ਅਕਾਲੀ ਸਰਪੰਚ ਦੇ ਪੁੱਤਰ ਤੇ ਗੈਂਗਸਟਰ ਜੱਗੂ ਸਮੇਤ 11 ਹੈਰੋਇਨ ਸਮੱਗਲਰ ਗ੍ਰਿਫਤਾਰ

07/19/2017 5:40:41 AM

ਅੰਮ੍ਰਿਤਸਰ,  (ਅਰੁਣ)-   ਐੱਸ. ਟੀ. ਐੱਫ. ਪੰਜਾਬ ਦੀ ਪੁਲਸ ਨੇ 3 ਵੱਖ-ਵੱਖ ਛਾਪੇਮਾਰੀਆਂ ਦੌਰਾਨ ਅਕਾਲੀ ਸਰਪੰਚ ਦੇ ਲੜਕੇ ਅਤੇ ਇਕ ਔਰਤ ਸਮੇਤ 11 ਹੈਰੋਇਨ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਐੱਸ. ਟੀ. ਐੱਫ. ਵੱਲੋਂ ਚਲਾਈ ਗਈ ਇਸ ਮੁਹਿੰਮ ਦੌਰਾਨ ਕੇਂਦਰੀ ਜੇਲ ਫਤਾਹਪੁਰ 'ਚੋਂ ਨਸ਼ਾ ਸਮੱਗਲਿੰਗ ਦੇ ਚਲਾਏ ਜਾ ਰਹੇ ਨੈੱਟਵਰਕ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਇਨ੍ਹਾਂ 11 ਸਮੱਗਲਰਾਂ ਦੇ ਕਬਜ਼ੇ 'ਚੋਂ 1 ਕਿਲੋ 58 ਗ੍ਰਾਮ ਹੈਰੋਇਨ ਤੋਂ ਇਲਾਵਾ 2 ਕਾਰਾਂ ਕਬਜ਼ੇ ਵਿਚ ਲਈਆਂ ਹਨ।
ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਐੱਸ. ਟੀ. ਐੱਫ. ਬਾਰਡਰ ਰੇਂਜ ਦੇ ਸਹਾਇਕ ਇੰਸਪੈਕਟਰ ਜਨਰਲ ਰਸ਼ਪਾਲ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਦਵਿੰਦਰ ਸਿੰਘ ਤੇ ਡੀ. ਐੱਸ. ਪੀ. ਬਾਲ ਕ੍ਰਿਸ਼ਨ ਸਿੰਗਲਾ ਦੀ ਅਗਵਾਈ ਹੇਠ ਇੰਸਪੈਕਟਰ ਸੁਖਵਿੰਦਰ ਰੰਧਾਵਾ ਤੇ ਇੰਸਪੈਕਟਰ ਅਰੁਣ ਸ਼ਰਮਾ ਦੀ ਟੀਮ ਵੱਲੋਂ ਕੇਂਦਰੀ ਜੇਲ ਅੰਦਰੋਂ ਚਲਾਏ ਜਾ ਰਹੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਜੇਲ ਵਿਚ ਬੰਦ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਚਲਾਏ ਜਾ ਰਹੇ ਮੋਬਾਇਲ ਨੈੱਟਵਰਕਿੰਗ ਰਾਹੀਂ ਨਸ਼ਾ ਸਮੱਗਲਿੰਗ ਕਰਨ ਵਾਲੇ ਉਸ ਦੇ 5 ਸਾਥੀਆਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਐਕਸ. ਯੂ. ਵੀ. ਗੱਡੀ ਨੰ. ਪੀ ਬੀ 02 ਸੀ ਐੱਚ 6100 'ਚ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਸਨ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਸੰਦੀਪ ਸਿੰਘ ਪੁੱਤਰ ਝਿਰਮਲ ਸਿੰਘ, ਮਨਦੀਪ ਸਿੰਘ ਪੁੱਤਰ ਝਿਰਮਲ ਸਿੰਘ ਵਾਸੀ ਰਸੂਲਪੁਰ, ਗੜਗਜਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੋਟਲਾ ਡੂਮ, ਬਚਿੱਤਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਜਠੌਲ ਤੇ ਗੁਰਸੇਵਕ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਜਠੌਲ ਦੇ ਕਬਜ਼ੇ 'ਚੋਂ 500 ਗ੍ਰਾਮ ਹੈਰੋਇਨ ਅਤੇ ਐਕਸ. ਯੂ. ਵੀ. ਗੱਡੀ ਕਬਜ਼ੇ ਵਿਚ ਲੈ ਕੇ ਪੁਲਸ ਨੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਐੱਸ. ਟੀ. ਐੱਫ. ਦੀ ਇਕ ਵੱਖਰੀ ਟੀਮ ਵੱਲੋਂ ਨਾਕਾਬੰਦੀ ਕਰਦਿਆਂ ਪੂਹਲਾ ਗਿਰੋਹ ਦੇ 5 ਸਮੱਗਲਰ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ, ਨੂੰ ਗ੍ਰਿਫਤਾਰ ਕਰਦਿਆਂ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਈਟੀਅਸ ਕਾਰ ਨੰ. ਪੀ ਬੀ 01 ਏ 5396 ਅਤੇ 58 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਪੁਲਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਹਰਪਾਲ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਹਰਿਗੋਬਿੰਦ ਐਵੀਨਿਊ ਛੇਹਰਟਾ ਤੇ ਨਰਿੰਦਰ ਸਿੰਘ ਮੋਹਨੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਾਬਾ ਜੀਵਨ ਸਿੰਘ ਕਾਲੋਨੀ ਛੇਹਰਟਾ ਦੇ ਕਬਜ਼ੇ 'ਚੋਂ 40 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰ ਲਿਆ। ਮੁੱਢਲੀ ਪੁੱਛਗਿੱਛ ਵਿਚ ਇਨ੍ਹਾਂ ਮੁਲਜ਼ਮਾਂ ਨੇ ਮੰਨਿਆ ਕਿ ਇਹ ਹੈਰੋਇਨ ਇਕ ਔਰਤ ਕੋਲੋਂ ਖਰੀਦੀ ਹੈ। ਪੁਲਸ ਨੇ ਛਾਪੇਮਾਰੀ ਕਰਦਿਆਂ ਉਕਤ ਔਰਤ ਮਨਮੀਤ ਕੌਰ ਵਾਸੀ ਤਰਨਤਾਰਨ ਰੋਡ ਉਸ ਦੇ ਜੀਜੇ ਸਿਮਰਨਜੀਤ ਸਿੰਘ ਪੂਹਲਾ ਜੋ ਕਿ ਪੂਹਲਾ ਗਿਰੋਹ ਦਾ ਸਰਗਣਾ ਹੈ ਅਤੇ ਗਿਰੋਹ ਦੇ ਇਕ ਹੋਰ ਮੈਂਬਰ ਸੌਰਵ ਕੁਮਾਰ ਵਿੱਕੀ ਪੁੱਤਰ ਵਿਪਨ ਕੁਮਾਰ ਵਾਸੀ ਜੋਧਪੁਰ ਹਾਲ ਤਰਨਤਾਰਨ ਰੋਡ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 18 ਗ੍ਰਾਮ ਹੈਰੋਇਨ ਪੁਲਸ ਨੇ ਬਰਾਮਦ ਕਰ ਲਈ। ਮੁੱਢਲੀ ਪੁੱਛਗਿੱਛ ਵਿਚ ਇਨ੍ਹਾਂ ਮੁਲਜ਼ਮਾਂ ਨੇ ਮੰਨਿਆ ਕਿ ਉਹ ਦਿੱਲੀ ਤੋਂ ਕਿਸੇ ਨੀਗਰੋ ਕੋਲੋਂ ਹੈਰੋਇਨ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਐੱਸ. ਟੀ. ਐੱਫ. ਅਤੇ ਐੱਨ. ਸੀ. ਬੀ. ਦੀ ਟੀਮ ਨੇ ਨਾਕਾਬੰਦੀ ਕਰਦਿਆਂ ਅਜਨਾਲਾ ਖੇਤਰ ਨੇੜੇ ਆ ਰਹੇ ਨਸ਼ਾ ਸਮੱਗਲਰ ਗੱਜਣ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨੰਗਲ ਅੰਬ ਦੇ ਕਬਜ਼ੇ 'ਚੋਂ 500 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਪੁਲਸ ਨੇ ਥਾਣਾ ਅਜਨਾਲਾ ਵਿਖੇ ਮਾਮਲਾ ਦਰਜ ਕਰ ਲਿਆ। ਗ੍ਰਿਫਤਾਰ ਕੀਤਾ ਗਿਆ ਇਹ ਸਮੱਗਲਰ ਨੰਗਲ ਅੰਬ ਵਾਸੀ ਅਜੀਤ ਸਿੰਘ ਅਕਾਲੀ ਸਰਪੰਚ ਦਾ ਲੜਕਾ ਹੈ। ਏ. ਆਈ. ਜੀ. ਰਸ਼ਪਾਲ ਸਿੰਘ ਨੇ ਦੱਸਿਆ ਕਿ ਗੱਜਣ ਸਿੰਘ ਦੇ ਪਾਕਿਸਤਾਨ ਬੈਠੇ ਨਸ਼ਾ ਸਮੱਗਲਰਾਂ ਨਾਲ ਨੇੜਲੇ ਸੰਬੰਧ ਕਾਇਮ ਹੋਣ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਹੋਵੇਗੀ ਪੁੱਛਗਿੱਛ : ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਬੋਲਦਿਆਂ ਐੱਸ. ਟੀ. ਐੱਫ. ਬਾਰਡਰ ਰੇਂਜ ਦੇ ਏ. ਆਈ. ਜੀ. ਰਸ਼ਪਾਲ ਸਿੰਘ ਨੇ ਦੱਸਿਆ ਕਿ ਜੇਲ ਅੰਦਰੋਂ ਨਸ਼ੀਲਾ ਨੈੱਟਵਰਕ ਚਲਾ ਰਹੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਮਗਰੋਂ ਪੁਲਸ ਵੱਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।