੜ੍ਹ ਦੇ ਅਨਾਜ ਖਰੀਦ ਕੇਂਦਰ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਕਿਸਾਨ ਆਪਣੀ ਫਸਲ ਨੂੰ ਮਿੱਟੀ 'ਚ ਸੁੱਟਣ ਲਈ ਮਜਬੂਰ ਨਾ ਹੋਣ।
ਮਾ. ਤਾਰਾ ਸਿੰਘ ਲਾਡਲ ਨੇ ਰੱਖਿਆ ਸੀ ਫੋਕਲ ਪੁਆਇੰਟ ਦਾ ਨੀਂਹ ਪੱਥਰ
ਅਕਾਲੀ-ਭਾਜਪਾ ਸਰਕਾਰ ਸਮੇਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਭਰਤਗੜ੍ਹ ਵਿਖੇ ਫੋਕਲ ਪੁਆਇੰਟ ਬਣਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਉਸ ਸਮੇਂ ਦੇ ਵਿਧਾਇਕ ਮਾ. ਤਾਰਾ ਸਿੰਘ ਲਾਡਲ ਨੇ 30 ਅਗਸਤ 1997 ਨੂੰ ਇਸ ਦਾ ਨੀਂਹ ਪੱਥਰ ਰੱਖਿਆ ਸੀ ਪਰ 19 ਸਾਲਾਂ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਭਰਤਗੜ੍ਹ ਦੇ ਵਾਸੀਆਂ ਨੂੰ ਫੋਕਲ ਪੁਆਇੰਟ ਨਸੀਬ ਨਹੀਂ ਹੋਇਆ। ਹੁਣ ਇਸ ਦੇ ਬਣਨ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ। ਭਰਤਗੜ੍ਹ ਦੀ ਪੰਚਾਇਤ ਦੀ ਸ਼ਾਮਲਾਟ ਜ਼ਮੀਨ 'ਚ ਸਿਰਫ਼ ਫੋਕਲ ਪੁਆਇੰਟ ਦਾ ਨੀਂਹ ਪੱਥਰ ਹੀ ਲੱਗਾ ਰਹਿ ਗਿਆ ਹੈ।
ਮਦਨ ਮੋਹਨ ਮਿੱਤਲ ਨੇ ਰੱਖਿਆ ਖਰੀਦ ਕੇਂਦਰ ਦਾ ਨੀਂਹ ਪੱਥਰ 
ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਿਚ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਫੋਕਲ ਪੁਆਇੰਟ ਦੀ ਬਜਾਏ ਪੰਜਾਬ ਮੰਡੀ ਬੋਰਡ ਵੱਲੋਂ ਭਰਤਗੜ੍ਹ ਦੀ ਪੰਚਾਇਤ ਵੱਲੋਂ ਦਿੱਤੀ ਗਈ ਮੁਫ਼ਤ ਜ਼ਮੀਨ 'ਤੇ ਖਰੀਦ ਕੇਂਦਰ ਬਣਾਉਣ ਲਈ 23 ਦਸੰਬਰ 2016 ਨੂੰ ਨੀਂਹ ਪੱਥਰ ਰੱਖਿਆ ਸੀ ਪਰ ਇਸ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ।